ਨਵੀਂ ਦਿੱਲੀ—ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਤ੍ਰਿਣਮੂਲ ਕਾਂਗਰਸ ਦੀ ਇਕ ਮੈਂਬਰ ਮਹੂਆ ਮੋਇਤ੍ਰਾ ਅਤੇ ਭਾਰਤੀ ਜਨਤਾ ਪਾਰਟੀ ਦੇ ਰਮੇਸ਼ ਬਿਧੁੜੀ ਨੂੰ ਹਾਊਸ ’ਚ ਬੈਠੇ-ਬੈਠੇ ਟਿੱਪਣੀ ਕਰਨ ’ਤੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਉਨ੍ਹਾਂ ਆਪਣਾ ਰਵੱਈਆ ਨਾ ਬਦਲਿਆ ਤਾਂ ਮੈਨੂੰ ਮਜਬੂਰਨ ਕਾਰਵਾਈ ਕਰਨੀ ਪਵੇਗੀ।
ਦਰਅਸਲ ਹਾਊਸ ’ਚ ਮਹੂਆ ਪ੍ਰਸ਼ਨਕਾਲ ਦੌਰਾਨ ਇਕ ਪੂਰਕ ਸਵਾਲ ਪੁੱਛਣਾ ਚਾਹੁੰਦੀ ਸੀ। ਜਦੋਂ ਉਨ੍ਹਾਂ ਦਾ ਨਾਂ ਪੁਕਾਰਿਆ ਗਿਆ ਤਾਂ ਉਹ ਸੀਟ ’ਤੇ ਮੌਜੂਦ ਨਹੀਂ ਸੀ। ਇਸ ’ਤੇ ਸਪੀਕਰ ਨੇ ਕਿਹਾ ਕਿ ਪੂਰਕ ਸਵਾਲ ਪੁੱਛਣ ਵਾਲੇ ਮੈਂਬਰਾਂ ਨੂੰ ਆਪਣੀ ਸੀਟ ’ਤੇ ਬੈਠਣਾ ਚਾਹੀਦਾ ਹੈ। ਇਸ ’ਤੇ ਮਹੂਆ, ਜੋ ਆਪਣੀ ਸੀਟ ਤੋਂ ਕੁਝ ਦੂਰ ਸੀ, ਨੇ ਉੱਥੇ ਬੈਠੇ-ਬੈਠੇ ਹੀ ਕਿਹਾ ਕਿ ਸਪੀਕਰ ਨੂੰ ਸੱਤਾ ਧਿਰ ਦੇ ਮੈਂਬਰਾਂ ਨੂੰ ਵੀ ਅਜਿਹੀ ਹੀ ਨਸੀਹਤ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਦੋਹਾਂ ਧਿਰਾਂ ਨਾਲ ਬਰਾਬਰ ਵਤੀਰਾ ਅਪਣਾਉਣਾ ਚਾਹੀਦਾ ਹੈ। ਬਿਰਲਾ ਨੇ ਮਹੂਆ ਨੂੰ ਕਿਹਾ ਕਿ ਉਹ ਸੀਟ ’ਤੇ ਬੈਠੀ ਹੀ ਟਿੱਪਣੀ ਨਾ ਕਰੇ ਨਹੀਂ ਤਾਂ ਮੈਨੂੰ ਮਜਬੂਰ ਹੋ ਕੇ ਕਾਰਵਾਈ ਕਰਨੀ ਪਵੇਗੀ। ਉਨ੍ਹਾਂ ਹਾਊਸ ’ਚ ਮੌਜੂਦ ਤ੍ਰਿਣਮੂਲ ਕਾਂਗਰਸ ਦੇ ਨੇਤਾ ਸੁਦੀਪ ਨੂੰ ਕਿਹਾ ਕਿ ਉਹ ਆਪਣੇ ਸਾਥੀ ਮੈਂਬਰ ਨੂੰ ਹਾਊਸ ਦੀ ਮਰਿਆਦਾ ਬਾਰੇ ਦੱਸਣ।
ਇਸ ’ਤੇ ਸੁਦੀਪ ਨੇ ਕਿਹਾ ਕਿ ਮਹੂਆ ਪਹਿਲੀ ਵਾਰ ਐੱਮ.ਪੀ. ਬਣੀ ਹੈ ਅਤੇ ਬਹੁਤ ਵਧੀਆ ਬੁਲਾਰਨ ਵੀ ਹੈ। ਉਨ੍ਹਾਂ ਸਪੀਕਰ ਨੂੰ ਮਹੂਆ ’ਤੇ ਆਪਣੀ ਕਿਰਪਾ ਬਣਾਈ ਰੱਖਣ ਦੀ ਬੇਨਤੀ ਕੀਤੀ। ਉਸ ਤੋਂ ਕੁਝ ਦੇਰ ਬਾਅਦ ਹੀ ਸਪੀਕਰ ਨੇ ਭਾਜਪਾ ਦੇ ਰਮੇਸ਼ ਨੂੰ ਵੀ ਚਿਤਾਵਨੀ ਦਿੱਤੀ ਕਿਉਂਕਿ ਰਮੇਸ਼ ਨੇ ਵੀ ਸੀਟ ’ਤੇ ਬੈਠੇ-ਬੈਠੇ ਹੀ ਟਿੱਪਣੀ ਕਰ ਦਿੱਤੀ ਸੀ।
ਅਪਾਹਜ ਵਿਅਕਤੀ ਨੂੰ ਧਮਕੀ ਦੇਣ ਵਾਲਾ ਇੰਡੀਗੋ ਪਾਇਲਟ ਸਸਪੈਂਡ
NEXT STORY