ਨਵੇਂ ਵਿਆਹੇ ਜੋੜੇ ਨੂੰ ਸ਼੍ਰੀ ਵਿਜੇ ਚੋਪੜਾ ਸਮੇਤ ਕਈ ਪਤਵੰਤਿਆਂ ਨੇ ਦਿੱਤਾ ਆਸ਼ੀਰਵਾਦ
ਹੁਸ਼ਿਆਰਪੁਰ, (ਅਸ਼ਵਨੀ ਕਪੂਰ) - ਡੈੱਨਮਾਰਕ ਦੀ ਵਿਸ਼ਵ ਪ੍ਰਸਿੱਧ ਗਾਇਕਾ ਅਨੀਤਾ ਲਿਆਕੇ ਤੇ ਸੌਰੇਨ ਦੇ ਵਿਆਹ ਉਪਰੰਤ ਰਿਸੈਪਸ਼ਨ ਦਾ ਆਯੋਜਨ ਸਰਵ ਧਰਮ ਸਦਭਾਵਨਾ ਕਮੇਟੀ ਹੁਸ਼ਿਆਰਪੁਰ ਵਲੋਂ ਕੀਤਾ ਗਿਆ, ਜਿਸ ਵਿਚ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੇ ਚੋਪੜਾ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ।
ਇਸ ਮੌਕੇ ਜਦੋਂ ਅਨੀਤਾ ਲਿਆਕੇ ਤੇ ਸੌਰੇਨ ਨੇ ਪੰਜਾਬੀ ਲਾੜੇ-ਲਾੜੀ ਦੇ ਪਹਿਰਾਵੇ ਵਿਚ ਪੰਡਾਲ 'ਚ ਪ੍ਰਵੇਸ਼ ਕੀਤਾ ਤਾਂ ਸਾਰਿਆਂ ਨੇ ਤਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰੋ. ਸਰਿਤਾ ਤਿਵਾੜੀ ਨੇ ਦੱਸਿਆ ਕਿ ਅਨੀਤਾ ਨੇ ਸਿਰਫ 7 ਸਾਲ ਦੀ ਉਮਰ ਵਿਚ ਡੈੱਨਮਾਰਕ 'ਚ ਗਾਉਣਾ ਸ਼ੁਰੂ ਕੀਤਾ ਸੀ। ਉਦੋਂ ਤੋਂ ਹੀ ਅਨੀਤਾ ਨੇ ਪੰਜਾਬ ਦੀ ਸੱਭਿਅਤਾ ਤੇ ਸੰਸਕ੍ਰਿਤੀ ਨੂੰ ਅਪਣਾਇਆ ਤੇ ਉਸਦੀ ਜ਼ਿੰਦਗੀ ਹੀ ਬਦਲ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸੁਰਿੰਦਰ ਕੌਰ ਨੂੰ ਪੰਜਾਬ ਦੀ ਕੋਇਲ ਕਿਹਾ ਜਾਂਦਾ ਹੈ ਤਾਂ ਅਨੀਤਾ ਨੂੰ ਪੰਜਾਬ ਤੇ ਡੈੱਨਮਾਰਕ ਦੀ ਲਾਈਟ ਕਿਹਾ ਜਾਂਦਾ ਹੈ। ਅਨੀਤਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ 'ਜੇਕਰ ਦੀਵਾਲੀ ਮਨਾਉਣ ਲਈ ਹਜ਼ਾਰਾਂ ਦੀਪਕ ਚਾਹੀਦੇ ਹੋਣ ਤਾਂ ਇਕ ਹੀ ਦੀਪਕ ਰਾਹ ਦਿਖਾਉਣ ਲਈ ਕਾਫੀ ਹੈ। ਹੁਣ ਅਨੀਤਾ ਭਾਰਤ ਦੀ ਬੇਟੀ ਹੈ।
