ਨਵੀਂ ਦਿੱਲੀ/ਗੁਰੂਗ੍ਰਾਮ— ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਅੱਤਵਾਦ ਵਿਰੁੱਧ 'ਜ਼ੀਰੋ ਟਾਲਰੈਂਸ' ਦੀ ਨੀਤੀ 'ਤੇ ਅੜੀ ਹੈ ਅਤੇ ਇਸੇ ਦੇ ਅਧੀਨ ਹੁਣ ਅੱਤਵਾਦ ਵਿਰੁੱਧ ਫੈਸਲਾਕੁੰਨ ਲੜਾਈ ਲੜੀ ਜਾ ਰਹੀ ਹੈ। ਸ਼ਾਹ ਨੇ ਮੰਗਲਵਾਰ ਨੂੰ ਹਰਿਆਣਾ ਦੇ ਗੁਰੂਗ੍ਰਾਮ ਦੇ ਮਾਨੇਸਰ 'ਚ ਰਾਸ਼ਟਰੀ ਸੁਰੱਖਿਆ ਗਾਰਡ (ਐੱਨ.ਐੱਸ.ਜੀ.) ਦੇ 35ਵੇਂ ਸਥਾਪਨਾ ਦਿਵਸ 'ਤੇ ਆਪਣੇ ਸੰਬੋਧਨ 'ਚ ਕਿਹਾ ਕਿ ਅੱਤਵਾਦ ਸਭ ਤੋਂ ਵੱਡਾ ਸ਼ਰਾਪ ਹੈ ਅਤੇ ਵਿਕਾਸ ਦੇ ਰਸਤੇ 'ਚ ਵੱਡੀ ਰੁਕਾਵਟ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਇਸ ਨਾਲ ਲੰਬੇ ਸਮੇਂ ਤੋਂ ਸ਼ਰਾਪਿਤ ਹੈ ਅਤੇ ਇਸ ਦੇ ਖਾਤਮੇ ਲਈ ਲੜਾਈ ਲੜ ਰਿਹਾ ਹੈ। ਸਰਕਾਰ ਅੱਤਵਾਦ ਦੇ ਖਾਤਮੇ ਲਈ 'ਜ਼ੀਰੋ ਟਾਲਰੈਂਸ' ਦੀ ਨੀਤੀ 'ਤੇ ਅੜੀ ਹੈ ਅਤੇ ਅੱਤਵਾਦ ਨਾਲ ਨਜਿੱਠਣ 'ਚ ਉਹ ਕਿਸੇ ਤਰ੍ਹਾਂ ਦੀ ਕਸਰ ਨਹੀਂ ਛੱਡੇਗੀ। ਪਾਕਿਸਤਾਨ 'ਤੇ ਅੱਤਵਾਦ ਨੂੰ ਉਤਸ਼ਾਹ ਦੇਣ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤ ਲੰਬੇ ਸਮੇਂ ਤੋਂ ਪਾਕਿਸਤਾਨ ਪ੍ਰੇਰਿਤ ਅੱਤਵਾਦ ਨਾਲ ਪੀੜਤ ਰਿਹਾ ਹੈ। ਹੁਣ ਸਰਕਾਰ ਨੇ ਜੰਮੂ-ਕਸ਼ਮੀਰ ਤੋਂ ਧਾਰਾ-370 ਨੂੰ ਹਟਾ ਕੇ ਉੱਥੇ ਸ਼ਾਂਤੀ ਸਥਾਪਤ ਕਰਨ ਦੀ ਦਿਸ਼ਾ 'ਚ ਵੱਡਾ ਕਦਮ ਚੁੱਕਿਆ ਹੈ।
ਉਨ੍ਹਾਂ ਨੇ ਕਿਹਾ ਕਿ ਐੱਨ.ਐੱਸ.ਜੀ. ਅਤੇ ਹੋਰ ਸੁਰੱਖਿਆ ਫੋਰਸ ਅੱਤਵਾਦ ਦੇ ਵਿਰੁੱਧ ਫੈਸਲਾਕੁੰਨ ਲੜਾਈ ਲੜ ਰਹੇ ਹਨ। ਸ਼ਾਹ ਨੇ ਕਿਹਾ ਕਿ ਐੱਨ.ਐੱਸ.ਜੀ. ਦੇ ਕਮਾਂਡੋ ਦੀ ਬਹਾਦਰੀ ਅਤੇ ਸਾਹਸ ਦੇ ਕਾਰਨਾਮੇ ਦੇਖ ਕੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਫੈਸਲਾਕੁੰਨ ਲੜਾਈ 'ਚ ਦੇਸ਼ ਦੀ ਜਿੱਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਹੋਣ ਦੇ ਨਾਤੇ ਉਹ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਨ ਕਿ ਐੱਨ.ਐੱਸ.ਜੀ. ਦੇ ਹੁਨਰ ਕਾਰਨ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਹੋਵੇਗਾ, ਕਿਉਂਕਿ ਸਾਡੇ ਜਾਂਬਾਜ਼ ਕਮਾਂਡੋ ਕਿਸੇ ਵੀ ਖਤਰੇ ਨਾਲ ਨਜਿੱਠਣ 'ਚ ਪੂਰੀ ਤਰ੍ਹਾਂ ਸਮਰੱਥ ਹੈ। ਸ਼ਾਹ ਨੇ ਜ਼ਿਕਰਯੋਗ ਯੋਗਦਾਨ ਦੇਣ ਵਾਲੇ ਫੋਰਸ ਦੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਮੈਡਲ ਨਾਲ ਸਨਮਾਨਤ ਕੀਤਾ ਅਤੇ ਫੋਰਸ ਦੇ ਸ਼ਹੀਦ ਜਾਂਬਾਜ਼ਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਐੱਨ.ਐੱਸ.ਜੀ. ਦੇ ਕਮਾਂਡੋ ਨੇ ਵੱਖ-ਵੱਖ ਐਮਰਜੈਂਸੀ ਸਥਿਤੀਆਂ 'ਚ ਅੱਤਵਾਦੀਆਂ ਵਿਰੁੱਧ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਐੱਨ.ਐੱਸ.ਜੀ. ਡਾਇਰੈਕਟਰ ਜਨਰਲ ਐੱਸ.ਐੱਸ. ਦੇਸ਼ਵਾਲ ਨੇ ਸ਼ਾਹ ਨੂੰ ਯਾਦਗੀਰੀ ਚਿੰਨ੍ਹ ਭੇਟ ਕੀਤਾ।
ਦੀਵਾਲੀ ਦਿੱਲੀ ਵਾਸੀਆਂ 'ਤੇ ਪਵੇਗੀ ਭਾਰੀ, ਸਾਹ ਲੈਣਾ ਹੋਵੇਗਾ ਔਖਾ
NEXT STORY