ਨਵੀਂ ਦਿੱਲੀ— ਫਰਾਂਸੀਸੀ ਲੜਾਕੂ ਜਹਾਜ਼ ਰਾਫੇਲ ਜਲਦ ਹੀ ਭਾਰਤੀ ਹਵਾਈ ਫੌਜ ਦੇ ਬੇੜੇ 'ਚ ਸ਼ਾਮਲ ਹੋਣ ਵਾਲਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਰਾਫੇਲ ਜਹਾਜ਼ ਨੂੰ ਰਿਸੀਵ ਕਰਨ ਲਈ ਖੁਦ ਫਰਾਂਸ ਜਾਣਗੇ। ਪਹਿਲਾਂ ਇਹ ਜਹਾਜ਼ ਭਾਰਤ ਨੂੰ 20 ਸਤੰਬਰ ਨੂੰ ਮਿਲਣ ਵਾਲਾ ਸੀ ਪਰ ਹੁਣ ਇਸ ਤਾਰੀਕ ਨੂੰ ਥੋੜ੍ਹਾ ਅੱਗੇ ਵਧਾ ਦਿੱਤਾ ਗਿਆ ਹੈ। ਹੁਣ ਭਾਰਤ ਨੂੰ 8 ਅਕਤੂਬਰ ਨੂੰ ਰਾਫੇਲ ਜਹਾਜ਼ ਮਿਲਣਗੇ। ਰਾਜਨਾਥ ਸਿੰਘ ਹਵਾਈ ਫੌਜ ਦੀ ਇਕ ਟੀਮ ਨਾਲ 8 ਅਕਤੂਬਰ ਨੂੰ ਫਰਾਂਸ ਜਾਣਗੇ। ਦੱਸਣਯੋਗ ਹੈ ਕਿ ਇਸੇ ਦਿਨ ਹਵਾਈ ਫੌਜ ਦਿਵਸ ਵੀ ਹੈ ਤਾਂ ਉੱਥੇ ਇਸ ਵਾਰ 8 ਅਕਤੂਬਰ ਨੂੰ ਦੁਸਹਿਰਾ ਵੀ ਪੈ ਰਿਹਾ ਹੈ। ਅਜਿਹੇ 'ਚ ਭਾਰਤ ਨੂੰ ਮਿਲਣ ਵਾਲੇ ਰਾਫੇਲ ਜਹਾਜ਼ ਦੀ ਤਾਰੀਕ ਇਤਿਹਾਸਕ ਹੋਣ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਦੁਸਹਿਰੇ ਦੇ ਦਿਨ ਕਈ ਜਗ੍ਹਾ ਹਥਿਆਰਾਂ ਦੀ ਪੂਜਾ ਕੀਤੀ ਜਾਂਦੀ ਹੈ, ਅਜਿਹੇ 'ਚ ਭਾਰਤ ਨੂੰ ਇਸੇ ਦਿਨ ਉਸ ਦਾ ਸਭ ਤੋਂ ਵੱਡਾ ਹਥਿਆਰ ਮਿਲਣ ਵਾਲਾ ਹੈ। ਰਾਜਨਾਥ ਸਿੰਘ ਫਰਾਂਸ ਦੇ ਬਾਰਡੋਕਸ 'ਚ ਇਕ ਮੈਨਿਊਫੈਕਚਰਿੰਗ ਪਲਾਂਟ 'ਚ ਜਾਣਗੇ, ਜਿੱਥੋਂ ਰਾਫੇਲ ਰਿਸੀਵ ਕੀਤਾ ਜਾਣਾ ਹੈ। ਰੱਖਿਆ ਮੰਤਰੀ ਨਾਲ ਹਵਾਈ ਫੌਜ ਦੀ ਇਕ ਟੀਮ ਜਾਵੇਗੀ ਜੋ ਰਾਫੇਲ ਨੂੰ ਰਿਸੀਵ ਕਰਨ ਦੀ ਪ੍ਰਕਿਰਿਆ ਪੂਰੀ ਕਰੇਗੀ। ਇਸ ਤੋਂ ਇਲਾਵਾ ਹਵਾਈ ਫੌਜ ਦੇ ਫਾਈਟਰ ਪਾਇਲਟ ਵੀ ਇਸ ਟੀਮ ਨਾਲ ਫਰਾਂਸ ਜਾਣਗੇ।
ਰਾਫੇਲ ਚਰਚਿਤ ਤੇ ਵਿਵਾਦਿਤ ਸੌਦਿਆਂ 'ਚੋਂ ਇਕ ਹੈ
ਜ਼ਿਕਰਯੋਗ ਹੈ ਕਿ ਰਾਫੇਲ ਜਹਾਜ਼ ਸੌਦਾ ਪਿਛਲੇ ਕੁਝ ਸਾਲਾਂ 'ਚ ਸਭ ਤੋਂ ਚਰਚਿਤ ਅਤੇ ਵਿਵਾਦਿਤ ਸੌਦਿਆਂ 'ਚੋਂ ਇਕ ਰਿਹਾ ਹੈ। 