ਲੁਧਿਆਣਾ, (ਮਹੇਸ਼) - ਪੱਖੋਵਾਲ ਰੋਡ 'ਤੇ ਇਕ ਮੈਰਿਜ ਪੈਲੇਸ 'ਚ ਬੁੱਧਵਾਰ ਨੂੰ 2 ਮਸ਼ਹੂਰ ਘਰਾਣਿਆਂ ਵਿਚਕਾਰ ਹੋਇਆ ਵਿਆਹ ਡੋਲੀ ਉੱਠਣ ਤੋਂ ਪਹਿਲਾਂ ਹੀ ਖਟਾਈ ਵਿਚ ਪੈ ਗਿਆ। ਦੋਸ਼ ਹੈ ਕਿ ਲਾੜੇ ਵਾਲਿਆਂ ਨੇ ਦਾਜ ਵਿਚ 2 ਕਰੋੜ ਰੁਪਏ ਕੈਸ਼ ਮੰਗ ਲਏ, ਜਿਸ 'ਤੇ ਲਾੜੀ ਭੜਕ ਗਈ ਅਤੇ ਉਸ ਨੇ ਸਹੁਰੇ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ। ਜਦਕਿ ਲਾੜਾ ਧਿਰ ਦੇ ਲੋਕ ਲਾੜੀ 'ਤੇ ਉਨ੍ਹਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾ ਰਹੇ ਹਨ। ਸਮਾਚਾਰ ਲਿਖੇ ਜਾਣ ਤੱਕ ਲਾੜੀ ਦੀ ਮਾਤਾ ਦੀ ਸ਼ਿਕਾਇਤ 'ਤੇ ਲਾੜੇ ਸਮੇਤ 5 ਸਹੁਰਾ ਧਿਰ ਦੇ ਵਿਅਕਤੀਆਂ 'ਤੇ ਮਾਮਲਾ ਦਰਜ ਕਰਨ ਦੀ ਪ੍ਰਕਿਰਿਆ ਚੱਲ ਰਹੀ ਸੀ।
ਲਾੜੀ ਦਾ ਪਰਿਵਾਰ ਲੁਧਿਆਣਾ ਦੇ ਜਵੱਦੀ ਇਲਾਕੇ ਦਾ ਹੈ, ਜਿਨ੍ਹਾਂ ਦਾ ਕ੍ਰੈਸ਼ਰ ਦਾ ਬਹੁਤ ਵੱਡਾ ਕਾਰੋਬਾਰ ਦੱਸਿਆ ਜਾਂਦਾ ਹੈ ਅਤੇ ਲਾੜੀ ਇਸ ਪਰਿਵਾਰ ਦੀ ਇਕਲੌਤੀ ਵਾਰਸ ਹੈ, ਜਦਕਿ ਲਾੜਾ ਪਟਿਆਲਾ ਦੇ ਨਜ਼ਦੀਕ ਸਮਾਣਾ ਦਾ ਹੈ, ਜੋ ਕਿ ਐੱਨ. ਆਰ. ਆਈ. ਹੈ। ਮਿਲੀ ਜਾਣਕਾਰੀ ਅਨੁਸਾਰ ਆਨੰਦ ਕਾਰਜ ਹੋਣ ਦੇ ਬਾਅਦ ਲਾੜਾ ਧਿਰ ਨੇ ਡੋਲੀ ਵਿਦਾ ਹੋਣ ਤੋਂ ਪਹਿਲਾਂ 2 ਕਰੋੜ ਰੁਪਏ ਕੈਸ਼ ਮੰਗ ਲਏ, ਜਿਸ 'ਤੇ ਲਾੜੀ ਭੜਕ ਉੱਠੀ। ਲਾੜੀ ਦੇ ਪਿਤਾ ਮੰਗ ਪੂਰੀ ਕਰਨ ਲਈ ਤਿਆਰ ਹੋ ਗਏ ਪਰ ਇਹ ਗੱਲ ਕਿਸੇ ਤਰ੍ਹਾਂ ਨਾਲ ਕੰਨੋ-ਕੰਨ ਹੁੰਦੀ ਹੋਈ ਲਾੜੀ ਦੇ ਕੋਲ ਪਹੁੰਚ ਗਈ। ਉਸ ਨੇ ਸਹੁਰੇ ਜਾਣ ਤੋਂ ਸਾਫ ਮਨ੍ਹਾ ਕਰ ਦਿੱਤਾ। ਫਿਰ ਕੀ ਸੀ ਫੁਲ-ਮਾਲਾਵਾਂ ਲੈ ਕੇ ਖੜ੍ਹੇ ਦੋਵੇਂ ਧਿਰਾਂ ਦੇ ਹੱਥਾਂ ਵਿਚ ਹਥਿਆਰ ਦਿਸਣ ਲੱਗੇ। ਖੁਸ਼ੀਆਂ ਭਰੇ ਮਾਹੌਲ 'ਤੇ ਤਣਾਅ ਛਾ ਗਿਆ। ਲਾੜਾ ਪੱਖ ਦਾ ਕਹਿਣਾ ਸੀ ਕਿ ਉਹ ਲਾੜੀ ਨੂੰ ਆਪਣੇ ਨਾਲ ਲੈ ਕੇ ਜਾਣਗੇ, ਜਦਕਿ ਲਾੜੀ ਜਾਣ ਦੇ ਲਈ ਤਿਆਰ ਨਹੀਂ ਸੀ।
ਇਸ ਤੋਂ ਪਹਿਲਾਂ ਕਿ ਕੋਈ ਵੱਡਾ ਖੂਨ ਖਰਾਬਾ ਹੁੰਦਾ। ਕਿਸੇ ਨੇ ਕਾਲ ਕਰਕੇ ਪੁਲਸ ਬੁਲਾ ਲਈ ਅਤੇ ਦੋਵੇਂ ਪੱਖ ਥਾਣੇ ਪਹੁੰਚ ਗਏ। ਦੇਰ ਰਾਤ ਤਕ ਦੋਵੇਂ ਪੱਖਾਂ ਵਿਚ ਸਮਝੌਤੇ ਦੀ ਗੱਲ ਚਲਦੀ ਰਹੀ ਪਰ ਜਦ ਲਾੜੀ ਜਾਣ ਲਈ ਤਿਆਰ ਨਹੀਂ ਹੋਈ। ਦੇਰ ਰਾਤ ਤਕ ਮਾਮਲਾ ਦਰਜ ਕਰਨ ਦੀ ਪ੍ਰਕਿਰਿਆ ਚੱਲ ਰਹੀ ਸੀ। ਥਾਣਾ ਸਦਰ ਮੁਖੀ ਇੰਸਪੈਕਟਰ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਲਾੜੇ ਸਮੇਤ ਪੰਜ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
ਰਾਮ ਰਹੀਮ ਦੀ ਅਪੀਲ 'ਤੇ ਬਹਿਸ ਕਰੇ ਸੀ.ਬੀ.ਆਈ: ਹਾਈਕੋਰਟ
NEXT STORY