ਇਸ ਸਮਾਰੋਹ ਵਿਚ ਪੰਜਾਬ ਦੇ ਜੇਲ ਵਿਭਾਗ ਦੇ ਮੰਤਰੀ ਸੋਹਣ ਸਿੰਘ ਠੰਡਲ ਨੇ ਸਭ ਤੋਂ ਪਹਿਲਾਂ ਨਵੀਂ ਵਿਆਹੀ ਜੋੜੀ ਨੂੰ ਫੁੱਲਾਂ ਦੇ ਬੁੱਕੇ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਕਿਹਾ ਕਿ ਅਨੀਤਾ ਦੇਸ਼-ਵਿਦੇਸ਼ ਵਿਚ ਪੰਜਾਬੀ ਸੱਭਿਅਤਾ ਦਾ ਪ੍ਰਚਾਰ ਕਰ ਰਹੀ ਹੈ। ਸ਼੍ਰੀ ਚੋਪੜਾ ਨੇ ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ ਤੇ ਕਿਹਾ ਕਿ ਅਨੀਤਾ ਨੇ ਪੰਜਾਬ ਵਿਚ 8 ਸਾਲ ਦੇ ਸਫ਼ਰ ਰਾਹੀਂ ਪੰਜਾਬੀ ਤੇ ਹਿੰਦੀ ਗਾਇਕੀ 'ਚ ਵਿਸ਼ੇਸ਼ ਪਛਾਣ ਬਣਾਈ ਹੈ। ਧਾਰਮਿਕ ਜਗਤ ਨੇ ਉਸਨੂੰ ਬਹੁਤ ਸਨਮਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਨੀਤਾ ਨੂੰ ਪੰਜਾਬੀ ਗਾਇਕੀ ਤੇ ਹਿੰਦੀ ਭਜਨ ਸਿਖਾਉਣ 'ਚ ਸਵ. ਰਤਨ ਸਿੰਘ ਰਾਜਪੂਤ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਨ੍ਹਾਂ ਕਿਹਾ ਕਿ ਰਤਨ ਸਿੰਘ ਰਾਜਪੂਤ ਇਕ ਵਿਲੱਖਣ ਸ਼ਖਸੀਅਤ ਦੇ ਮਾਲਕ ਸਨ, ਜਿਨ੍ਹਾਂ ਹਮੇਸ਼ਾ ਸਾਰਿਆਂ ਦੇ ਹਿੱਤਾਂ ਤੇ ਸੁਖ-ਸਹੂਲਤ ਦੀ ਭਾਵਨਾ ਨਾਲ ਕੰਮ ਕੀਤਾ।
ਇਸ ਮੌਕੇ ਦੂਰਦਰਸ਼ਨ ਕੇਂਦਰ ਦੇ ਡਿਪਟੀ ਡਾਇਰੈਕਟਰ ਜਨਰਲ ਡਾ. ਓਮ ਦੱਤ ਗੈਰੀ ਨੇ ਕਿਹਾ ਕਿ ਪੰਜਾਬ ਹਮੇਸ਼ਾ ਅਨੀਤਾ ਦਾ ਰਿਣੀ ਰਹੇਗਾ, ਕਿਉਂਕਿ ਉਹ ਪੰਜਾਬੀਅਤ ਦਾ ਪ੍ਰਚਾਰ ਵਿਦੇਸ਼ਾਂ ਵਿਚ ਵੀ ਬਾਖੂਬੀ ਕਰ ਰਹੀ ਹੈ। ਸਰਵ ਧਰਮ ਕਮੇਟੀ ਹੁਸ਼ਿਆਰਪੁਰ ਦੇ ਸੰਯੋਜਕ ਅਨੁਰਾਗ ਸੂਦ ਨੇ ਕਿਹਾ ਕਿ ਸ਼੍ਰੀ ਵਿਜੇ ਚੋਪੜਾ ਦੀ ਪ੍ਰੇਰਨਾ ਨਾਲ ਇਸ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਅਨੀਤਾ ਲਿਆਕੇ ਨੇ ਇੱਛਾ ਪ੍ਰਗਟ ਕੀਤੀ ਸੀ ਕਿ ਹਿੰਦੁਸਤਾਨੀ ਪ੍ਰੰਪਰਾ ਨਾਲ ਆਪਣਾ ਵਿਆਹ ਕਰਕੇ ਭਾਰਤੀ ਸੰਸਕ੍ਰਿਤੀ ਤੇ ਸੰਸਕਾਰਾਂ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਨਾਲ ਅਨੁਭਵ ਕਰਨਾ ਚਾਹੁੰਦੀ ਹੈ। ਵਿਆਹ ਵਿਚ ਕੀਤੇ ਗਏ ਸਾਰੇ ਰੀਤੀ-ਰਿਵਾਜਾਂ ਦੀ ਅਨੀਤਾ ਨੇ ਚੰਗੀ ਤਰ੍ਹਾਂ ਜਾਣਕਾਰੀ ਲਈ।
ਰਿਸੈਪਸ਼ਨ ਸਮਾਰੋਹ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਮਹਾਰਾਸ਼ਟਰ ਦੇ ਸਾਬਕਾ ਵਧੀਕ ਮੁੱਖ ਸਕੱਤਰ ਗੁਰਕੀਰਤ ਸਿੰਘ ਗਿੱਲ ਨੇ ਕਿਹਾ ਕਿ ਅਨੀਤਾ ਆਪਣੇ ਗੀਤਾਂ ਰਾਹੀਂ ਪੂਰਬ ਤੇ ਪੱਛਮ ਦੀ ਸੱਭਿਅਤਾ ਨੂੰ ਨਜ਼ਦੀਕ ਲਿਆਉਣ ਵਿਚ ਵਿਸ਼ੇਸ਼ ਭੂਮਿਕਾ ਨਿਭਾਅ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਚਿਰ-ਸਥਾਈ ਸ਼ਾਂਤੀ ਕਾਇਮ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅਨੁਰਾਗ ਸੂਦ ਅਤੇ ਆਗਿਆਪਾਲ ਸਿੰਘ ਰੰਧਾਵਾ ਤੇ ਉਨ੍ਹਾਂ ਦੇ ਸਾਥੀ ਇਸ ਦਿਸ਼ਾ ਵਿਚ ਸ਼ਲਾਘਾਯੋਗ ਯਤਨ ਕਰ ਰਹੇ ਹਨ।
ਇਸ ਮੌਕੇ ਸਾਬਕਾ ਰਾਜਦੂਤ ਤੇ ਵਿਦੇਸ਼ੀ ਮਾਮਲਿਆਂ ਦੇ ਮਾਹਿਰ ਦੀਪਕ ਵੋਹਰਾ ਨੇ ਨਵੀਂ ਵਿਆਹੀ ਜੋੜੀ ਨੂੰ ਮੁਬਾਰਕਬਾਦ ਦਿੱਤੀ। ਵਧੀਕ ਜ਼ਿਲਾ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਕਿਹਾ ਕਿ ਹੁਸ਼ਿਆਰਪੁਰ ਲਈ ਇਹ ਮਾਣ ਵਾਲੀ ਗੱਲ ਹੈ ਕਿ ਅਨੀਤਾ ਨੇ ਇਥੇ ਰਹਿ ਕੇ ਪੰਜਾਬੀ ਗਾਇਕੀ ਸਿੱਖੀ ਤੇ ਪੰਜਾਬੀਅਤ ਦਾ ਪ੍ਰਚਾਰ ਕਰਕੇ ਸ਼ਹਿਰ ਦਾ ਨਾਂ ਰੌਸ਼ਨ ਕਰ ਰਹੀ ਹੈ। ਸ਼੍ਰੀ ਰਾਮਨੌਮੀ ਉਤਸਵ ਕਮੇਟੀ ਜਲੰਧਰ ਤੋਂ ਅਵਨੀਸ਼ ਅਰੋੜਾ, ਸ਼੍ਰੀ ਪ੍ਰਿੰਸ ਅਸ਼ੋਕ ਗਰੋਵਰ ਅਤੇ ਯੋਗਾਚਾਰੀਆ ਵਰਿੰਦਰ ਸ਼ਰਮਾ ਦੀ ਅਗਵਾਈ ਵਿਚ ਵਫ਼ਦ ਨੇ ਨਵੀਂ ਵਿਆਹੀ ਜੋੜੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ।
