ਨਵੀਂ ਦਿੱਲੀ : ਪਾਕਿਸਤਾਨ ਦੇ ਨਰੋਵਾਲ ਸਥਿਤ ਸਿਰਾਜ ਪਿੰਡ ਵਿੱਚ ਇੱਕ ਇਤਿਹਾਸਕ ਅਤੇ ਕਰੀਬ 100 ਤੋਂ 125 ਸਾਲ ਪੁਰਾਣੇ ਹਿੰਦੂ ਮੰਦਰ ਨੂੰ ਢਾਹੇ ਜਾਣ ਦੀ ਖ਼ਬਰ 'ਤੇ ਭਾਰਤ ਨੇ ਬਹੁਤ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਘੱਟ ਗਿਣਤੀ ਭਾਈਚਾਰੇ ਦੇ ਇਸ ਸਦੀ ਪੁਰਾਣੇ ਪੂਜਾ ਸਥਾਨ ਵਿਰੁੱਧ ਕੀਤੀ ਗਈ ਤੋੜ-ਭੰਨ੍ਹ ਦੀ ਇਸ ਨਿੰਦਣਯੋਗ ਕਾਰਵਾਈ ਦੀ ਸਪੱਸ਼ਟ ਰੂਪ ਵਿੱਚ ਨਿੰਦਾ ਕੀਤੀ ਹੈ।
ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਰਣਧੀਰ ਜਾਇਸਵਾਲ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰਿਆਂ ਵਿੱਚ ਲਗਾਤਾਰ ਬਣੀ ਹੋਈ ਅਸੁਰੱਖਿਆ ਅਤੇ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਦੇ ਨਾਲ-ਨਾਲ ਪੂਜਾ ਸਥਾਨਾਂ ਦੇ ਉਲੰਘਣ ਦੀ ਗੰਭੀਰ ਸਥਿਤੀ ਨੂੰ ਦਰਸਾਉਂਦੀਆਂ ਹਨ।
ਭਾਰਤ ਨੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਘਟਨਾ ਦੀ ਤੁਰੰਤ ਅਤੇ ਪਾਰਦਰਸ਼ੀ ਜਾਂਚ ਕਰਵਾਈ ਜਾਵੇ ਅਤੇ ਇਸ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਪੂਰੀ ਤਰ੍ਹਾਂ ਜਵਾਬਦੇਹ ਠਹਿਰਾਇਆ ਜਾਵੇ। ਇਸ ਦੇ ਨਾਲ ਹੀ ਭਾਰਤ ਨੇ ਨੁਕਸਾਨੇ ਗਏ ਮੰਦਰ ਨੂੰ ਮੁੜ ਬਹਾਲ ਕਰਨ ਲਈ ਪਾਕਿਸਤਾਨ ਨੂੰ ਤੁਰੰਤ ਸੁਧਾਰਾਤਮਕ ਕਦਮ ਚੁੱਕਣ ਲਈ ਕਿਹਾ ਹੈ। ਵਿਦੇਸ਼ ਮੰਤਰਾਲੇ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਸਰਕਾਰ ਦੀ ਇਹ ਮੁਢਲੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਸਾਰੇ ਘੱਟ ਗਿਣਤੀ ਨਾਗਰਿਕਾਂ ਦੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਏ ਅਤੇ ਉਨ੍ਹਾਂ ਦੇ ਧਾਰਮਿਕ ਤੇ ਸੱਭਿਆਚਾਰਕ ਵਿਰਸੇ ਦੀ ਰੱਖਿਆ ਕਰੇ।
ਭਿਆਨਕ ਸੜਕ ਹਾਦਸਾ: ਬੱਸ ਤੇ ਟਰੱਕ ਦੀ ਜ਼ੋਰਦਾਰ ਟੱਕਰ, 5 ਮੁਸਾਫ਼ਰਾਂ ਦੀ ਮੌਤ ਤੇ 20 ਜ਼ਖ਼ਮੀ
NEXT STORY