ਪਟਨਾ (ਭਾਸ਼ਾ) - ਬਿਹਾਰ ’ਚ ਸ਼ੁੱਕਰਵਾਰ ਇਸ ਗੱਲ ਦਾ ਰਾਜ਼ ਖੁੱਲ੍ਹੇਗਾ ਕਿ ਸੱਤਾ ਦਾ ਤਾਜ ਕਿਸ ਦੇ ਸਿਰ ’ਤੇ ਸਜੇਗਾ। ਬਿਹਾਰ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਤੋਂ ਇਕ ਦਿਨ ਪਹਿਲਾਂ ਵੀਰਵਾਰ ਨੂੰ ਸਿਆਸੀ ਪਾਰਟੀਆਂ ਨੇ ਆਪਣੇ ਪੱਧਰ ’ਤੇ ਸਥਿਤੀ ਦੀ ਵਿਆਪਕ ਸਮੀਖਿਆ ਕੀਤੀ ਅਤੇ ਭਵਿੱਖ ਦੀ ਰਣਨੀਤੀ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਪੂਰੇ ਸੂਬੇ ’ਚ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹਨ ਕਿ ਕੀ ਬਿਹਾਰ ’ਚ ਸਭ ਤੋਂ ਲੰਬੇ ਸਮੇਂ ਤੱਕ ਸ਼ਾਸਨ ਕਰਨ ਵਾਲੇ ਮੁੱਖ ਮੰਤਰੀ ਨਿਤੀਸ਼
ਕੁਮਾਰ ਰਿਕਾਰਡ ਪੰਜਵੀਂ ਵਾਰ ਸੰਤਾ ਸੰਭਾਲਣਗੇ ਜਾਂ ਮਹਾਗੱਠਜੋੜ ਜਿੱਤ ਪ੍ਰਾਪਤ ਕਰੇਗਾ। ਮਹਾਗੱਠਜੋੜ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਅਤੇ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਨੇਤਾ ਤੇਜਸਵੀ ਯਾਦਵ ਨੇ ਦਾਅਵਾ ਕੀਤਾ ਕਿ ਪਾਰਟੀ ਵਰਕਰ ਅਤੇ ਜਨਤਾ ‘ਵੋਟਾਂ ਦੀ ਗਿਣਤੀ ਦੌਰਾਨ ਕਿਸੇ ਵੀ ਗੈਰ-ਸੰਵਿਧਾਨਕ ਗਤੀਵਿਧੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ’ ਹਨ।
ਉਥੇ ਹੀ ਰਾਜਦ ਦੇ ਇਕ ਹੋਰ ਨੇਤਾ ਸੁਨੀਲ ਕੁਮਾਰ ਸਿੰਘ ਨੇ ਚਿਤਾਵਨੀ ਦਿੱਤੀ ਕਿ ਜੇ 2020 ਦੀ ਤਰ੍ਹਾਂ ਵੋਟਾਂ ਦੀ ਗਿਣਤੀ ’ਚ ਵਿਘਨ ਪਾਇਆ ਤਾਂ ਸੜਕਾਂ ’ਤੇ ਨੇਪਾਲ ਵਰਗੀ ਸਥਿਤੀ ਦੇਖਣ ਨੂੰ ਮਿਲੇਗੀ। ਭਾਜਪਾ ਨੇ ਇਸ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਰਾਜਦ ਨੇਤਾਵਾਂ ਦੇ ਬਿਆਨ ਉਨ੍ਹਾਂ ਦੀ ਨਿਰਾਸ਼ਾ ਨੂੰ ਦਰਸਾਉਂਦੇ ਹਨ ਕਿਉਂਕਿ ਜਨਤਾ ਈ. ਵੀ. ਐੱਮ. ’ਚ ਆਪਣੀ ਮੋਹਰ ਲਾ ਚੁੱਕੀ ਹੈ ਅਤੇ ‘ਇਕ ਵਾਰ ਫਿਰ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐੱਨ.ਡੀ.ਏ.) ਨੂੰ ਸੱਤਾ ਸੌਂਪਣ ਦਾ ਮਨ ਬਣਾ ਚੁੱਕੀ ਹੈ। ਸੂਬਾ ਭਾਜਪਾ ਪ੍ਰਧਾਨ ਦਿਲੀਪ ਜੈਸਵਾਲ ਨੇ ਕਿਹਾ ਕਿ ਸੀਨੀਅਰ ਨੇਤਾ ਗਿਣਤੀ ਕੇਂਦਰਾਂ ’ਤੇ ਤਾਇਨਾਤ ਕਰਮਚਾਰੀਆਂ ਨਾਲ ਲਗਾਤਾਰ ਸੰਪਰਕ ਵਿਚ ਹਨ।
ਚੋਣ ਕਮਿਸ਼ਨ ਦੇ ਅਨੁਸਾਰ ਸੂਬੇ ਦੇ 38 ਜ਼ਿਲਿਆਂ ’ਚ ਬਣਾਏ ਗਏ ਕੁੱਲ 46 ਕਾਊਂਟਿੰਗ ਸੈਂਟਰਾਂ ’ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। 6 ਅਤੇ 11 ਨਵੰਬਰ ਨੂੰ 2 ਪੜਾਵਾਂ ’ਚ ਹੋਈਆਂ ਚੋਣਾਂ ’ਚ 7.45 ਕਰੋੜ ਵੋਟਰਾਂ ਨੇ 2,616 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਤੈਅ ਕੀਤਾ ਸੀ। ਚੋਣ ਕਮਿਸ਼ਨ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਲਈ ਬਿਹਾਰ ਦੇ ਸਾਰੇ 243 ਵਿਧਾਨ ਸਭਾ ਹਲਕਿਆਂ ’ਚ ਵਿਆਪਕ ਪ੍ਰਬੰਧ ਕੀਤੇ ਗਏ ਹਨ।
ਗਿਣਤੀ ਕੇਂਦਰਾਂ ’ਤੇ ਦੋ-ਪੱਧਰੀ ਸੁਰੱਖਿਆ ਪ੍ਰਬੰਧ ਲਾਗੂ ਹਨ, ਜਿਸ ’ਚ ਅੰਦਰੂਨੀ ਘੇਰਾ ਪੈਰਾ ਮਿਲਟਰੀ ਫੋਰਸਾਂ ਅਤੇ ਬਾਹਰੀ ਘੇਰਾ ਸੂਬਾ ਪੁਲਸ ਦੇ ਹਵਾਲੇ ਹੈ। ਲੱਗਭਗ ਸਾਰੇ ਐਗਜ਼ਿਟ ਪੋਲਜ਼ ਨੇ ਜਨਤਾ ਦਲ (ਯੂਨਾਈਟਿਡ) ਅਤੇ ਭਾਜਪਾ ਦੇ ਗੱਠਜੋੜ ਐੱਨ.ਡੀ.ਏ. ਦੀ ਵੱਡੀ ਜਿੱਤ ਦੀ ਭਵਿੱਖਬਾਣੀ ਕੀਤੀ ਹੈ।
ਗਾਇਕਾ ਸ਼੍ਰੇਆ ਘੋਸ਼ਾਲ ਦੇ ਕਾਂਸਰਟ 'ਚ ਮਚੀ ਭਗਦੜ, ਕਈ ਲੋਕ ਹੋਏ ਬੇਹੋਸ਼
NEXT STORY