ਨਵੀਂ ਦਿੱਲੀ, (ਏਜੰਸੀ)- ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਕੋਲੋਂ 2021 ਦੀ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੀ ਸੁਣਵਾਈ ਕਰ ਰਹੇ ਜੁਡੀਸ਼ੀਅਲ ਅਧਿਕਾਰੀ (ਜੱਜ) ਦੇ ਆਚਰਣ ਬਾਰੇ ਮੰਗਲਵਾਰ ਰਿਪੋਰਟ ਮੰਗੀ, ਜਿਸ ’ਤੇ ਐੱਨ. ਡੀ. ਪੀ. ਐਸ. ਤੇ ਐੱਸ. ਸੀ./ਐੱਸ. ਟੀ. (ਅੱਤਿਆਚਾਰ ਰੋਕਥਾਮ) ਐਕਟ ਨਾਲ ਸਬੰਧਤ ਮਾਮਲਿਆਂ ਨੂੰ ਆਪਣੇ ਕੋਲ ਤਬਦੀਲ ਕਰਨ ਤੇ ਮੁਲਜ਼ਮਾਂ ਨੂੰ ਬਰੀ ਕਰਨ ਦਾ ਦੋਸ਼ ਹੈ। ਚੀਫ ਜਸਟਿਸ ਸੂਰਿਆਕਾਂਤ, ਜਸਟਿਸ ਜੋਇਮਲਿਆ ਬਾਗਚੀ ਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਇਲਾਹਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਦੋਸ਼ਾਂ ’ਤੇ ਵਿਚਾਰ ਕਰਨ ਤੇ ਜ਼ਰੂਰੀ ਸੁਧਾਰਾਤਮਕ ਕਾਰਵਾਈ ਕਰਨ ਤੋਂ ਬਾਅਦ ਆਪਣੀ ਰਿਪੋਰਟ ਸੀਲਬੰਦ ਲਿਫਾਫੇ ’ਚ ਜਮ੍ਹਾਂ ਕਰਾਉਣ ਦਾ ਨਿਰਦੇਸ਼ ਦਿੱਤਾ।
ਉਕਤ ਹਿੰਸਾ ਦੇ ਮੌਕੇ ਦੇ ਗਵਾਹ ਦੀ ਨੁਮਾਇੰਦਗੀ ਕਰ ਰਹੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਦੋਸ਼ ਲਾਇਆ ਕਿ ਜੱਜ ਨੇ ਮੇਰੇ ਮੁਵੱਕਿਲ ਦੀ ਬੀਮਾਰੀ ਕਾਰਨ ਅਦਾਲਤ ’ਚ ਪੇਸ਼ ਨਾ ਹੋ ਸਕਣ ਦੇ ਬਾਵਜੂਦ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ। ਉਨ੍ਹਾਂ ਦਾ ਆਚਰਣ ਅਦਾਲਤ ਦੀ ਜ਼ਮੀਰ ਨੂੰ ਝੰਜੋੜਦਾ ਹੈ। ਐੱਨ. ਡੀ. ਪੀ. ਐੱਸ. ਤੇ ਅਨੁਸੂਚਿਤ ਜਾਤੀ-ਅਨੁਸੂਚਿਤ ਜਨਜਾਤੀ ਦੇ ਕੇਸ ਆਪਣੇ ਕੋਲ ਤਬਦੀਲ ਕਰ ਲਏ ਅਤੇ ਮੁਲਜ਼ਮ ਨੂੰ ਜ਼ਮਾਨਤ ਦੇ ਦਿੱਤੀ ਜਾਂ ਬਰੀ ਕਰ ਦਿੱਤਾ। ਕਾਨੂੰਨ ਅਧੀਨ ਉਹ ਇਨ੍ਹਾਂ ਮਾਮਲਿਆਂ ਨੂੰ ਆਪਣੇ ਕੋਲ ਤਬਦੀਲ ਨਹੀਂ ਕਰ ਸਕਦੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਮੁਕੱਦਮੇ ਦਰਮਿਅਾਨ ਸਰਕਾਰੀ ਵਕੀਲ ਨੂੰ ਵੀ ਬਦਲ ਦਿੱਤਾ ਗਿਆ । ਨਵੇਂ ਸਰਕਾਰੀ ਵਕੀਲ ਕੋਲ ਸਿਰਫ਼ 4 ਮਹੀਨਿਆਂ ਦਾ ਤਜਰਬਾ ਸੀ। ਬੈਂਚ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਸੈਸ਼ਨ ਅਦਾਲਤ ’ਚ ਕੇਸ ਦੀ ਸੁਣਵਾਈ ’ਚ ਕਾਫ਼ੀ ਤਜਰਬਾ ਰੱਖਣ ਵਾਲੇ ਸਭ ਤੋਂ ਸੀਨੀਅਰ ਸਰਕਾਰੀ ਵਕੀਲ ਨੂੰ ਲੱਭਣ ਤੇ 2 ਹਫ਼ਤਿਆਂ ਅੰਦਰ ਅਦਾਲਤ ਨੂੰ ਇਸ ਬਾਰੇ ਸੂਚਿਤ ਕਰਨ ਲਈ ਕਿਹਾ।
ਭੂਸ਼ਣ ਨੇ ਕਿਹਾ ਕਿ ਜੇ ਮੌਜੂਦਾ ਜੁਡੀਸ਼ੀਅਲ ਅਧਿਕਾਰੀ ਨੂੰ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੀ ਸੁਣਵਾਈ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਮੈਨੂੰ ਭਰੋਸਾ ਹੈ ਕਿ ਉਹ ਇਹ ਫੈਸਲਾ ਸੁਣਾਉਣਗੇ ਕਿ ਅਜਿਹੀ ਕੋਈ ਘਟਨਾ ਵਾਪਰੀ ਹੀ ਨਹੀਂ ਸੀ। ਬੈਂਚ ਦੇ ਮਾਨਯੋਗ ਜੱਜਾਂ ਨੇ ਭੂਸ਼ਣ ਨੂੰ ਕਿਹਾ ਕਿ ਅਸੀਂ ਇਕ ਜੁਡੀਸ਼ੀਅਲ ਅਧਿਕਾਰੀ ਵਿਰੁੱਧ ਅਜਿਹੀਆਂ ਟਿੱਪਣੀਆਂ ਕਰਨੀਆਂ ਠੀਕ ਨਹੀਂ ਸਮਝਦੇ ਕਿਉਂਕਿ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਮੁਕੱਦਮੇ ਨੂੰ ਤੇਜ਼ੀ ਨਾਲ ਨਿਪਟਾਉਣ ਲਈ ਕਿਹਾ ਸੀ।
'ਪਲੀਜ਼ ਛੱਡ ਦਿਓ...': ਓਡੀਸ਼ਾ 'ਚ ਵਾਪਰੀ ਜਮੁਈ ਵਰਗੀ ਘਟਨਾ
NEXT STORY