* ਸੂਫੀ ਗਾਇਕਾ ਜੋਤੀ ਨੂਰਾਂ ਦਾ ਪਤੀ ਦੇ ਨਾਲ ਸਹੁਰੇ ਘਰ ਪਹੁੰਚਣ 'ਤੇ ਹੋਇਆ ਗਰਮਜੋਸ਼ੀ ਨਾਲ ਸਵਾਗਤ * ਮੇਰੇ ਪਿਤਾ ਨੇ ਨਾ ਮੈਨੂੰ ਕਦੇ ਧੀ ਸਮਝਿਆ ਅਤੇ ਨਾ ਹੀ ਸਮਝਣਗੇ
ਫਿਲੌਰ, (ਭਾਖੜੀ)- ਅੱਜ ਸਵੇਰੇ 6 ਵਜੇ ਪੰਜਾਬ ਦੀ ਮਸ਼ਹੂਰ ਸੂਫੀ ਗਾਇਕਾ ਜੋਤੀ ਮੀਰ ਨੂਰਾਂ ਤੋਂ ਜੋਤੀ ਨੂਰਾਂ ਪਾਸੀ ਬਣੀ ਆਪਣੇ ਪਤੀ ਕੁਨਾਲ ਪਾਸੀ ਨਾਲ ਆਪਣੇ ਸਹੁਰੇ ਘਰ ਫਿਲੌਰ ਪਹੁੰਚੀ।
ਪੁਲਸ ਸੁਰੱਖਿਆ ਦੇ ਨਾਲ ਆਇਆ ਇਹ ਜੋੜਾ ਫਿਲੌਰ ਪਹੁੰਚਦੇ ਹੀ ਸਭ ਤੋਂ ਪਹਿਲਾਂ ਸ਼ਹਿਰ ਦੇ ਬਾਹਰ ਮੇਨ ਜੀ. ਟੀ. ਰੋਡ 'ਤੇ ਬਣੇ ਮਈਆ ਭਗਵਾਨ ਜੀ ਦੇ ਡੇਰੇ 'ਤੇ ਨਤਮਸਤਕ ਹੋਇਆ। ਭਗਵਾਨ ਦਾ ਆਸ਼ੀਰਵਾਦ ਲੈਣ ਤੋਂ ਬਾਅਦ ਦੋਵੇਂ ਪਤੀ-ਪਤਨੀ ਕੁਨਾਲ ਦੇ ਘਰ ਪਹੁੰਚੇ, ਜਿਥੇ ਕੁਨਾਲ ਪਾਸੀ ਦੀ ਮਾਂ ਸੁਨੀਤਾ ਪਾਸੀ, ਪਿਤਾ ਸੁਸ਼ੀਲ ਪਾਸੀ ਤੇ ਪਰਿਵਾਰ ਨੇ ਨਵੇਂ ਜੋੜੇ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਕੁਨਾਲ ਦੀ ਮਾਂ ਨੇ ਸਾਰੇ ਰੀਤੀ-ਰਿਵਾਜ਼ ਪੂਰੇ ਕਰਨ ਤੋਂ ਬਾਅਦ ਆਪਣੀ ਨਵੀਂ ਨੂੰਹ ਨੂੰ ਗਲ ਨਾਲ ਲਾ ਕੇ ਪਿਆਰ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੋਤੀ ਨੂਰਾਂ ਪਾਸੀ ਨੇ ਇਕ ਵਾਰ ਫਿਰ ਆਪਣੇ ਪਿਤਾ ਗੁਲਸ਼ਨ ਮੀਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਗਵਾਨ ਉਨ੍ਹਾਂ ਨੂੰ ਸਦਬੁੱਧੀ ਦੇਵੇ। ਅਜੇ ਵੀ ਉਨ੍ਹਾਂ ਕੋਲ ਇਕ ਮੌਕਾ ਹੈ ਦੋਵਾਂ ਭੈਣਾ ਦੀ ਜੋੜੀ ਨੂੰ ਟੁੱਟਣ ਤੋਂ ਬਚਾਉਣ ਲਈ, ਨਹੀਂ ਤਾਂ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕ, ਦਰਸ਼ਕ ਜਿਹੜੇ ਦੋਵਾਂ ਭੈਣਾਂ ਦੀ ਜੁਗਲਬੰਦੀ ਦੇ ਦੀਵਾਨੇ ਹਨ, ਉਹ ਕਦੇ ਵੀ ਉਨ੍ਹਾਂ ਨੂੰ ਦੁਬਾਰਾ ਇਕੱਠਿਆਂ ਗਾਉਂਦੇ ਦੇਖ-ਸੁਣਨ ਨਹੀਂ ਸਕਣਗੇ। ਇਸ ਦੇ ਜ਼ਿੰਮੇਵਾਰ ਉਸ ਦੇ ਪਿਤਾ ਗੁਲਸ਼ਨ ਮੀਰ ਹੋਣਗੇ। ਜੋਤੀ ਨੂਰਾਂ ਪਾਸੀ ਨੇ ਆਪਣੇ ਪਿਤਾ 'ਤੇ ਵਰ੍ਹਦਿਆਂ ਕਿਹਾ ਕਿ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਜਨਮ ਜ਼ਰੂਰ ਦਿੱਤਾ ਹੈ ਪਰ ਉਸਦੇ ਪਿਤਾ ਨੇ ਕਦੇ ਵੀ ਉਸ ਨੂੰ ਆਪਣੀ ਧੀ ਨਹੀਂ ਮੰਨਿਆ। ਉਸ ਦੇ ਨਾਲ ਘਰ ਵਿਚ ਜਾਨਵਰਾਂ ਤੋਂ ਵੀ ਬੁਰਾ ਸਲੂਕ ਕੀਤਾ ਜਾਂਦਾ ਸੀ। ਉਸ ਦੀ ਹਾਲਤ ਘਰ ਵਿਚ ਉਸ ਬੁਲਬੁਲ ਵਰਗੀ ਸੀ, ਜਿਸ ਨੂੰ ਸੋਨੇ ਦੇ ਪਿੰਜਰੇ ਵਿਚ ਕੈਦ ਕਰਕੇ ਰੱਖਿਆ ਸੀ। ਹਰ ਕਿਸੇ ਨੂੰ ਵੇਖਣ 'ਤੇ ਤਾਂ ਉਹ ਪਿੰਜਰਾ ਸੋਨੇ ਦਾ ਲੱਗਦਾ ਸੀ ਪਰ ਕੈਦਖਾਨਾ ਤਾਂ ਕੈਦਖਾਨਾ ਹੀ ਹੁੰਦਾ ਹੈ। ਉਸ ਨੇ ਦੱਸਿਆ ਕਿ ਉਸਦੇ ਪਿਤਾ ਉਸ ਤੋਂ ਇਕ-ਇਕ ਦਿਨ ਵਿਚ ਵੱਖ-ਵੱਖ ਸ਼ਹਿਰਾਂ ਵਿਚ ਰਾਤ-ਦਿਨ 24 ਘੰਟੇ ਪ੍ਰੋਗਰਾਮ ਕਰਵਾਉਂਦੇ ਸਨ। ਇਕ ਸਮੇਂ ਦਾ ਖਾਣਾ ਨਸੀਬ ਹੋਣਾ ਤਾਂ ਦੂਰ ਦੀ ਗੱਲ ਹੈ, ਉਹ ਚਲਦੀ ਗੱਡੀ ਵਿਚ ਅੱਖਾਂ ਬੰਦ ਕਰਕੇ ਆਪਣੀ ਥਕਾਵਟ ਅਤੇ ਨੀਂਦ ਪੂਰੀ ਕਰਦੀ ਸੀ। ਉਸਦੇ ਪਿਤਾ ਨੂੰ ਤਾਂ ਬਸ ਪ੍ਰੋਗਰਾਮ ਤੋਂ ਹੋਣ ਵਾਲੀ ਮੋਟੀ ਕਮਾਈ ਚਾਹੀਦੀ ਸੀ।
ਜੇਕਰ ਉਹ ਕਦੇ ਬੀਮਾਰ ਹੋਣ ਦੇ ਕਾਰਨ ਪ੍ਰੋਗਰਾਮ ਬੁੱਕ ਕਰਨ ਤੋਂ ਮਨ੍ਹਾ ਕਰ ਦਿੰਦੀ ਤਾਂ ਉਸ ਦੇ ਪਿਤਾ ਉਸ ਨੂੰ ਬੁਰੀ ਤਰ੍ਹਾਂ ਨਾਲ ਮਾਰਦੇ-ਕੁੱਟਦੇ ਸੀ। ਪੁਰਾਣੇ ਦਿਨਾਂ ਨੂੰ ਯਾਦ ਕਰਕੇ ਜੋਤੀ ਨੂਰਾਂ ਪੱਤਰਕਾਰ ਸੰਮੇਲਨ ਵਿਚ ਐਨੀ ਭਾਵੁਕ ਹੋ ਗਈ ਕਿ ਉਸ ਦੀਆਂ ਅੱਖਾਂ ਵਿਚੋਂ ਹੰਝੂ ਰੋਕੇ ਨਹੀਂ ਰੁਕ ਰਹੇ ਸਨ। ਉਸ ਨੇ ਕਿਹਾ ਕਿ ਜਿੰਨੇ ਜ਼ੁਲਮ ਉਸਦੇ ਪਿਤਾ ਨੇ ਉਸ ਉਪਰ ਕੀਤੇ ਹਨ, ਇਸ ਤਰ੍ਹਾਂ ਦੀ ਜ਼ਿੰਦਗੀ ਪ੍ਰਮਾਤਮਾ ਕਿਸੇ ਹੋਰ ਲੜਕੀ ਨੂੰ ਨਾ ਦੇਵੇ।
