ਅੰਮ੍ਰਿਤਸਰ - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸੰਮਨ ਰੋਕਣ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਖੁਦ ਬਿਕਰਮ ਸਿੰਘ ਮਜੀਠੀਆ ਨੇ ਵਿੱਤ ਮੰਤਰੀ ਅਰੁਣ ਜੇਤਲੀ ਦੇ ਜਾ ਗੋਡੇ ਫੜੇ ਹਨ ਤੇ ਉਨ੍ਹਾਂ ਨੂੰ ਸੰਮਨ ਨੂੰ ਹਰੀ ਝੰਡੀ ਦੇਣ ਤੋਂ ਰੋਕਣ ਲਈ ਪੂਰੀ ਤਰ੍ਹਾਂ ਦਬਾਅ ਹੇਠ ਲੈ ਲਿਆ ਹੈ, ਜਿਸ ਕਰਕੇ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਵਿਚ ਫੈਲੇ ਨਸ਼ਿਆਂ ਦੇ ਕਾਰੋਬਾਰ ਤੇ ਪੰਜਾਬੀ ਨੌਜਵਾਨਾਂ ਨੂੰ ਬਚਾਉਣ ਲਈ ਖੁਦ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ ਤੇ ਬਿਕਰਮ ਮਜੀਠੀਆ ਨੂੰ ਸੰਮਨ ਜਾਰੀ ਕਰਵਾਉਣ ਦੇ ਨਾਲ ਸੀ. ਬੀ. ਆਈ. ਨੂੰ ਜਾਂਚ ਲਈ ਹੁਕਮ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਰੁਣ ਜੇਤਲੀ ਪੰਜਾਬ ਵਿਚ ਹੇਠਲੇ ਪੱਧਰ 'ਤੇ ਵਿਚਾਰ ਕੇ ਇਥੋਂ ਦੇ ਹਾਲਾਤ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਹਨ ਤੇ ਮੋਦੀ ਚੋਣਾਂ ਦੌਰਾਨ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਪੰਜਾਬ ਦੇ ਲੋਕਾਂ ਨਾਲ ਇਹ ਵਾਅਦਾ ਕਰ ਚੁੱਕੇ ਹਨ ਕਿ ਉਹ ਬੀ. ਜੇ. ਪੀ. ਦੀ ਸਰਕਾਰ ਬਣਨ 'ਤੇ ਪੰਜਾਬ ਵਿਚ ਫੈਲੇ ਨਸ਼ਿਆਂ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਣਗੇ। ਉਨ੍ਹਾਂ ਨੇ ਅਰੁਣ ਜੇਤਲੀ ਨੂੰ ਕਿਹਾ ਕਿ ਲੋਕ ਉਨ੍ਹਾਂ ਤੋਂ ਜਵਾਬ ਮੰਗ ਰਹੇ ਹਨ ਕਿ ਅਜੇ ਤਕ ਈ. ਡੀ. ਵਲੋਂ ਉਨ੍ਹਾਂ ਕੋਲ ਭੇਜੀ ਗਈ ਸੰਮਨ ਰਿਪੋਰਟ ਨੂੰ ਪ੍ਰਵਾਨਗੀ ਕਿਉਂ ਨਹੀਂ ਦੇ ਰਹੇ। ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੋ ਵਾਰ ਖੁਦ ਅਤੇ ਤੀਜੀ ਵਾਰ ਬਿਕਰਮ ਸਿੰਘ ਮਜੀਠੀਆ ਨੂੰ ਨਾਲ ਲੈ ਕੇ ਅਰੁਣ ਜੇਤਲੀ ਨੂੰ ਮਿਲੀ ਹੈ।
ਉਨ੍ਹਾਂ ਕਿਹਾ ਕਿ ਉਹ ਸਿਰਫ ਇਕ ਭੈਣ ਭਰਾ ਦਾ ਵਾਸਤਾ ਨਾ ਵੇਖਣ ਸਗੋਂ ਉਨ੍ਹਾਂ ਵੱਲ ਵੇਖਣ, ਜਿਨ੍ਹਾਂ ਦੇ ਭਰਾ ਤੇ ਸੁਹਾਗ ਉਜੜ ਚੁੱਕੇ ਹਨ। ਉਨ੍ਹਾਂ ਨੇ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਵਲੋਂ ਇਸ ਮਾਮਲੇ 'ਤੇ ਧਾਰੀ ਚੁੱਪ 'ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਉਹ ਆਪਣਾ ਸਟੈਂਡ ਸਪਸ਼ਟ ਕਰਨ ਕਿ ਭਾਜਪਾ ਸਿਰਫ ਸੱਤਾ 'ਚ ਬਣੀ ਰਹਿਣ ਲਈ ਲੋਕਾਂ ਦੀਆਂ ਭਾਵਨਾਵਾਂ ਨੂੰ ਬਲੀ ਬੱਕਰਾ ਬਣਾ ਰਹੀ ਹੈ। ਉਨ੍ਹਾਂ ਨੇ ਭਾਜਪਾ ਨੂੰ ਪੰਜਾਬ ਅਤੇ ਕਿਸਾਨ ਵਿਰੋਧੀ ਦੱਸਦਿਆਂ ਕਿਹਾ ਕਿ ਐੱਫ. ਸੀ. ਆਈ. ਨੂੰ ਅਸਿੱਧੇ ਤੌਰ 'ਤੇ ਆਪਣੇ ਕੰਟਰੋਲ ਵਿਚ ਲੈ ਕੇ ਭਾਜਪਾ ਕਿਸਾਨਾਂ ਦੀ ਵਪਾਰੀਆਂ ਹੱਥੋਂ ਲੁੱਟ ਦਾ ਰਸਤਾ ਤਿਆਰ ਕਰ ਰਹੀ ਹੈ, ਜਿਸ ਨੂੰ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 3500 ਕਰੋੜ ਰੁਪਿਆ ਕੇਂਦਰ ਸਰਕਾਰ ਬਿਨਾਂ ਕਿਸੇ ਕਾਰਨ ਪਿਛਲੇ 20 ਦਿਨਾਂ ਤੋਂ ਰਿਲੀਜ਼ ਨਹੀਂ ਕਰ ਰਹੀ, ਜਿਸ ਕਾਰਨ ਮੰਡੀਆਂ ਵਿਚ ਹਾਹਾਕਾਰ ਮਚੀ ਹੋਈ ਹੈ। ਇਸ ਲਈ ਉਨ੍ਹਾਂ ਨੇ ਪੂਰੀ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਜ਼ਿੰਮੇਦਾਰ ਦੱਸਦਿਆਂ ਕਿਹਾ ਕਿ ਉਹ ਇੰਨੀ ਹਿੰਮਤ ਹੀ ਨਹੀਂ ਕਰ ਰਹੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਰਕਮ ਰਿਲੀਜ਼ ਕਰਵਾਉਣ ਲਈ ਕੁਝ ਕਹਿ ਸਕਣ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਹ ਰਕਮ ਨਿਸ਼ਚਿਤ ਸਮੇਂ ਵਿਚ ਜਾਰੀ ਨਾ ਹੋਈ ਤਾਂ ਉਹ ਆਦੇਸ਼ ਪ੍ਰਤਾਪ ਕੈਰੋਂ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਮੁਹਿੰਮ ਛੇੜਨਗੇ। ਉਨ੍ਹਾਂ ਨੇ ਮੋਦੀ ਨੂੰ ਇਹ ਵੀ ਯਾਦ ਕਰਵਾਇਆ ਕਿ ਉਹ ਕਿਸਾਨਾਂ ਨਾਲ ਕੀਤੇ ਉਸ ਵਾਅਦੇ ਤੋਂ ਵੀ ਨਾ ਭੱਜਣ ਜਿਸ ਅਨੁਸਾਰ ਉਨ੍ਹਾਂ ਨੇ ਕਿਸਾਨਾਂ ਨੂੰ ਸੁਆਮੀ ਨਾਥਨ ਰਿਪੋਰਟ ਦੇ ਹਵਾਲੇ ਨਾਲ ਚੋਣਾਂ ਜਿੱਤੀਆਂ ਸਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਇਹ ਵੀ ਮੰਗ ਕੀਤੀ ਕਿ ਕੇਂਦਰੀ ਮੰਤਰੀ ਸਾਧਵੀ ਨਿਰੰਜਨ ਜੋਤੀ ਦੇ ਇਤਰਾਜ਼ਯੋਗ ਬਿਆਨਾਂ ਦੇ ਆਧਾਰ 'ਤੇ ਉਸ ਨੂੰ ਉਹ ਮੰਤਰੀ ਮੰਡਲ ਵਿਚੋਂ ਚਲਦਾ ਹੀ ਨਾ ਕਰਨ ਸਗੋਂ ਸੰਸਦ ਦੀ ਮਾਣ ਮਰਿਆਦਾ ਨੂੰ ਭੰਗ ਕਰਨ ਦੇ ਦੋਸ਼ਾਂ ਹੇਠ ਉਸ ਵਿਰੁੱਧ ਐੱਫ. ਆਰ. ਆਈ. ਵੀ ਦਰਜ ਕਰਵਾਈ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਬਕਾ ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਹੈ ਕਿ ਉਹ ਵੀ ਦੂਰੋਂ-ਦੂਰੋਂ ਬਿਆਨਬਾਜ਼ੀ ਨਾ ਕਰੇ ਸਗੋਂ ਖੁਦ ਪੰਜਾਬ ਵਿਚ ਆ ਕੇ ਬਾਦਲ ਸਰਕਾਰ ਦੇ ਲੋਕ ਵਿਰੋਧੀ ਨੀਤੀਆਂ ਨੂੰ ਲੋਕਾਂ ਸਾਹਮਣੇ ਲਿਆਵੇ। ਇਸ ਮੌਕੇ ਵਿਧਾਇਕ ਜਸਬੀਰ ਸਿੰਘ ਡਿੰਪਾ, ਹਰਮਿੰਦਰ ਸਿੰਘ ਗਿੱਲ, ਸ਼ਵੀ ਢਿੱਲੋਂ ਤੇ ਹੋਰ ਵੀ ਕਾਂਗਰਸੀ ਆਗੂ ਹਾਜ਼ਰ ਸਨ।
ਡੋਲੀ ਉੱਠਣ ਤੋਂ ਪਹਿਲਾਂ ਭੜਕੀ ਲਾੜੀ, ਸਹੁਰੇ ਜਾਣ ਤੋਂ ਕੀਤਾ ਇਨਕਾਰ (ਵੀਡੀਓ)
NEXT STORY