ਲੁਧਿਆਣਾ,(ਹਿਤੇਸ਼) - ਭਾਜਪਾ ਨਾਲ ਰਿਸ਼ਤਿਆਂ 'ਚ ਖਟਾਸ ਆਉਣ ਦੇ ਬਾਅਦ ਅਕਾਲੀ-ਭਾਜਪਾ 'ਚ ਜ਼ੁਬਾਨੀ ਜੰਗ ਰੋਜ਼ਾਨਾ ਤੇਜ਼ ਹੁੰਦੀ ਜਾ ਰਹੀ ਹੈ। ਇਸ ਕੜੀ ਤਹਿਤ ਆਏ ਦਿਨ ਤਿੱਖੇ ਹਮਲੇ ਕਰ ਰਹੀ ਭਾਜਪਾ ਦੀ ਨਵਜੋਤ ਕੌਰ ਸਿੱਧੂ ਨੂੰ ਅਕਾਲੀ ਦਲ ਨੇ ਉਸ ਦੀ ਜ਼ੁਬਾਨ 'ਚ ਜਵਾਬ ਦਿੱਤਾ ਹੈ।
ਪਾਰਟੀ ਜਨਰਲ ਸਕੱਤਰ ਤੇ ਮੁੱਖ ਮੰਤਰੀ ਦੇ ਸਲਾਹਕਾਰ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਸਿੱਧੂ ਵਰਗੇ ਲੋਕ ਗਲਤੀ ਕਾਰਨ ਪੌਲਟਿਕਸ 'ਚ ਆਏ ਹੋਏ ਹਨ ਅਤੇ ਗਠਜੋੜ ਟੁੱਟਣ ਦੇ ਸਵਾਲ 'ਤੇ ਉਨ੍ਹਾਂ ਠੇਠ ਪੰਜਾਬੀ ਵਿਚ ਕਿਹਾ ਕਿ 'ਕਾਵਾਂ ਦੇ ਕਹੇ ਢੱਗੇ ਨਹੀਂ ਮਰਦੇ' ਸੁਣਾ ਦਿੱਤੀ। ਪੰਜਾਬ ਦੀ ਸਿਆਸਤ ਵਿਚ ਅਕਾਲੀ-ਭਾਜਪਾ ਲੰਮੇ ਸਮੇਂ ਤੋਂ ਇਕੱਠੇ ਹਨ ਪਰ ਲਗਾਤਾਰ ਦੂਸਰੇ ਕਾਰਜਕਾਲ 'ਚ ਕਈ ਵਾਰ ਮੁੱਦਿਆਂ 'ਤੇ ਦੋਨੋਂ ਦਲ ਆਹਮਣੇ-ਸਾਹਮਣੇ ਹੋ ਚੁੱਕੇ ਹਨ ਪਰ ਇਸ ਵਾਰ ਜ਼ਿਆਦਾ ਹੀ ਤਨਾਤਨੀ ਚੱਲ ਰਹੀ ਹੈ, ਜਿਸਦੀ ਵਜ੍ਹਾ ਮੋਦੀ ਦੀ ਸਾਖ ਦਾਅ 'ਤੇ ਲੱਗੀ ਹੋਣ ਦੇ ਬਾਵਜੂਦ ਅਕਾਲੀ ਦਲ ਦੁਆਰਾ ਹਰਿਆਣਾ 'ਚ ਭਾਜਪਾ ਦੇ ਖਿਲਾਫ਼ ਖੁਲ੍ਹੇਆਮ ਇਨੈਲੋ ਦਾ ਸਾਥ ਦੇਣਾ ਹੈ।
ਇਸ ਅੱਗ 'ਚ ਘਿਓ ਪਾਉਣ ਦਾ ਕੰਮ ਨਵਜੋਤ ਸਿੱਧ ਨੇ ਹਰਿਆਣਾ ਚੋਣਾਂ 'ਚ ਬਾਦਲਾਂ ਦੇ ਖਿਲਾਫ਼ ਸਿੱਧੇ ਦੋਸ਼ ਲਗਾ ਕੇ ਕੀਤਾ ਸੀ, ਜੋ ਵੀਡੀਓ ਸੋਸ਼ਲ ਮੀਡੀਆ 'ਤੇ ਜ਼ੋਰਦਾਰ ਵਾਇਰਲ ਹੋਣ ਦੇ ਬਾਅਦ ਪੰਜਾਬ ਦੇ ਭਾਜਪੀਆਂ ਨੇ ਵੀ ਅਕਾਲੀ ਦਲ 'ਤੇ ਨਿਸ਼ਾਨਾ ਸਾਧਿਆ, ਜਿਸ ਨਾਜ਼ੁਕ ਹਾਲਾਤ 'ਚ ਬਾਦਲਾਂ ਨੇ ਅਕਾਲੀ-ਭਾਜਪਾ ਦਾ ਰਿਸ਼ਤਾ ਅਟੁੱਟ ਹੋਣ ਦਾ ਦਾਅਵਾ ਕਰਨ ਦੇ ਨਾਲ ਅਰੁਣ ਜੇਤਲੀ ਤੇ ਜੇ. ਪੀ. ਚੱਢਾ ਤੋਂ ਵੀ ਬਿਆਨ ਦਿਵਾਏ ਪਰ ਇਹ ਜੰਗ ਰੁਕ ਨਹੀਂ ਰਹੀ, ਜਿਸਦੀ ਕਮਾਨ ਭਾਜਪਾ ਵਲੋਂ ਨਵਜੋਤ ਕੌਰ ਸਿੱਧੂ ਨੇ ਸੰਭਾਲ ਰੱਖੀ ਹੈ, ਜਿਸ ਨੇ ਪਾਰਟੀ ਨੂੰ ਸਰਕਾਰ ਤੋਂ ਬਾਹਰ ਆਉਣ ਦੀ ਸਲਾਹ ਦਿੱਤੀ ਤਾਂ ਹਰਸਿਮਰਤ ਨੇ ਕਿਹਾ ਕਿ ਭਾਜਪਾ ਦੇ ਨੇਤਾ ਪਾਰਟੀ ਦੇ ਕਹਿਣੇ 'ਚ ਨਹੀਂ। ਵਿਰਸਾ ਸਿੰਘ ਵਲਟੋਹਾ ਨੇ ਮਿਸਿਜ਼ ਸਿੱਧੂ ਨੂੰ ਅਸਤੀਫਾ ਦੇਣ ਦੀ ਸਲਾਹ ਦਿੱਤੀ ਤਾਂ ਅੱਗੋਂ ਵੱਡੇ ਬਾਦਲ ਨੂੰ ਅਹੁਦੇ ਤੋਂ ਪਿੱਛੇ ਹਟਣ ਦੀ ਨਸੀਅਤ ਮਿਲ ਗਈ। ਇਸ ਮਾਮਲੇ 'ਚ ਪ੍ਰੇਮ ਸਿੰਘ ਚੰਦੂਮਾਜਰਾ ਦੁਆਰਾ ਭਾਜਪਾ ਤੋਂ ਆਪਣੇ ਨੇਤਾਵਾਂ ਨੂੰ ਚੁੱਪ ਕਰਵਾਉਣ ਦੀ ਅਪੀਲ ਕੀਤੀ ਗਈ ਤਾਂ ਸਿੱਧੂ ਨੇ ਕਹਿ ਦਿੱਤਾ ਕਿ ਅਕਾਲੀ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨ।
ਇਸਦਾ ਜਵਾਬ ਦੇਣ ਲਈ ਗਰੇਵਾਲ ਅੱਗੇ ਆਏ ਹਨ, ਉਨ੍ਹਾਂ ਕਿਹਾ ਕਿ ਸਿੱਧੂ ਦੀ ਪਤਨੀ ਦੀ ਕੋਈ ਸਿਆਸੀ ਪਛਾਣ ਨਹੀਂ ਹੈ ਅਤੇ ਉਸ ਦੇ ਜਨ ਆਧਾਰ ਦੇ ਹਾਲਾਤ ਲੋਕ ਸਭਾ ਚੋਣਾਂ 'ਚ 30 ਹਜ਼ਾਰ ਤੋਂ ਹਾਰ ਮਿਲਣ 'ਤੇ ਸਾਫ ਹੋ ਗਏ ਸਨ। ਗਰੇਵਾਲ ਨੇ ਮੰਨਿਆ ਕਿ ਇਸ ਤਰ੍ਹਾਂ ਦੇ ਬਿਆਨਾਂ ਨਾਲ ਗਠਜੋੜ ਦੀ ਸਾਖ ਖਰਾਬ ਹੋ ਰਹੀ ਹੈ ਪਰ ਇਸ ਮਾਮਲੇ 'ਚ ਭਾਜਪਾ ਦੇ ਪੰਜਾਬ ਪ੍ਰਧਾਨ ਕਹਿ ਚੁੱਕੇ ਹਨ ਕਿ ਗਠਜੋੜ ਦੇ ਫੈਸਲੇ ਵਿਅਕਤੀਗਤ ਨਹੀਂ। ਜੇਕਰ ਕਿਤੇ ਦਿੱਕਤ ਪੇਸ਼ ਆਵੇਗੀ ਤਾਂ ਆਪਸ 'ਚ ਬੈਠ ਕੇ ਹੱਲ ਕਰ ਲਿਆ ਜਾਵੇਗਾ। ਇਕੱਲੇ ਚੋਣ ਲੜਨ ਦੀ ਨੌਬਤ ਆਉਣ ਬਾਰੇ ਇਕ ਸਵਾਲ ਦੇ ਜਵਾਬ 'ਚ ਗਰੇਵਾਲ ਨੇ ਭਾਜਪਾ ਨੂੰ ਚੇਤਾਵਨੀ ਵੀ ਦੇ ਦਿੱਤੀ ਕਿ ਪੰਜਾਬ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਅਤੇ ਅਕਾਲੀ ਦਲ ਹਰ ਹਾਲਾਤ ਨਾਲ ਨਜਿੱਠਣ ਲਈ ਤਿਆਰ ਹੈ।
ਪੰਜਾਬ 'ਚ ਨੇਤਾ ਸੇਵਾ ਨਹੀਂ, ਮੇਵਾ ਖਾ ਰਹੇ ਨੇ : ਸਿੱਧੂ
NEXT STORY