ਜੋਤੀ ਨੇ ਕਿਹਾ ਕਿ ਹੁਣ ਵੀ ਉਸਦੇ ਪਿਤਾ ਉਸੇ ਤਰ੍ਹਾਂ ਹੀ ਚਾਹੁੰਦੇ ਹਨ ਕਿ ਉਸ ਦਾ ਪਤੀ ਕੁਨਾਲ ਪਾਸੀ ਉਸ ਦੇ ਨਾਲ ਉਸੇ ਦੇ ਘਰ ਵਿਚ ਘਰ ਜਵਾਈ ਬਣ ਕੇ ਰਹੇ ਤਾਂ ਕਿ ਉਹ ਪਹਿਲਾਂ ਵਾਂਗ 24 ਘੰਟੇ ਰਾਤ-ਦਿਨ ਉਸ ਤੋਂ ਪ੍ਰੋਗਰਾਮ ਕਰਵਾ ਕੇ ਮੋਟੇ ਰੁਪਏ ਕਮਾ ਸਕਣ ਪਰ ਹੁਣ ਉਸਦੇ ਇਹ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣਗੇ। ਉਸ ਨੇ ਕਿਹਾ ਕਿ ਉਨ੍ਹਾਂ ਨੇ ਘਰ ਜਵਾਈ ਬਣਨ ਦੀ ਆਫਰ ਠੁਕਰਾ ਦਿੱਤੀ ਹੈ। ਜੋਤੀ ਦੇ ਪਤੀ ਕੁਨਾਲ ਪਾਸੀ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਵੀ ਸ਼ਰਤ ਮਨਜ਼ੂਰ ਨਹੀਂ ਹੈ। ਮੈਂ ਅਤੇ ਮੇਰੀ ਪਤਨੀ ਆਪਣੇ ਘਰ ਫਿਲੌਰ ਵਿਚ ਰਹਾਂਗੇ, ਜਿੰਨਾ ਕੰਮ ਹੋ ਸਕਦਾ ਹੈ ਉਸ ਦੀ ਪਤਨੀ ਓਨਾ ਹੀ ਕਰੇਗੀ।
ਜਲਦੀ ਹੀ ਪਹਿਲਾਂ ਵਾਂਗ ਸੂਫੀ ਗੀਤ ਗਾਉਣੇ ਸ਼ੁਰੂ ਕਰ ਦੇਵਾਂਗੀ : ਜੋਤੀ
ਜੋਤੀ ਨੇ ਫਿਰ ਦੁਹਰਾਇਆ ਕਿ ਉਹ ਇਕੱਲੀ ਗੀਤ ਗਾ ਸਕਦੀ ਹੈ, ਉਸਦੀ ਭੈਣ ਨਹੀਂ। ਉਸ ਨੇ ਕਿਹਾ ਕਿ ਉਹ ਬੇਸ਼ੱਕ ਤਿੰਨ ਮਹੀਨੇ ਤੱਕ ਪ੍ਰੋਟੈਕਸ਼ਨ ਹੋਮ ਵਿਚ ਰਹੀ ਹੈ ਪਰ ਉਸਨੇ ਉਥੇ ਵੀ ਰੋਜ਼ਾਨਾ ਰਿਆਜ਼ ਕਰਨਾ ਜਾਰੀ ਰੱਖਿਆ ਸੀ। ਉਸ ਨੇ ਕਿਹਾ ਕਿ ਉਸ ਨੂੰ ਫਿਲਮ ਇੰਡਸਟਰੀ ਤੋਂ ਵੀ ਕਈ ਆਫਰਾਂ ਆਈਆਂ ਹਨ, ਉਹ ਆਪਣੇ ਪਤੀ ਦੇ ਨਾਲ ਪਹਿਲਾਂ ਧਾਰਮਿਕ ਸਥਾਨਾਂ 'ਤੇ ਮੱਥਾ ਟੇਕਣ ਤੋਂ ਬਾਅਦ ਆਪਣੇ ਸਾਈਂ ਜੀ ਅਤੇ ਪੀਰਾਂ ਦਾ ਆਸ਼ੀਰਵਾਦ ਲੈ ਕੇ ਜਲਦੀ ਹੀ ਪਹਿਲਾਂ ਵਾਂਗ ਸੂਫੀ ਗੀਤ ਗਾਉਣੇ ਸ਼ੁਰੂ ਕਰ ਦੇਵੇਗੀ। ਉਸ ਨੇ ਕਿਹਾ ਕਿ ਉਸ ਨੂੰ ਆਪਣੇ ਪਤੀ ਦੇ ਘਰ ਫਿਲੌਰ ਆ ਕੇ ਜ਼ਿੰਦਗੀ ਦਾ ਸਭ ਤੋਂ ਵੱਡਾ ਸਕੂਨ ਮਿਲਿਆ ਹੈ।
ਨਸ਼ੇ ਵੇਚਣ ਵਾਲੇ ਕੈਮਿਸਟਾਂ ਦੇ ਲਾਇਸੈਂਸ ਹੋਣਗੇ ਰੱਦ : ਜੋਸ਼ੀ
NEXT STORY