ਪਟਨਾ (ਇੰਟ.)- ਸਿਨੇਮਾ ਹਾਲ ਵਿਚ ਬਾਹਰੋਂ ਪਾਣੀ ਦੀ ਬੋਤਲ ਲੈ ਕੇ ਜਾਣ ’ਤੇ ਰੋਕ ਅਤੇ ਅੰਦਰ ਉਸੇ ਪਾਣੀ ਨੂੰ ਢਾਈ ਗੁਣਾ ਕੀਮਤ ’ਤੇ ਵੇਚਣ ਦੇ ਮਾਮਲੇ ਵਿਚ ਪਟਨਾ ਦੇ ਜ਼ਿਲਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ਸਿਨੇਪੋਲਿਸ ਅਤੇ ਕੋਕਾ-ਕੋਲਾ ਨੂੰ ਕੁੱਲ 85,000 ਰੁਪਏ ਦੇਣ ਦਾ ਹੁਕਮ ਦਿੱਤਾ ਹੈ। ਕਮਿਸ਼ਨ ਨੇ ਇਸ ਨੂੰ ਅਣਉਚਿਤ ਅਤੇ ਪਾਬੰਦੀਸ਼ੁਦਾ ਵਪਾਰਕ ਵਿਵਹਾਰ ਮੰਨਦੇ ਹੋਏ ਸਪੱਸ਼ਟ ਕੀਤਾ ਕਿ ਖਪਤਕਾਰ ਨੂੰ ਬਾਹਰੋਂ ਪਾਣੀ ਲਿਆਉਣ ਤੋਂ ਰੋਕ ਕੇ ਵੱਧ ਕੀਮਤ ’ਤੇ ਬੋਤਲਬੰਦ ਪਾਣੀ ਖਰੀਦਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਮਾਮਲੇ ਵਿਚ ਕੋਕਾ-ਕੋਲਾ ਦੀ ਭੂਮਿਕਾ ਵੀ ਮਹੱਤਵਪੂਰਨ ਸੀ, ਕਿਉਂਕਿ ਸਿਨੇਮਾਘਰ ਵਿਚ ਵੇਚੀ ਗਈ ਕਿਨਲੇ ਪਾਣੀ ਦੀ ਬੋਤਲ ਕੰਪਨੀ ਦੇ ਬ੍ਰਾਂਡ ਦੀ ਸੀ।
‘ਪਿੰਕ’ ਫਿਲਮ ਦੇਖਣ ਪਹੁੰਚੇ ਦਰਸ਼ਕ ਨੇ ਕੀਤੀ ਸੀ ਸ਼ਿਕਾਇਤ
ਸ਼ਿਕਾਇਤਕਰਤਾ ਰਜਤ ਤਿਵਾਰੀ 23 ਸਤੰਬਰ, 2016 ਨੂੰ ਪਟਨਾ ਦੇ ਇਕ ਸਿਨੇਪੋਲਿਸ ਸਿਨੇਮਾਘਰ ਵਿਚ ਫਿਲਮ ‘ਪਿੰਕ’ ਦੇਖਣ ਪਹੁੰਚੇ ਸਨ। ਸ਼ਿਕਾਇਤ ਮੁਤਾਬਕ, ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਆਪਣੀ ਪਾਣੀ ਦੀ ਬੋਤਲ ਸਿਨੇਮਾਘਰ ਦੇ ਅੰਦਰ ਲੈ ਕੇ ਜਾਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਉੱਥੇ ਕਿਨਲੇ ਬ੍ਰਾਂਡ ਦੀ ਪਾਣੀ ਦੀ ਬੋਤਲ 50 ਰੁਪਏ ਵਿਚ ਖਰੀਦਣੀ ਪਈ, ਜਦਕਿ ਉਸ ਦੀ ਬਾਜ਼ਾਰੀ ਕੀਮਤ 20 ਰੁਪਏ ਦੱਸੀ ਗਈ ਸੀ। ਤਿਵਾਰੀ ਨੇ ਇਸ ਨੂੰ ਅਣਉਚਿਤ ਵਪਾਰਕ ਵਿਵਹਾਰ ਦੱਸਦੇ ਹੋਏ ਖਪਤਕਾਰ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ। ਉਨ੍ਹਾਂ ਨੇ ਮਾਨਸਿਕ ਪ੍ਰੇਸ਼ਾਨੀ ਅਤੇ ਕਾਨੂੰਨੀ ਖਰਚਿਆਂ ਲਈ ਮੁਆਵਜ਼ੇ ਦੀ ਮੰਗ ਕੀਤੀ ਸੀ।
ਦੋਵਾਂ ਕੰਪਨੀਆਂ ਨੇ ਦਿੱਤੀ ਆਪਣੀ-ਆਪਣੀ ਦਲੀਲ
