ਨਵੀਂ ਦਿੱਲੀ (ਏਜੰਸੀ)- ਚਾਲੂ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ (ਅਪ੍ਰੈਲ ਤੋਂ ਜੂਨ) ਦੌਰਾਨ ਜਾਪਾਨ ਭਾਰਤ ’ਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਕਰਨ ਵਾਲਾ ਸਭ ਤੋਂ ਵੱਡਾ ਦੇਸ਼ ਬਣ ਕੇ ਉੱਭਰਿਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਇਸ ਦੌਰਾਨ ਜਾਪਾਨ ਤੋਂ ਭਾਰਤ ’ਚ 5.71 ਬਿਲੀਅਨ ਅਮਰੀਕੀ ਡਾਲਰ ਦਾ ਰਿਕਾਰਡ ਨਿਵੇਸ਼ ਪ੍ਰਾਪਤ ਹੋਇਆ। ਇਹ ਰਕਮ ਇਸ ਲਈ ਵੀ ਅਹਿਮ ਹੈ ਕਿਉਂਕਿ ਪੂਰੇ ਵਿੱਤੀ ਸਾਲ 2025-26 ’ਚ ਜਾਪਾਨ ਦਾ ਕੁਲ ਨਿਵੇਸ਼ 3.74 ਬਿਲੀਅਨ ਡਾਲਰ ਹੀ ਰਿਹਾ ਸੀ।
ਅਪ੍ਰੈਲ ਤੋਂ ਜੂਨ ਦੌਰਾਨ ਭਾਰਤ ਨੂੰ ਮਿਲੇ ਕੁਲ 19.81 ਬਿਲੀਅਨ ਡਾਲਰ ਦੇ ਇਕੁਇਟੀ ਐੱਫ. ਡੀ. ਆਈ. ’ਚ ਜਾਪਾਨ ਦਾ ਦਬਦਬਾ ਰਿਹਾ। ਜਾਪਾਨ ਨੇ ਅਗਲੇ ਦਹਾਕੇ ’ਚ ਭਾਰਤ ’ਚ 10 ਟ੍ਰਿਲੀਅਨ ਯੇਨ (ਲੱਗਭਗ 7 ਲੱਖ ਕਰੋੜ ਰੁਪਏ) ਨਿਵੇਸ਼ ਕਰਨ ਦਾ ਟੀਚਾ ਮਿੱਥਿਆ ਹੈ, ਜਿਸ ’ਚੋਂ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਪਹਿਲਾਂ ਹੀ ਹੋ ਚੁੱਕਾ ਹੈ।
ਨਿਵੇਸ਼ ਵਧਣ ਦੇ ਵੱਡੇ ਕਾਰਨ
ਗਲੋਬਲ ਆਰਥਿਕ ਮਾਹਿਰਾਂ ਅਨੁਸਾਰ ਜਾਪਾਨੀ ਕੰਪਨੀਆਂ ਆਪਣੀ ਸਪਲਾਈ ਚੇਨ ’ਚ ਵਿਭਿੰਨਤਾ ਲਿਆਉਣ ਅਤੇ ਭੂ-ਸਿਆਸੀ ਤਣਾਅ ਤੇ ਵਧਦੀ ਮੈਨੂਫੈਕਚਰਿੰਗ ਲਾਗਤ ਕਾਰਨ ਹੋਰਨਾਂ ਦੇਸ਼ਾਂ ’ਤੇ ਨਿਰਭਰਤਾ ਘਟਾ ਰਹੀਆਂ ਹਨ। ਜਾਪਾਨੀ ਨਿਵੇਸ਼ਕ ਹੁਣ ਭਾਰਤ ਨੂੰ ਸਿਰਫ ਮੈਨੂਫੈਕਚਰਿੰਗ ਦਾ ਕੇਂਦਰ ਹੀ ਨਹੀਂ, ਸਗੋਂ ਵੱਡਾ ਖਪਤਕਾਰ ਬਾਜ਼ਾਰ ਅਤੇ ਇਨੋਵੇਸ਼ਨ ਹਬ ਮੰਨ ਰਹੇ ਹਨ। ਇਸ ਵਾਧੇ ’ਚ ਵੱਡੀਆਂ ਵਿੱਤੀ ਡੀਲਾਂ ਨੇ ਮੁੱਖ ਭੂਮਿਕਾ ਨਿਭਾਈ ਹੈ। ਜਾਪਾਨ ਦੇ ਐੱਮ. ਯੂ. ਐੱਫ. ਜੀ. ਬੈਂਕ ਵੱਲੋਂ ਸ਼੍ਰੀਰਾਮ ਫਾਈਨਾਂਸ ’ਚ 39,618 ਕਰੋੜ ਰੁਪਏ (4.4 ਬਿਲੀਅਨ ਡਾਲਰ) ਦਾ ਨਿਵੇਸ਼ ਭਾਰਤੀ ਵਿੱਤੀ ਖੇਤਰ ਦੀ ਸਭ ਤੋਂ ਵੱਡੀ ਸਰਹੱਦ-ਪਾਰ ਡੀਲ ਬਣ ਗਿਆ ਹੈ। ਇਸ ਤੋਂ ਇਲਾਵਾ ਬੈਂਕਿੰਗ, ਡਿਜੀਟਲ ਇਨਫ੍ਰਾਸਟਰੱਕਚਰ, ਆਟੋਮੋਬਾਈਲ ਅਤੇ ਗਲੋਬਲ ਕੈਪੇਬਿਲਟੀ ਸੈਂਟਰਾਂ (ਜੀ. ਸੀ. ਸੀਜ਼) ’ਚ ਵੀ ਜਾਪਾਨੀ ਨਿਵੇਸ਼ ਤੇਜ਼ੀ ਨਾਲ ਵਧਿਆ ਹੈ।
ਵਪਾਰ ਸੌਖਾਲਾ ਬਣਾਉਣ ਲਈ ਵਿਸ਼ੇਸ਼ ਕਦਮ
ਜਾਪਾਨੀ ਨਿਵੇਸ਼ਕਾਂ ਦੀ ਸੁਵਿਧਾ ਲਈ ਭਾਰਤ ਦੇ 9 ਸੂਬਿਆਂ ’ਚ 12 ‘ਜਾਪਾਨੀ ਇੰਡਸਟ੍ਰੀਅਲ ਟਾਊਨਸ਼ਿਪ’ (ਜੇ. ਆਈ. ਟੀ.) ਸਥਾਪਿਤ ਕੀਤੀਆਂ ਗਈਆਂ ਹਨ, ਜਿੱਥੇ ਵਿਸ਼ੇਸ਼ ਜਾਪਾਨ ਡੈਸਕ ਅਤੇ ਸਿੰਗਲ-ਵਿੰਡੋ ਸਿਸਟਮ ਮੁਹੱਈਆ ਕਰਵਾਇਆ ਗਿਆ ਹੈ। ਆਉਣ ਵਾਲੇ ਸਮੇਂ ’ਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.), ਸੈਮੀਕੰਡਕਟਰ, ਬੈਟਰੀ, ਊਰਜਾ, ਰੇਲਵੇ ਅਤੇ ਰੱਖਿਆ ਖੇਤਰ ’ਚ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ।
-ਰਿਕਾਰਡ ਨਿਵੇਸ਼ : ਅਪ੍ਰੈਲ-ਜੂਨ ਤਿਮਾਹੀ ’ਚ ਜਾਪਾਨ ਤੋਂ ਭਾਰਤ ’ਚ 5.71 ਬਿਲੀਅਨ ਡਾਲਰ (ਲੱਗਭਗ 48,000+ ਕਰੋੜ ਰੁਪਏ) ਦਾ ਰਿਕਾਰਡ ਐੱਫ. ਡੀ. ਆਈ. ਆਇਆ।
-29 ਫੀਸਦੀ ਹਿੱਸੇਦਾਰੀ : ਭਾਰਤ ਦੇ ਕੁਲ 19.81 ਬਿਲੀਅਨ ਡਾਲਰ ਇਕੁਇਟੀ ਐੱਫ. ਡੀ. ਆਈ. ’ਚੋਂ ਇਕੱਲੇ ਜਾਪਾਨ ਦਾ ਹਿੱਸਾ ਲੱਗਭਗ 29 ਫੀਸਦੀ ਰਿਹਾ।
-ਪਿਛਲੇ ਅੰਕੜੇ ਮਾਤ : ਇਹ ਨਿਵੇਸ਼ ਪੂਰੇ ਵਿੱਤੀ ਸਾਲ 2025-26 (3.74 ਬਿਲੀਅਨ ਡਾਲਰ) ਅਤੇ 2024-25 (2.48 ਬਿਲੀਅਨ ਡਾਲਰ) ਦੇ ਕੁਲ ਅੰਕੜੇ ਤੋਂ ਵੀ ਵੱਧ ਹੈ।
-ਸਭ ਤੋਂ ਵੱਡੀ ਡੀਲ : ਜਾਪਾਨ ਦੇ ਐੱਮ. ਯੂ. ਐੱਫ. ਜੀ. ਬੈਂਕ ਨੇ ਸ਼੍ਰੀਰਾਮ ਫਾਈਨਾਂਸ ’ਚ 4.4 ਬਿਲੀਅਨ ਡਾਲਰ (39,618 ਕਰੋੜ ਰੁਪਏ) ਦੀ 20 ਫੀਸਦੀ ਹਿੱਸੇਦਾਰੀ ਖਰੀਦੀ।
-ਦੂਜੇ ਮੁੱਖ ਨਿਵੇਸ਼ਕ : ਸਿੰਗਾਪੁਰ (5.22 ਬਿਲੀਅਨ ਡਾਲਰ), ਮਾਰੀਸ਼ਸ (2.4 ਬਿਲੀਅਨ ਡਾਲਰ), ਨੀਦਰਲੈਂਡ (1.38 ਬਿਲੀਅਨ ਡਾਲਰ) ਅਤੇ ਅਮਰੀਕਾ (1.35 ਬਿਲੀਅਨ ਡਾਲਰ)।
ਬ੍ਰਿਟੇਨ 'ਚ ਭਾਰਤੀ ਡਾਇਸਪੋਰਾ ਸੰਗਠਨਾਂ ਨੇ ਮਨਾਇਆ ਮੋਦੀ ਦੀ '25 ਸਾਲ ਜਨਤਕ ਸੇਵਾ' ਦਾ ਜਸ਼ਨ
NEXT STORY