ਮੁੰਬਈ : ਟਾਟਾ ਟਰੱਸਟ ਵੱਲੋਂ ਦੇਸ਼ ਭਰ ਵਿੱਚ ਗਰੀਬ ਅਤੇ ਲੋੜਵੰਦ ਮਰੀਜ਼ਾਂ ਦੇ ਇਲਾਜ ਲਈ 40 ਤੋਂ 50 ਨਵੇਂ ਗੈਰ-ਲਾਭਕਾਰੀ ਜਨਰਲ ਹਸਪਤਾਲਾਂ ਦਾ ਨੈੱਟਵਰਕ ਤਿਆਰ ਕਰਨ ਦੀ ਯੋਜਨਾ 'ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਵਿਸ਼ੇਸ਼ ਮਾਡਲ ਤਹਿਤ ਸਮਰੱਥ ਮਰੀਜ਼ਾਂ ਤੋਂ ਲਏ ਜਾਣ ਵਾਲੇ ਖਰਚੇ ਦੀ ਵਰਤੋਂ ਉਨ੍ਹਾਂ ਗਰੀਬ ਲੋਕਾਂ ਦੇ ਮੁਫ਼ਤ ਜਾਂ ਰਿਆਇਤੀ ਇਲਾਜ ਲਈ ਕੀਤੀ ਜਾਵੇਗੀ ਜੋ ਇਲਾਜ ਦਾ ਖਰਚਾ ਚੁੱਕਣ ਦੇ ਅਸਮਰੱਥ ਹਨ। ਟਾਟਾ ਟਰੱਸਟ ਦੇ ਚੇਅਰਮੈਨ ਨੋਏਲ ਟਾਟਾ ਨੇ ਵਿੱਤੀ ਵਰ੍ਹੇ 2025-26 ਦੀ ਸਾਲਾਨਾ ਰਿਪੋਰਟ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਟਾਟਾ ਟਰੱਸਟ ਨੇ ਸਾਲ 2026 ਤੋਂ 2031 ਤੱਕ ਲਈ ਪੰਜ ਸਾਲਾ ਸਿਹਤ ਯੋਜਨਾ ਤਿਆਰ ਕੀਤੀ ਹੈ। ਇਸ ਤਹਿਤ ਲਗਭਗ 75 ਬਲਾਕਾਂ ਵਿੱਚ 25 ਲੱਖ ਲੋਕਾਂ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਅਤੇ 100 ਤੋਂ ਵੱਧ ਸਰਕਾਰੀ ਸਿਹਤ ਕੇਂਦਰਾਂ ਨੂੰ ਮਜ਼ਬੂਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਨੋਏਲ ਟਾਟਾ ਅਨੁਸਾਰ ਸੰਸਥਾ ਉਨ੍ਹਾਂ ਪਰਿਵਾਰਾਂ ਦੀ ਮਦਦ ਜਾਰੀ ਰੱਖੇਗੀ ਜੋ ਗੰਭੀਰ ਬੀਮਾਰੀਆਂ ਕਾਰਨ ਆਰਥਿਕ ਸੰਕਟ ਦਾ ਸਾਹਮਣਾ ਕਰਦੇ ਹਨ। ਇਸ ਦੇ ਨਾਲ ਹੀ ਕੈਂਸਰ ਦੇ ਇਲਾਜ ਨੂੰ ਮਰੀਜ਼ਾਂ ਦੇ ਘਰਾਂ ਦੇ ਨੇੜੇ ਪਹੁੰਚਾਉਣ ਲਈ ਵਿਕੇਂਦਰੀਕ੍ਰਿਤ ਕੈਂਸਰ ਦੇਖਭਾਲ ਪ੍ਰਣਾਲੀ ਦਾ ਵਿਸਥਾਰ ਕੀਤਾ ਜਾਵੇਗਾ।
ਸਾਲਾਨਾ ਰਿਪੋਰਟ ਮੁਤਾਬਕ ਵਿੱਤੀ ਵਰ੍ਹੇ 2025-26 ਵਿੱਚ ਟਾਟਾ ਟਰੱਸਟ ਦੇ ਕੈਂਸਰ ਦੇਖਭਾਲ ਪ੍ਰੋਗਰਾਮਾਂ ਤਹਿਤ 1,06,626 ਮਰੀਜ਼ਾਂ ਨੇ ਓ.ਪੀ.ਡੀ. (OPD) ਵਿੱਚ ਪਰਾਮਰਸ਼ ਲਿਆ। ਇਸ ਦੌਰਾਨ ਮਰੀਜ਼ਾਂ ਦੇ ਇਲਾਜ ਲਈ ਕੀਮੋਥੈਰੇਪੀ ਦੇ 24,874 ਚੱਕਰ ਪੂਰੇ ਕੀਤੇ ਗਏ ਅਤੇ 2,879 ਸਰਜਰੀਆਂ ਕੀਤੀਆਂ ਗਈਆਂ। ਸੰਸਥਾ ਦਾ ਮੁੱਖ ਮਨੋਰਥ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦੇ ਇਲਾਜ ਨੂੰ ਸੁਖਾਲਾ ਅਤੇ ਪਹੁੰਚਯੋਗ ਬਣਾਉਣਾ ਹੈ।
ਆਪਣੇ ਸੰਦੇਸ਼ ਵਿੱਚ ਨੋਏਲ ਟਾਟਾ ਨੇ ਕਿਹਾ ਕਿ ਸਮਾਜ ਸੇਵਾ ਦਾ ਮੁਲਾਂਕਣ ਸਿਰਫ਼ ਇਸ ਆਧਾਰ 'ਤੇ ਨਹੀਂ ਹੋਣਾ ਚਾਹੀਦਾ ਕਿ ਕਿੰਨਾ ਪੈਸਾ ਖਰਚ ਕੀਤਾ ਗਿਆ, ਬਲਕਿ ਇਹ ਦੇਖਣਾ ਜ਼ਰੂਰੀ ਹੈ ਕਿ ਉਸ ਨਾਲ ਲੋਕਾਂ ਦੀ ਜ਼ਿੰਦਗੀ ਵਿੱਚ ਕੀ ਸਥਾਈ ਬਦਲਾਅ ਆਇਆ। ਉਨ੍ਹਾਂ ਭਾਰਤੀ ਵਿਗਿਆਨ ਸੰਸਥਾਨ (IISc), ਟਾਟਾ ਇੰਸਟੀਚਿਊਟ ਆਫ਼ ਫੰਡਾਮੈਂਟਲ ਰਿਸਰਚ (TIFR) ਅਤੇ ਟਾਟਾ ਮੈਮੋਰੀਅਲ ਹਸਪਤਾਲ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਟਾਟਾ ਟਰੱਸਟ ਭਵਿੱਖ ਵਿੱਚ ਵੀ ਅਜਿਹੇ ਰਾਸ਼ਟਰੀ ਮਹੱਤਵ ਵਾਲੇ ਅਦਾਰੇ ਖੜ੍ਹੇ ਕਰਨ ਦੀ ਆਪਣੀ ਪਰੰਪਰਾ ਨੂੰ ਜਾਰੀ ਰੱਖੇਗਾ।
ਰਾਖੀ ਸਾਵੰਤ ਦੀਆਂ ਵਧੀਆ ਮੁਸ਼ਕਿਲਾਂ, 16 ਸਾਲ ਪੁਰਾਣੇ ਮਾਮਲੇ 'ਚ ਗੈਰ-ਜ਼ਮਾਨਤੀ ਵਾਰੰਟ ਜਾਰੀ
NEXT STORY