ਸੁਣਵਾਈ ਦੌਰਾਨ ਸਿਨੇਪੋਲਿਸ ਨੇ ਕਿਹਾ ਕਿ ਪਾਣੀ ਦੀ ਬੋਤਲ ਦੀ ਕੀਮਤ ਤੈਅ ਕਰਨ ਵਿਚ ਉਸ ਦੀ ਕੋਈ ਭੂਮਿਕਾ ਨਹੀਂ ਸੀ। ਉੱਥੇ ਹੀ ਕੋਕਾ-ਕੋਲਾ ਨੇ ਆਪਣੀ ਪੱਖੋਂ ਦਲੀਲ ਦਿੱਤੀ ਕਿ ਉਸ ਦੀ ਮੁੱਲ ਨਿਰਧਾਰਨ ਪ੍ਰਣਾਲੀ ਲਾਗੂ ਨਿਯਮਾਂ ਦੇ ਅਨੁਕੂਲ ਸੀ। ਹਾਲਾਂਕਿ ਕਮਿਸ਼ਨ ਨੇ ਦੋਵਾਂ ਕੰਪਨੀਆਂ ਦੀਆਂ ਦਲੀਲਾਂ ਨੂੰ ਰੱਦ ਕਰਦੇ ਹੋਏ ਉਨ੍ਹਾਂ ਨੂੰ ਮਾਮਲੇ ਵਿਚ ਜ਼ਿੰਮੇਵਾਰ ਠਹਿਰਾਇਆ। ਇਹ ਵਿਵਾਦ ਸਿਨੇਮਾਘਰਾਂ ਵਿਚ ਬਾਹਰੋਂ ਖਾਣ-ਪੀਣ ਵਾਲੀਆਂ ਵਸਤਾਂ ਅਤੇ ਪਾਣੀ ਲੈ ਕੇ ਜਾਣ ’ਤੇ ਲਗਾਈਆਂ ਜਾਣ ਵਾਲੀਆਂ ਪਾਬੰਦੀਆਂ ਅਤੇ ਅੰਦਰ ਵੇਚੀਆਂ ਜਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਨੂੰ ਲੈ ਕੇ ਇਕ ਵਾਰ ਫਿਰ ਸਵਾਲ ਖੜ੍ਹੇ ਕਰਦਾ ਹੈ।
ਖਪਤਕਾਰਾਂ ਦੇ ਅਧਿਕਾਰਾਂ ’ਤੇ ਫਿਰ ਚਰਚਾ
ਇਸ ਫੈਸਲੇ ਨੇ ਸਿਨੇਮਾਘਰਾਂ ਵਿਚ ਪਾਣੀ ਅਤੇ ਖਾਣ-ਪੀਣ ਵਾਲੀਆਂ ਵਸਤਾਂ ਦੀ ਵਿਕਰੀ ਦੀ ਵਿਵਸਥਾ ’ਤੇ ਬਹਿਸ ਨੂੰ ਦੁਬਾਰਾ ਤੇਜ਼ ਕਰ ਦਿੱਤਾ ਹੈ। ਇਹ ਮਾਮਲਾ ਉਨ੍ਹਾਂ ਖਪਤਕਾਰਾਂ ਲਈ ਵੀ ਅਹਿਮ ਹੈ, ਜਿਨ੍ਹਾਂ ਨੂੰ ਕਿਸੇ ਵਸਤੂ ਦੀ ਕੀਮਤ ਜਾਂ ਉਸ ਨੂੰ ਖਰੀਦਣ ਲਈ ਅਪਣਾਈ ਜਾ ਰਹੀ ਵਿਵਸਥਾ ਅਣਉਚਿਤ ਲੱਗਦੀ ਹੈ। ਅਜਿਹੇ ਮਾਮਲਿਆਂ ਵਿਚ ਖਪਤਕਾਰ ਸਬੰਧਿਤ ਕਮਿਸ਼ਨ ਜਾਂ ਅਥਾਰਟੀ ਦੇ ਸਾਹਮਣੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ।
50,000 ਰੁਪਏ ਜਮ੍ਹਾ ਹੋਣਗੇ ਭਲਾਈ ਫੰਡ ਵਿਚ
ਹੁਕਮ ਅਨੁਸਾਰ, ਰਜਤ ਤਿਵਾਰੀ ਨੂੰ ਮਾਨਸਿਕ ਪ੍ਰੇਸ਼ਾਨੀ ਦੇ ਮੁਆਵਜ਼ੇ ਵਜੋਂ 25,000 ਰੁਪਏ ਅਤੇ ਕਾਨੂੰਨੀ ਖਰਚਿਆਂ ਲਈ 10,000 ਰੁਪਏ ਦਿੱਤੇ ਜਾਣਗੇ। ਬਾਕੀ 50,000 ਰੁਪਏ ਸੂਬਾ ਖਪਤਕਾਰ ਭਲਾਈ ਫੰਡ ਵਿਚ ਜਮ੍ਹਾ ਕਰਵਾਉਣੇ ਪੈਣਗੇ। ਇਸ ਤਰ੍ਹਾਂ ਕੁੱਲ ਰਕਮ 85,000 ਰੁਪਏ ਬਣਦੀ ਹੈ। ਰਿਪੋਰਟ ਦੇ ਮੁਤਾਬਕ, ਦੋਵਾਂ ਕੰਪਨੀਆਂ ਨੂੰ ਹੁਕਮ ਦੀ ਪਾਲਣਾ 45 ਦਿਨਾਂ ਦੇ ਅੰਦਰ ਕਰਨੀ ਹੋਵੇਗੀ। ਨਿਰਧਾਰਤ ਸਮੇਂ ਵਿਚ ਭੁਗਤਾਨ ਨਾ ਹੋਣ ’ਤੇ ਵਿਆਜ ਵੀ ਲਾਗੂ ਹੋਵੇਗਾ।
ਲਾਊਡਸਪੀਕਰ ਦੀ ਹੱਦ ਤੋਂ ਜ਼ਿਆਦਾ ਵਧ ਆਵਾਜ਼ ਦੇਣ ਕਾਰਨ ਇਕ ਵਿਅਕਤੀ ਗ੍ਰਿਫਤਾਰ
NEXT STORY