ਨਵੀਂ ਦਿੱਲੀ— ਕੋਰੋਨਾ ਵਾਇਰਸ ਕਾਰਨ ਚੀਨ 'ਚ ਇਸ ਸਮੇਂ ਹਾਹਾਕਾਰ ਮਚੀ ਹੋਈ ਹੈ। ਇਸ ਵਾਇਰਸ ਕਾਰਨ ਦੁਨੀਆ ਭਰ ਦੇ ਦੇਸ਼ਾਂ 'ਚ ਦਹਿਸ਼ਤ ਹੈ, ਕਿਉਂਕਿ ਇਹ ਵਾਇਰਸ 25 ਦੇਸ਼ਾਂ 'ਚ ਦਸਤਕ ਦੇ ਚੁੱਕਾ ਹੈ। ਵਾਇਰਸ ਦਾ ਜ਼ਿਆਦਾ ਅਸਰ ਚੀਨ ਦੇ ਸ਼ਹਿਰ ਵੁਹਾਨ 'ਚ ਹੈ। ਵੁਹਾਨ ਤੋਂ ਕਰੀਬ 600 ਤੋਂ ਜ਼ਿਆਦਾ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਗਿਆ ਹੈ। ਭਾਰਤੀਆਂ ਦੀ ਸਫਲ ਵਾਪਸੀ ਤੋਂ ਬਾਅਦ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਇਕ ਟਵੀਟ ਦਾ ਇਕ ਸਕ੍ਰੀਨ ਸ਼ਾਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਿਆ ਹੈ। ਦਰਅਸਲ ਮਰਹੂਮ ਸੁਸ਼ਮਾ ਸਵਰਾਜ ਨੇ ਕਿਹਾ ਸੀ ਕਿ ਜੇਕਰ ਕੋਈ ਮੰਗਲ 'ਤੇ ਵੀ ਫਸ ਗਿਆ ਹੋਵੇਗਾ ਤਾਂ ਉੱਥੋਂ ਵੀ ਭਾਰਤੀ ਦੂਤਘਰ ਉਸ ਦੀ ਮਦਦ ਕਰੇਗਾ।
ਸੁਸ਼ਮਾ ਦਾ ਜੋ ਟਵੀਟ ਵਾਇਰਲ ਹੋ ਰਿਹਾ ਹੈ, ਉਹ ਜੂਨ 2017 ਦਾ ਹੈ। ਇਸ ਟਵੀਟ 'ਚ ਕਰਨ ਸੈਨੀ ਨਾਮੀ ਯੂਜ਼ਰ ਨੇ ਸੁਸ਼ਮਾ ਨੂੰ ਟੈਗ ਕੀਤਾ ਸੀ। ਸੁਸ਼ਮਾ ਦਾ ਕਰੀਬ 3 ਸਾਲ ਪੁਰਾਣਾ ਟਵੀਟ ਐਤਵਾਰ ਭਾਵ ਕੱਲ ਉਸ ਸਮੇਂ ਚਰਚਾ 'ਚ ਆ ਗਿਆ, ਜਦੋਂ ਉਨ੍ਹਾਂ ਦੇ ਜੂਨੀਅਰ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਬੌਸ ਦੇ ਅੰਦਾਜ਼ 'ਚ ਇਕ ਬਿਆਨ ਜਾਰੀ ਕੀਤਾ। ਜੈਸ਼ੰਕਰ ਨੇ ਨਵੀਂ ਦਿੱਲੀ 'ਚ ਆਯੋਜਿਤ ਇਕ ਪ੍ਰੋਗਰਾਮ ਵਿਚ ਕਿਹਾ ਕਿ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਜੇਕਰ ਕਿਸੇ ਭਾਰਤੀ ਨੂੰ ਤਕਲੀਫ ਹੋਵੇਗੀ ਤਾਂ ਅਸੀਂ ਉਸ ਦੀ ਦੇਖਭਾਲ ਕਰਾਂਗੇ।
ਜੈਸ਼ੰਕਰ ਨੇ ਅੱਗੇ ਕਿਹਾ ਕਿ ਇਸ ਗੱਲ ਨੂੰ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਇਸ ਸਰਕਾਰ 'ਚ ਅਸੀਂ ਇਕ ਅਜਿਹਾ ਸਿਸਟਮ ਤਿਆਰ ਕਰ ਲਿਆ ਹੈ, ਜਿਸ 'ਚ ਅਸੀਂ ਹਰ ਭਾਰਤੀ ਲਈ ਹਰ ਪਲ ਮੌਜੂਦ ਹਾਂ। ਲੋਕ ਪੂਰੇ ਆਤਮਵਿਸ਼ਵਾਸ ਨਾਲ ਸਾਡੇ ਕੋਲ ਆ ਸਕਦੇ ਹਨ, ਜੇਕਰ ਉਨ੍ਹਾਂ ਨੂੰ ਕੁਝ ਵੀ ਹੋਇਆ ਹੈ ਤਾਂ ਅਸੀਂ ਉਨ੍ਹਾਂ ਤਕ ਜ਼ਰੂਰ ਪਹੁਚਾਂਗੇ। ਦੱਸਣਯੋਗ ਹੈ ਕਿ ਵੁਹਾਨ ਤੋਂ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਏਅਰ ਇੰਡੀਆ ਦੀ ਸਪੈਸ਼ਲ ਫਲਾਈਟ ਤੋਂ 647 ਭਾਰਤੀਆਂ ਨੂੰ ਵਾਪਸ ਭਾਰਤ ਲਿਆਂਦਾ ਗਿਆ ਹੈ। ਇਨ੍ਹਾਂ 'ਚ 7 ਨਾਗਰਿਕ ਮਾਲਦੀਵ ਦੇ ਵੀ ਹਨ।
ਰਾਹੁਲ ਦਾ ਮੋਦੀ 'ਤੇ ਤੰਜ਼- ਤੁਹਾਡੀ ਜਾਦੂਈ ਕਸਰਤ ਨਾਲ ਅਰਥਵਿਵਸਥਾ ਨੂੰ ਮਿਲ ਸਕਦੀ ਹੈ ਰਫਤਾਰ
NEXT STORY