ਨਵੀਂ ਦਿੱਲੀ— ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਇਰਡਾ ਨੇ ਲੋਕ ਸਭਾ ਚੋਣਾਂ ਦੀ ਵੋਟਿੰਗ ਖਤਮ ਹੁੰਦੇ ਹੀ ਕਾਰਾਂ ਅਤੇ ਟੂ-ਵ੍ਹੀਲਰ ਦੇ ਥਰਡ ਪਾਰਟੀ ਬੀਮਾ ਨੂੰ ਮਹਿੰਗਾ ਕਰਨ ਦਾ ਪ੍ਰਸਤਾਵ ਦਿੱਤਾ ਹੈ। ਇਸ ਤਹਿਤ 1000 ਸੀ. ਸੀ. ਜਾਂ ਇਸ ਤੋਂ ਘੱਟ ਪਾਵਰ ਵਾਲੀਆਂ ਕਾਰਾਂ ਲਈ ਥਰਡ ਪਾਰਟੀ (ਟੀ. ਪੀ.) ਪ੍ਰੀਮੀਅਮ ਦਰ 1850 ਰੁਪਏ ਤੋਂ ਵਧਾ ਕੇ 2120 ਰੁਪਏ ਹੋਵੇਗੀ। ਇਸੇ ਤਰ੍ਹਾਂ 1000 ਸੀ. ਸੀ. ਅਤੇ 1500 ਸੀ. ਸੀ. ਦੀਆਂ ਕਾਰਾਂ ਲਈ ਵੀ ਪ੍ਰੀਮੀਅਮ ਨੂੰ 2863 ਰੁਪਏ ਤੋਂ ਵਧਾ ਕੇ 3300 ਰੁਪਏ ਕਰਨ ਦਾ ਪ੍ਰਸਤਾਵ ਹੈ। ਹਾਲਾਂਕਿ ਲਗਜ਼ਰੀ ਕਾਰਾਂ (1500 ਸੀ. ਸੀ. ਤੋਂ ਜ਼ਿਆਦਾ ਇੰਜਣ ਸਮਰੱਥਾ ਦੇ ਨਾਲ) ਲਈ ਟੀ. ਪੀ. ਪ੍ਰੀਮੀਅਮ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਦੀ ਪ੍ਰੀਮੀਅਮ ਦਰ 7890 ਰੁਪਏ ਹੀ ਰਹੇਗੀ।
29 ਮਈ ਤੱਕ ਮੰਗੇ ਸੁਝਾਅ
ਹੁਣ ਇਰਡਾ ਚਾਲੂ ਵਿੱਤੀ ਸਾਲ ਲਈ ਟੀ. ਪੀ. ਪ੍ਰੀਮੀਅਮ ਦੀਆਂ ਨਵੀਆਂ ਦਰਾਂ ਦੇ ਮਸੌਦੇ ਨਾਲ ਸਾਹਮਣੇ ਆਇਆ ਹੈ। ਇਸ ਨੇ 29 ਮਈ ਤੱਕ ਪ੍ਰਸਤਾਵਿਤ ਦਰਾਂ 'ਤੇ ਲੋਕਾਂ ਤੋਂ ਸੁਝਾਅ ਮੰਗੇ ਹਨ। ਮਸੌਦੇ ਅਨੁਸਾਰ 75 ਸੀ. ਸੀ. ਤੋਂ ਹੇਠਾਂ ਦੇ ਦੋਪਹੀਆ ਵਾਹਨਾਂ ਲਈ ਟੀ. ਪੀ. 427 ਰੁਪਏ ਤੋਂ ਵਧਾ ਕੇ 482 ਰੁਪਏ ਪ੍ਰਸਤਾਵਿਤ ਹੈ। 75 ਸੀ. ਸੀ. ਅਤੇ 350 ਸੀ. ਸੀ. ਵਾਲੀਆਂ ਲਈ ਵੀ ਵਾਧਾ ਪ੍ਰਸਤਾਵਿਤ ਹੈ। ਹਾਲਾਂਕਿ ਸੁਪਰਬਾਈਕਸ (350 ਸੀ. ਸੀ. ਤੋਂ ਜ਼ਿਆਦਾ) ਲਈ ਕੋਈ ਦਰ ਵਾਧਾ ਪ੍ਰਸਤਾਵਿਤ ਨਹੀਂ ਕੀਤੀ ਗਈ ਹੈ।
