ਨਵੀਂ ਦਿੱਲੀ, (ਭਾਸ਼ਾ)– ਕਾਂਗਰਸ ਦੀ ਐਲਾਨ ਪੱਤਰ ਕਮੇਟੀ ਦੇ ਮੈਂਬਰ ਸੈਮ ਪਿਤਰੋਦਾ ਦਾ ਕਹਿਣਾ ਹੈ ਕਿ ਦੇਸ਼ ਵੱਡੇ ਰੋਜ਼ਗਾਰ ਸੰਕਟ ’ਚੋਂ ਲੰਘ ਰਿਹਾ ਹੈ ਅਤੇ ਰੋਜ਼ਗਾਰ ਕਾਂਗਰਸ ਦੀ ਪ੍ਰਚਾਰ ਮੁਹਿੰਮ ਦਾ ਕੇਂਦਰ ਬਿੰਦੂ ਹੋਵੇਗਾ। ਗਾਂਧੀ ਪਰਿਵਾਰ ਦੇ ਲੰਬੇ ਸਮੇਂ ਤੱਕ ਸਲਾਹਕਾਰ ਰਹੇ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੁਖੀ ਪਿਤਰੋਦਾ ਨੇ ਕਿਹਾ ‘ਖੇਤੀ ਸੰਕਟ’ ਵੀ ਦੇਸ਼ ਦੇ ਸਾਹਮਣੇ ਇਕ ਪ੍ਰਮੁੱਖ ਮੁੱਦਾ ਹੈ ਅਤੇ ਇਸ ’ਤੇ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਨੇ ਭਾਸ਼ਾ ਨੂੰ ਦਿੱਤੀ ਇਕ ਇੰਟਰਵਿਊ ’ਚ ਕਿਹਾ ਕਿ ਪ੍ਰਿਯੰਕਾ ਗਾਂਧੀ ਵਡੇਰਾ ਦਾ ਆਮ ਚੋਣਾਂ ’ਚ ਵੱਡਾ ਅਸਰ ਹੋਵੇਗਾ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪ੍ਰਚਾਰ ਮੁਹਿੰਮ ਦੌਰਾਨ ਕਾਂਗਰਸ ਕਿਹੜੇ ਮਹੱਤਵਪੂਰਨ ਮੁੱਦਿਆਂ ’ਤੇ ਧਿਆਨ ਕੇਂਦਰਿਤ ਕਰੇਗੀ ਤਾਂ ਪਿਤਰੋਦਾ ਨੇ ਕਿਹਾ ‘ਰੋਜ਼ਗਾਰ, ਰੋਜ਼ਗਾਰ, ਰੋਜ਼ਗਾਰ’। ਉਨ੍ਹਾਂ ਕਿਹਾ ਦੇਸ਼ ਇਕ ਵੱਡੇ ਸੰਕਟ ’ਚੋਂ ਲੰਘ ਰਿਹਾ ਹੈ ਤੇ ਅਸੀਂ ਨਵੀਆਂ ਨੌਕਰੀਆਂ ਦੀ ਸਿਰਜਣਾ ਨਹੀਂ ਕੀਤੀ ਹੈ। ਸਗੋਂ ਪਹਿਲਾਂ ਤੋਂ ਮੌਜੂਦ ਰੋਜ਼ਗਾਰਾਂ ਨੂੰ ਹੀ ਖਤਮ ਕਰ ਦਿੱਤਾ ਹੈ। ਇਸ ਲਈ ਅੱਜ ਇਕ ਪ੍ਰਮੁੱਖ ਚੁਣੌਤੀ ਇਹ ਹੈ ਕਿ ਨਵੀਆਂ ਨੌਕਰੀਆਂ ਦੀ ਸਿਰਜਣਾ ਕਿਵੇਂ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਅਤੇ ਜੀ. ਐੱਸ. ਟੀ. ਵਰਗੇ ਕਾਰਕਾਂ ਨਾਲ ਰੋਜ਼ਗਾਰ ’ਤੇ ਅਸਰ ਪਿਆ ਹੈ। ਪਿਤਰੋਦਾ ਨੇ ਵਿਸ਼ਵਾਸ ਜਾਹਿਰ ਕੀਤਾ ਕਿ ਕਾਂਗਰਸ ਵੱਖ-ਵੱਖ ਸੂਬਿਆਂ ’ਚ ਗਠਜੋੜ ਦੀ ਪ੍ਰਕਿਰਿਆ ਨੂੰ ਪੂਰਾ ਕਰੇਗੀ ਅਤੇ ਇਸ ਦੇ ਗਠਜੋੜ ਜਲਦੀ ਹੀ ਸਪੱਸ਼ਟ ਹੋ ਜਾਣਗੇ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨ ਦੀ ਦੌੜ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੇਲ ਖਾ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮੁਕਾਬਲੇ ਨੂੰ ਦੋ ਵਿਅਕਤੀਆਂ ਵਿਚਾਲੇ ਚੁਣੌਤੀ ਦੇ ਰੂਪ ’ਚ ਨਹੀਂ ਦੇਖਦੇ ਹਨ। ਉਨ੍ਹਾਂ ਕਿਹਾ ਕਿ ‘ਮੈਨੂੰ ਲੱਗਦਾ ਹੈ ਕਿ ਇਹ ਭਾਰਤ ਦੇ ਵਿਚਾਰਾਂ ਵਿਚਾਲੇ ਇਕ ਚੁਣੌਤੀ ਹੈ।
ਇਹ ਇਸ ਬਾਰੇ ਹੈ ਕਿ ਤੁਸੀਂ ਕਿਸ ਤਰ੍ਹਾਂ ਦੇਸ਼ ਨੂੰ ਅੱਗੇ ਵਧਾਉਣਾ ਚਾਹੁੰਦੇ ਹੋ।’ ਪਿਤਰੋਦਾ ਨੇ ਕਿਹਾ ਕਿ ਇਹ ਵਿਚਾਰਧਾਰਾਵਾਂ ਦੀ ਲੜਾਈ ਹੈ ਅਤੇ ਇਹ ਨਫਰਤ ਦੀ ਰਾਜਨੀਤੀ ਅਤੇ ਪ੍ਰੇਮ ਦੀ ਰਾਜਨੀਤੀ ਵਿਚਾਲੇ ਲੜਾਈ ਹੈ। ਉਨ੍ਹਾਂ ਕਿਹਾ ਕਿ ਖੇਤੀ ਸੰਕਟ ਵੀ ਇਕ ਪ੍ਰਮੁੱਖ ਮੁੱਦਾ ਹੈ।
ਡਿਸਕਾਮ ਦੇ ਭੁਗਤਾਨ ’ਚ ਦੇਰੀ ਨਾਲ ਬਿਜਲੀ ਖੇਤਰ ’ਚ 3 ਲੱਖ ਕਰੋੜ ਰੁਪਏ ਦਾ ਨਿੱਜੀ ਨਿਵੇਸ਼ ਖਤਰੇ ’ਚ
NEXT STORY