2019 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਵਲੋਂ ਕੇਂਦਰ ਸਰਕਾਰ 'ਤੇ ਇਸ ਡੀਲ 'ਚ ਘਪਲਾ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣੀ ਲਗਭਗ ਹਰ ਰੈਲੀ 'ਚ ਇਸ ਸੌਦੇ ਦਾ ਹਵਾਲਾ ਦੇ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਰਹੇ ਪਰ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ। ਜੇਕਰ ਗੱਲ ਰਾਫੇਲ ਦੀ ਕਰੀਏ ਤਾਂ ਭਾਰਤ 'ਚ ਵੀ ਇਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਹਵਾਈ ਫੌਜ ਆਪਣੀ 'ਗੋਲਡਨ ਏਰੋਜ' 17 ਸਕੁਐਰਡਨ ਨੂੰ ਫਿਰ ਸ਼ੁਰੂ ਕਰ ਸਕਦੀ ਹੈ, ਜੋ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਰਾਫੇਲ ਲੜਾਕੂ ਜਹਾਜ਼ ਉਡਾਉਣ ਵਾਲੀ ਪਹਿਲੀ ਇਕਾਈ ਹੋਵੇਗੀ।
58 ਹਾਜ਼ਰ ਕਰੋੜ 'ਚ ਹੋਇਆ 36 ਰਾਫੇਲ ਜਹਾਜ਼ਾਂ ਦਾ ਸਮਝੌਤਾ
ਹਵਾਈ ਫੌਜ ਮੁਖੀ ਬੀ.ਐੱਸ. ਧਨੋਆ ਅੰਬਾਲਾ ਏਅਰਫੋਰਸ ਸਟੇਸ਼ਨ 'ਤੇ ਇਕ ਸਮਾਰੋਹ 'ਚ 17 ਸਕੁਐਰਡਨ ਨੂੰ ਫਿਰ ਤੋਂ ਸ਼ੁਰੂ ਕਰਨਗੇ, ਜਿਸ ਨੂੰ ਰਾਫੇਲ ਜਹਾਜ਼ ਦੇ ਦੇਸ਼ 'ਚ ਆਉਣ 'ਤੇ ਰਿਸੀਵ ਕਰਨ ਦੀ ਤਿਆਰੀ ਮੰਨਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਰਾਫੇਲ ਜਹਾਜ਼ ਦੀ ਤਾਇਨਾਤੀ ਹਾਲੇ ਅੰਬਾਲਾ ਏਅਰਫੋਰਸ ਸਟੇਸ਼ਨ 'ਤੇ ਕੀਤੀ ਜਾਵੇਗੀ। ਭਾਰਤ ਨੇ ਸਤੰਬਰ 2016 'ਚ ਫਰਾਂਸ ਨਾਲ ਇਕ ਸਮਝੌਤਾ ਕਰਦੇ ਹੋਏ 58 ਹਜ਼ਾਰ ਕਰੋੜ ਰੁਪਏ 'ਚ 36 ਰਾਫੇਲ ਜਹਾਜ਼ ਖਰੀਦੇ ਸਨ। ਹਵਾਈ ਫੌਜ ਦੀ ਟੀਮ ਪਹਿਲਾਂ ਹੀ ਫਰਾਂਸ ਦਾ ਦੌਰਾ ਕਰ ਚੁਕੀ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਸਤੰਬਰ 'ਚ ਭਾਰਤੀ ਹਵਾਈ ਫੌਜ ਦੀ 6 ਮੈਂਬਰੀ ਟੀਮ ਨੇ ਫਰਾਂਸ ਦੀ ਦਸਾਲਟ ਮੈਨਿਊਫੈਕਚਰਿੰਗ ਯੂਨਿਟ ਦਾ ਦੌਰਾ ਕੀਤਾ ਸੀ।
ਜੰਮੂ : ਹਵਾਈ ਟਿਕਟ ਤੋਂ ਲੈ ਕੇ ਦਵਾਈਆਂ ਤੱਕ, ਇਸ ਤਰ੍ਹਾਂ ਘਰ-ਘਰ ਮਦਦ ਪਹੁੰਚਾ ਰਹੀ CRPF
NEXT STORY