ਸਿੰਗਲ ਪ੍ਰੀਮੀਅਮ 'ਚ ਬਦਲਾਅ ਨਹੀਂ, ਇਲੈਕਟ੍ਰਿਕ ਕਾਰਾਂ 'ਤੇ 15 ਫੀਸਦੀ ਛੋਟ
ਇਰਡਾ ਨੇ ਸਿੰਗਲ ਪ੍ਰੀਮੀਅਮ ਦਰ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਨਵੀਆਂ ਕਾਰਾਂ ਲਈ 3 ਸਾਲ ਅਤੇ ਨਵੇਂ ਦੋਪਹੀਆ ਵਾਹਨਾਂ ਲਈ 5 ਸਾਲ ਤੱਕ ਇਕਮੁਸ਼ਤ ਪ੍ਰੀਮੀਅਮ ਜਮ੍ਹਾ ਕਰਨ ਦਾ ਬਦਲ ਜਾਰੀ ਰਹੇਗਾ। ਇਹੀ ਨਹੀਂ ਪ੍ਰਾਈਵੇਟ ਇਲੈਕਟ੍ਰਿਕ ਕਾਰਾਂ ਅਤੇ ਇਲੈਕਟ੍ਰਿਕ ਦੋਪਹੀਆ ਵਾਹਨਾਂ ਲਈ ਮੋਟਰ ਟੀ. ਪੀ. ਪ੍ਰੀਮੀਅਮ ਦਰਾਂ 'ਤੇ 15 ਫੀਸਦੀ ਦੀ ਛੋਟ ਦਾ ਵੀ ਪ੍ਰਸਤਾਵ ਕੀਤਾ ਹੈ। ਨਾਲ ਹੀ ਈ-ਰਿਕਸ਼ਾ ਲਈ ਵੀ ਟੀ. ਪੀ. ਪ੍ਰੀਮੀਅਮ ਦਰਾਂ ਨੂੰ ਵਧਾਉਣ ਦਾ ਪ੍ਰਸਤਾਵ ਨਹੀਂ ਕੀਤਾ ਗਿਆ ਹੈ।
ਟਰੈਕਟਰ ਦਾ ਬੀਮਾ ਹੋਵੇਗਾ ਮਹਿੰਗਾ
ਟੈਕਸੀਆਂ, ਬੱਸਾਂ ਅਤੇ ਟਰੱਕਾਂ ਲਈ ਵੀ ਦਰ 'ਚ ਵਾਧਾ ਪ੍ਰਸਤਾਵਿਤ ਕੀਤਾ ਗਿਆ ਹੈ। ਇਹੀ ਨਹੀਂ ਟਰੈਕਟਰ 'ਤੇ ਪ੍ਰੀਮੀਅਮ ਵਧਾਉਣ ਦੀ ਗੱਲ ਕਹੀ ਗਈ ਹੈ। ਇਸ 'ਚ ਸਕੂਲ ਬੱਸਾਂ ਵੀ ਸ਼ਾਮਲ ਹਨ। ਇਰਡਾ ਮੁਤਾਬਕ ਭਾਰਤੀ ਸੂਚਨਾ ਬੀਮਾ ਬਿਊਰੋ ਵਲੋਂ ਉਪਲਬਧ ਕਰਵਾਏ ਗਏ ਅੰਕੜਿਆਂ ਦੇ ਆਧਾਰ 'ਤੇ ਮੋਟਰ ਟੀ. ਪੀ. ਪ੍ਰੀਮੀਅਮ ਦਰਾਂ ਦਾ ਨਿਰਧਾਰਨ ਕੀਤਾ ਗਿਆ ਹੈ। ਸਾਲ 2011-12 ਤੋਂ 2017 ਤੱਕ ਦੁਰਘਟਨਾ ਬੀਮਾ ਦਾਅਵਿਆਂ 'ਤੇ ਪ੍ਰੀਮੀਅਮ ਦਰ ਤੈਅ ਕੀਤੀ ਗਈ ਹੈ।
ਜੋਧਪੁਰ 'ਚ ਚਾਰ ਸਾਲ ਦੀ ਬੱਚੀ ਬੋਰਵੈਲ 'ਚ ਡਿੱਗੀ, ਬਚਾਅ ਕਾਰਜ ਜਾਰੀ
NEXT STORY