ਰੇਵਾੜੀ (ਭਾਸ਼ਾ)— ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿਚ ਅੱਤਵਾਦੀਆਂ ਨਾਲ ਮੁਕਾਬਲੇ ਵਿਚ ਸ਼ਹੀਦ ਹੋਏ ਹਰਿਆਣਾ ਦੇ ਰੇਵਾੜੀ ਦੇ ਸਿਪਾਹੀ ਹਰੀ ਸਿੰਘ ਦਾ ਮੰਗਲਵਾਰ ਨੂੰ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਪੁਲਵਾਮਾ ਦੇ ਪਿੰਗਲਾਨ ਇਲਾਕੇ ਵਿਚ ਸੋਮਵਾਰ ਨੂੰ ਸ਼ਹੀਦ ਹੋਏ ਜਵਾਨ ਹਰੀ ਸਿੰਘ ਦੀ ਮ੍ਰਿਤਕ ਦੇਹ ਤਿਰੰਗੇ 'ਚ ਲਿਪਟੇ ਤਾਬੂਤ 'ਚ ਫੌਜ ਦੇ ਇਕ ਵਾਹਨ ਤੋਂ ਉਨ੍ਹਾਂ ਦੇ ਜੱਦੀ ਪਿੰਡ ਰਾਜਗੜ੍ਹ ਲਿਆਂਦੀ ਗਈ। ਵੱਡੀ ਗਿਣਤੀ ਵਿਚ ਲੋਕਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਸ਼ਹੀਦ ਜਵਾਨ ਨੂੰ ਅੰਤਿਮ ਸ਼ਰਧਾਂਜਲੀ ਦੇਣ ਵਾਲਿਆਂ ਵਿਚ ਫੌਜ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਰਹੇ। ਫੌਜ ਨੇ ਹਰੀ ਸਿੰਘ ਨੂੰ ਸਲਾਮੀ ਦਿੱਤੀ, ਜਿਸ ਦੌਰਾਨ ਹਰ ਇਕ ਦੀਆਂ ਅੱਖਾਂ ਵਿਚ ਹੰਝੂ ਸਨ।
ਇਸ ਦੌਰਾਨ ਪਿੰਡ ਵਾਸੀਆਂ ਨੇ ਪਾਕਿਸਤਾਨ ਵਿਰੋਧੀ ਨਾਅਰੇ ਲਾਏ। ਪਿੰਡ ਦੇ ਇਕ ਨੌਜਵਾਨ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਸਰਕਾਰ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਵੇ, ਜੋ ਦੇਸ਼ ਵਿਚ ਅੱਤਵਾਦ ਦੀ ਮਦਦ ਕਰ ਕੇ ਉਸ ਨੂੰ ਹੱਲਾ-ਸ਼ੇਰੀ ਦੇ ਰਿਹਾ ਹੈ। ਸੀ. ਆਰ. ਪੀ. ਐੱਫ. ਕਾਫਿਲੇ 'ਤੇ ਹਮਲੇ ਦੇ ਪਿੱਛੇ ਕੌਣ ਹੈ, ਇਹ ਬਿਲਕੁੱਲ ਸਾਫ ਹੈ। ਸਾਨੂੰ ਆਪਣੇ ਜਵਾਨਾਂ ਦੇ ਬਲੀਦਾਨ ਦਾ ਬਦਲਾ ਲੈਣ ਦੀ ਲੋੜ ਹੈ। ਦੱਸ ਦਈਏ ਕਿ ਹਰੀ ਸਿੰਘ ਦੇ ਪਿੰਡ ਤੋਂ ਵੱਡੀ ਗਿਣਤੀ ਵਿਚ ਨੌਜਵਾਨ ਭਾਰਤੀ ਫੌਜ 'ਚ ਹਨ। ਜ਼ਿਕਰਯੋਗ ਹੈ ਕਿ ਪੁਲਵਾਮਾ 'ਚ 16 ਘੰਟੇ ਦੇ ਵੱਡੇ ਮੁਕਾਬਲੇ ਵਿਚ ਜੈਸ਼-ਏ-ਮੁਹੰਮਦ ਦੇ 3 ਅੱਤਵਾਦੀ ਮਾਰੇ ਗਏ। ਇਸ ਮੁਕਾਬਲੇ ਵਿਚ ਫੌਜ ਦੇ ਇਕ ਮੇਜਰ ਅਤੇ 4 ਸੁਰੱਖਿਆ ਫੋਰਸ ਦੇ ਜਵਾਨ ਵੀ ਸ਼ਹੀਦ ਹੋ ਗਏ ਸਨ।
26 ਸਾਲਾ ਸਿਪਾਹੀ ਹਰੀ ਸਿੰਘ ਦੇ ਪਰਿਵਾਰ ਵਿਚ ਉਨ੍ਹਾਂ ਦੀ ਮਾਂ, ਪਤਨੀ ਅਤੇ 10 ਮਹੀਨੇ ਦਾ ਇਕ ਬੇਟਾ ਹੈ। ਉਹ 2011 ਵਿਚ ਫੌਜ 'ਚ ਭਰਤੀ ਹੋਏ ਸਨ। ਉਨ੍ਹਾਂ ਦੇ ਪਿਤਾ ਆਗਾਦੀ ਸਿੰਘ ਵੀ ਫੌਜ ਵਿਚ ਰਹਿ ਚੁੱਕੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਹਰੀ ਸਿੰਘ ਬਚਪਨ ਤੋਂ ਹੀ ਭਾਰਤੀ ਫੌਜ ਨੂੰ ਲੈ ਕੇ ਉਤਸ਼ਾਹਿਤ ਸਨ। ਉਨ੍ਹਾਂ ਨੇ ਮੈਟ੍ਰਿਕ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਫੌਜ ਵਿਚ ਸ਼ਾਮਲ ਹੋਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਕਸ਼ਮੀਰ ਵਿਚ ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀਆਂ ਨੂੰ ਹਾਲ ਹੀ 'ਚ ਗ੍ਰਿਫਤਾਰ ਕਰਨ 'ਤੇ ਹਰੀ ਸਿੰਘ ਨੂੰ ਉਨ੍ਹਾਂ ਦੇ ਕਮਾਂਡਿੰਗ ਅਧਿਕਾਰੀ ਨੇ ਇਕ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤਾ ਸੀ।
ਸਿਰਸਾ 'ਚ ਨੌਜਵਾਨ ਤੇ ਔਰਤ ਨੇ ਫਾਹਾ ਲਾ ਕੀਤੀ ਖੁਦਕੁਸ਼ੀ
NEXT STORY