ਤਾਪਸੀ ਪੰਨੂ ਨੇ ਮਾਡਲਿੰਗ ਦੇ ਜ਼ਰੀਏ ਗਲੈਮਰ ਵਰਲਡ 'ਚ ਪਹਿਲਾ ਕਦਮ ਰੱਖਿਆ ਸੀ, ਜੋ ਉਸ ਨੂੰ ਜ਼ਿਆਦਾ ਦਿਨ ਰਾਸ ਨਹੀਂ ਆਇਆ। ਕਿਉਂਕਿ ਉਸ ਨੂੰ ਅਭਿਨੈ ਦਾ ਸ਼ੌਕ ਸੀ ਇਸ ਲਈ ਉਸ ਨੇ ਮਾਡਲਿੰਗ ਨੂੰ ਬਾਏ-ਬਾਏ ਕਹਿ ਕੇ ਸਾਊਥ ਦੀਆਂ ਫਿਲਮਾਂ ਵੱਲ ਰੁਖ਼ ਕੀਤਾ ਅਤੇ ਆਪਣਾ ਫਿਲਮੀ ਸਫਰ ਸ਼ੁਰੂ ਕੀਤਾ। ਦੱਖਣ ਦੀਆਂ ਲੱਗਭਗ ਇਕ ਦਰਜਨ ਫਿਲਮਾਂ 'ਚ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੇ 'ਚਸ਼ਮੇ ਬੱਦੂਰ' ਰਾਹੀਂ ਹਿੰਦੀ ਫਿਲਮਾਂ 'ਚ ਕਦਮ ਰੱਖਿਆ। ਤਾਪਸੀ ਦੀ ਪਹਿਲੀ ਫਿਲਮ ਦੀ ਪ੍ਰਸ਼ੰਸਾ ਹੋਈ ਪਰ ਉਸ ਨੂੰ ਬਹੁਤੀਆਂ ਫਿਲਮਾਂ ਨਹੀਂ ਮਿਲੀਆਂ। ਹੁਣ ਆਪਣੀ ਦੂਸਰੀ ਹਿੰਦੀ ਫਿਲਮ 'ਬੇਬੀ' 'ਚ ਉਹ ਅਕਸ਼ੈ ਕੁਮਾਰ ਦੇ ਆਪੋਜ਼ਿਟ ਆ ਰਹੀ ਹੈ। ਉਹ ਵੱਡੇ ਬੈਨਰ ਦੀ ਨੀਰਜ ਪਾਂਡੇ ਦੀ ਫਿਲਮ ਮਿਲਣ 'ਤੇ ਬਹੁਤ ਖੁਸ਼ ਹੈ।
ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼:
* ਫਿਲਮ 'ਬੇਬੀ' ਬਾਰੇ ਕੁਝ ਦੱਸੋ?
- ਇਹ ਇਕ ਸਸਪੈਂਸ ਭਰਪੂਰ ਐਕਸ਼ਨ ਥ੍ਰਿਲਰ ਫਿਲਮ ਹੈ, ਜਿਸ ਵਿਚ ਇਕ ਛੋਟੇ ਸ਼ਹਿਰ ਦੀ ਕੁੜੀ ਦਾ ਕਿਰਦਾਰ ਨਿਭਾਅ ਰਹੀ ਹਾਂ ਅਤੇ ਇਸ ਵਿਚ ਮੈਂ ਅੰਡਰਕਵਰ ਸੀਕ੍ਰੇਟ ਏਜੰਟ ਦੇ ਰੂਪ ਵਿਚ ਨਜ਼ਰ ਆਵਾਂਗੀ। ਮੇਰੇ ਕਿਰਦਾਰ ਦਾ ਨਾਂ ਪ੍ਰਿਆ ਹੈ। ਤੁਹਾਨੂੰ ਦੱਸ ਦਿਆਂ ਕਿ ਹੁਣ ਤਕ ਨੀਰਜ ਪਾਂਡੇ ਦੀਆਂ ਫਿਲਮਾਂ 'ਚ ਉਨ੍ਹਾਂ ਦੀ ਹੀਰੋਇਨ ਦਾ ਨਾਂ ਪ੍ਰਿਆ ਹੀ ਰਿਹਾ ਹੈ। ਪ੍ਰਿਆ ਇਕ ਮਿਸ਼ਨ ਦੀ ਖਾਤਿਰ ਨਵੀਂ ਦਿੱਲੀ, ਮੁੰਬਈ ਅਤੇ ਨੇਪਾਲ ਜਾਂਦੀ ਹੈ। ਫਿਲਮ ਦਾ ਟਾਈਟਲ 'ਬੇਬੀ' ਖ਼ਾਸ ਮਕਸਦ ਨਾਲ ਰੱਖਿਆ ਗਿਆ ਹੈ ਤਾਂ ਕਿ ਲੋਕ ਆਕਰਸ਼ਿਤ ਹੋ ਕੇ ਸਿਨੇਮਾਘਰ 'ਚ ਫਿਲਮ ਦੇਖਣ ਜਾਣ। ਇਸ ਦੇ ਜ਼ਰੀਏ ਮੈਂ 'ਚਸ਼ਮੇ ਬਦੂਰ' ਨਾਲ ਬਣੀ ਇਕ ਪਿਆਰੀ ਜਿਹੀ ਕੁੜੀ ਦੀ ਇਮੇਜ ਨੂੰ ਬਦਲਣਾ ਚਾਹੁੰਦੀ ਹਾਂ।
* ਇਸ ਵਿਚ ਕੰਮ ਕਰਨ ਦਾ ਮੌਕਾ ਕਿਵੇਂ ਮਿਲਿਆ?
- ਦਰਅਸਲ 'ਬੇਬੀ' ਦੇ ਨਿਰਦੇਸ਼ਕ ਨੀਰਜ ਪਾਂਡੇ ਨੂੰ ਇਕ ਅਜਿਹੀ ਹੀਰੋਇਨ ਦੀ ਭਾਲ ਸੀ, ਜੋ ਉਰਦੂ ਬੋਲਣ ਵਿਚ ਮਾਹਿਰ ਹੋਵੇ। ਉਨ੍ਹਾਂ ਦੀ ਤਲਾਸ਼ ਮੈਨੂੰ ਮਿਲਣ 'ਤੇ ਪੂਰੀ ਹੋਈ। ਮੈਂ ਚੰਗੀ ਤਰ੍ਹਾਂ ਉਰਦੂ ਬੋਲ ਲੈਂਦੀ ਹਾਂ। ਮੇਰਾ ਟੈਸਟ ਲਿਆ ਗਿਆ ਅਤੇ ਮੈਂ ਫਾਈਨਲ ਸਿਲੈਕਟ ਹੋ ਗਈ। ਤੁਸੀਂ ਕਹਿ ਸਕਦੇ ਹੋ ਕਿ ਮੈਨੂੰ ਆਪਣੀ ਉਰਦੂ ਬੋਲਣ ਦੀ ਪ੍ਰਤਿਭਾ ਕਰਕੇ ਇਸ ਫਿਲਮ ਵਿਚ ਕੰਮ ਕਰਨ ਦਾ ਮੌਕਾ ਮਿਲਿਆ।
* ਫਿਲਮਾਂ 'ਚ ਆਉਣ ਤੋਂ ਪਹਿਲਾਂ ਕੋਈ ਹੋਰ ਯੋਜਨਾਵਾਂ ਵੀ ਸਨ?
- ਸੱਚ ਕਹਾਂ ਤਾਂ 5 ਸਾਲ ਪਹਿਲਾਂ ਤਕ ਮੈਂ ਕੁਝ ਨਹੀਂ ਸੋਚਿਆ ਸੀ ਕਿਉਂਕਿ ਮੇਰੇ ਕੋਲ ਕਈ ਤਰ੍ਹਾਂ ਦੀਆਂ ਯੋਜਨਾਵਾਂ ਸਨ। ਉਂਝ ਵੀ ਮੈਨੂੰ ਇੰਫੋਸਿਸ 'ਚ ਪਲੇਸਮੈਂਟ ਮਿਲ ਗਈ ਸੀ। ਐੱਮ. ਬੀ. ਏ.-ਕੈਟ ਕਲੀਅਰ ਹੋ ਗਿਆ ਸੀ ਪਰ 88 ਫੀਸਦੀ ਮਾਰਕਸ ਸਨ, ਇਸ ਲਈ ਦਾਖ਼ਲਾ ਨਹੀਂ ