ਨਵੀਂ ਦਿੱਲੀ— ਕੋਰੋਨਾ ਵਾਇਰਸ ਦਾ ਸੰਕਟ ਅਜੇ ਖ਼ਤਮ ਨਹੀਂ ਹੋਇਆ ਹੈ ਅਤੇ ਇਸ ਨੂੰ ਹਲਕੇ ’ਚ ਲੈਣਾ ਸਾਡੀ ਵੱਡੀ ਭੁੱਲ ਹੋ ਸਕਦੀ ਹੈ। ਮਾਸਕ ਜ਼ਰੂਰ ਪਹਿਨੋ ਅਤੇ ਸਮਾਜਿਕ ਦੂਰੀ ਦਾ ਪਾਲਣ ਵੀ ਕਰੋ। ਜੇਕਰ ਗੱਲ ਭਵਿੱਖ ਦੀ ਕੀਤੀ ਜਾਵੇ ਤਾਂ ਭਵਿੱਖ ਵਿਚ ਲੋਕ ਮੁੱਖ ਰੂਪ ਨਾਲ ਕੰਮ ਦੇ ਸਿਲਸਿਲੇ ਵਿਚ ਜਾਂ ਆਪਣੇ ਪਰਿਵਾਰਾਂ ਅਤੇ ਦੋਸਤਾਂ-ਮਿੱਤਰਾਂ ਨੂੰ ਮਿਲਣ ਲਈ ਯਾਤਰਾ ਕਰਨਗੇ। ਹਵਾਬਾਜ਼ੀ ਕੰਪਨੀ ਇੰਡੀਗੋ ਨੇ ਦਸੰਬਰ ’ਚ 23 ਹਜ਼ਾਰ ਯਾਤਰੀਆਂ ’ਤੇ ਕੀਤੇ ਗਏ ਸਰਵੇਖਣ ਤੋਂ ਬਾਅਦ ਇਹ ਦਾਅਵਾ ਕੀਤਾ ਹੈ। ਸਰਵੇਖਣ ਮੰਗਲਵਾਰ ਨੂੰ ਜਾਰੀ ਕੀਤਾ ਗਿਆ, ਜਿਸ ’ਚ ਕਿਹਾ ਗਿਆ ਹੈ ਕਿ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਣਾ (46 ਫ਼ੀਸਦੀ) ਅਤੇ ਕਾਰੋਬਾਰ (29 ਫ਼ੀਸਦੀ) ਯਾਤਰਾ ਦਾ ਅਹਿਮ ਕਾਰਨ ਹੋਣਗੇ। ਇਸ ਤੋਂ ਬਾਅਦ ਲੋਕ ਆਰਾਮ (9 ਫ਼ੀਸਦੀ) ਅਤੇ ਛੁੱਟੀਆਂ (7 ਫ਼ੀਸਦੀ) ਬਿਤਾਉਣ ਲਈ ਯਾਤਰਾ ਕਰਨਗੇ।
ਸਰਵੇਖਣ ਮੁਤਾਬਕ 69 ਫ਼ੀਸਦੀ ਯਾਤਰੀਆਂ ਨੇ ਕਿਹਾ ਕਿ ਉਹ ਆਉਣ ਵਾਲੇ ਤਿੰਨ ਮਹੀਨਿਆਂ ’ਚ ਫਿਰ ਤੋਂ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹਨ। ਜੂਨ ’ਚ ਕੀਤੇ ਗਏ ਸਰਵੇਖਣ ਵਿਚ ਇਹ ਅੰਕੜਾ 54 ਫ਼ੀਸਦੀ ਸੀ। ਸਰਵੇਖਣ ’ਚ ਹਿੱਸਾ ਲੈਣ ਵਾਲੇ 47 ਫ਼ੀਸਦੀ ਲੋਕ ਭਵਿੱਖ ’ਚ ਇਕੱਲੇ ਯਾਤਰਾ ਕਰਨਾ ਚਾਹੁੰਦੇ ਹਨ ਅਤੇ 43 ਫ਼ੀਸਦੀ ਲੋਕ ਪਰਿਵਾਰ ਨਾਲ ਯਾਤਰਾ ਕਰਨਾ ਚਾਹੁੰਦੇ ਹਨ। ਸਰਵੇਖਣ ਮੁਤਾਬਕ 55 ਫ਼ੀਸਦੀ ਲੋਕ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣ ਲਈ ਹਵਾਈ ਯਾਤਰਾ ਨੂੰ ਸਭ ਤੋਂ ਸੁਰੱਖਿਅਤ ਮੰਨਦੇ ਹਨ, 37 ਫ਼ੀਸਦੀ ਲੋਕ ਖ਼ੁਦ ਵਾਹਨ ਚਲਾਉਂਦੇ ਹਨ ਅਤੇ 8 ਫ਼ੀਸਦੀ ਲੋਕ ਰੇਲ ਯਾਤਰਾ ਨੂੰ ਸੁਰੱਖਿਅਤ ਸਮਝਦੇ ਹਨ।
ਇੰਡੀਗੋ ਦੇ ਮੁੱਖ ਵਣਜ ਅਧਿਕਾਰੀ ਵਿਲੀਅਮ ਬਾਉਲਟਰ ਨੇ ਕਿਹਾ ਕਿ ਇੰਡੀਗੋ ’ਚ ਯਾਤਰੀਆਂ ਦੇ ਭਰੋਸੇ ਵਿਚ 16 ਅੰਕ ਦਾ ਵਾਧਾ ਹੋਇਆ ਹੈ, ਜੋ ਜੂਨ ’ਚ 65 ਫ਼ੀਸਦੀ ਸੀ ਅਤੇ ਦਸੰਬਰ ’ਚ 81 ਫ਼ੀਸਦੀ ਹੈ। ਭਾਰਤ ’ਚ ਦੋ ਮਹੀਨੇ ਦੇ ਫ਼ਰਕ ਤੋਂ ਬਾਅਦ 25 ਮਈ ਨੂੰ ਘਰੇਲੂ ਯਾਤਰੀ ਉਡਾਣਾਂ ਮੁੜ ਸ਼ੁਰੂ ਕੀਤੀ ਗਈ ਸੀ। ਹਾਲਾਂਕਿ ਉਸ ਸਮੇਂ ਕੁੱਲ ਸਮਰੱਥਾ ਦੇ ਸਿਰਫ਼ 33 ਫ਼ੀਸਦੀ ਯਾਤਰੀਆਂ ਨਾਲ ਹੀ ਉਡਾਣਾਂ ਚਾਲੂ ਕਰਨ ਦੀ ਆਗਿਆ ਸੀ। ਇਸ ਗਿਣਤੀ ਨੂੰ ਹੌਲੀ-ਹੌਲੀ ਵਧਾ ਕੇ ਹੁਣ 80 ਫ਼ੀਸਦੀ ਕਰ ਦਿੱਤਾ ਗਿਆ ਹੈ।
31 ਦਸੰਬਰ ਤੱਕ ਚੱਲੇਗੀ ਸ਼ੀਤ ਲਹਿਰ, ਉੱਤਰ ਭਾਰਤ 'ਚ ਛਾਈ ਰਹੇਗੀ ਸੰਘਣੀ ਧੁੰਦ
NEXT STORY