ਇਸ ਮੌਕੇ ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਤੀਕਸ਼ਣ ਸੂਦ ਦੀ ਧਰਮ ਪਤਨੀ ਰਾਕੇਸ਼ ਸੂਦ, ਭਾਜਪਾ ਆਗੂ ਸ਼ਿਵ ਸੂਦ, ਅਨਮੋਲ ਸੂਦ, ਯਸ਼ਪਾਲ ਸ਼ਰਮਾ, ਰਾਮਦੇਵ ਯਾਦਵ, ਸ਼ਿਵ ਦੇਵ ਯਾਦਵ, ਹਰੀਸ਼ ਸ਼ਰਮਾ, ਸ਼ਾਮ ਸੁੰਦਰ ਦੱਤਾ, ਵਿਧਾਇਕ ਤੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼ਾਮ ਸੁੰਦਰ ਅਰੋੜਾ, ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ, ਚੌਧਰੀ ਰਾਮ ਲੁਭਾਇਆ, ਬ੍ਰਹਮ ਸ਼ੰਕਰ ਜਿੰਪਾ, ਮੋਹਣ ਲਾਲ ਪਹਿਲਵਾਨ, ਅਵਤਾਰ ਸਿੰਘ ਲਾਇਲ, ਉਜਾਗਰ ਸਿੰਘ ਲਾਵੀਆ, ਬਹਾਦਰ ਸਿੰਘ ਸੁਨੇਤ, ਲਾਰੈਂਸ ਚੌਧਰੀ, ਐਡਵਿਨ ਕਿਰਨ ਨਾਰੂ, ਮੁਹੰਮਦ ਨਸੀਮ ਖਾਨ, ਡਾ. ਜ਼ਮੀਲ ਬਾਲੀ, ਮੁਹੰਮਦ ਸ਼ਰੀਫ, ਡਾ. ਹਰਜੀਤ ਸਿੰਘ, ਡਾ. ਤੇਜਿੰਦਰ ਕੌਰ, ਪੰਡਿਤ ਸ਼ਾਮਚਰਨ ਤ੍ਰਿਵੇਦੀ, ਸੁਰੇਸ਼ ਤਿਵਾੜੀ, ਡਾ. ਅਨੂਪ ਕੁਮਾਰ, ਡਾ. ਦਲਜੀਤ ਸਿੰਘ ਖੇਲਾ, ਅੰਮ੍ਰਿਤਸਰ ਦੇ ਸਾਬਕਾ ਡੀ. ਸੀ. ਪੀ. ਡਾ. ਐੱਸ. ਐੱਨ. ਤਿਵਾੜੀ, ਡਾ. ਯਾਕੂਬ ਅਹਿਮਦ, ਡਾ. ਪ੍ਰੇਮ ਲਾਲ, ਡਾ. ਕ੍ਰਿਸ਼ਨ ਮੁਰਾਰੀ, ਡਾ. ਪ੍ਰਭਾਤ ਸਿੰਘ, ਡਾ. ਗੁਰਦੀਪ ਸ਼ਰਮਾ, ਮਨਮੋਹਣ ਸ਼ਰਮਾ, ਸ਼ੋਭਾ ਕੰਵਰ, ਮਨੀਸ਼ਾ ਜੋਸ਼ੀ, ਪ੍ਰੋ. ਟਰੇਸੀ ਕੋਹਲੀ, ਆਰਤੀ ਮਹਿਤਾ, ਸੰਜੀਵ ਮਹਿਤਾ, ਅਰਵਿੰਦ ਸੂਦ, ਡੀ. ਐੱਮ. ਸ਼ਰਮਾ ਆਦਿ ਸਮੇਤ ਵੱਡੀ ਗਿਣਤੀ 'ਚ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ।
ਪਤੀ ਦਾ ਕਤਲ ਕਰਨ ਵਾਲੀ ਪਤਨੀ ਨੂੰ ਉਮਰ ਕੈਦ
NEXT STORY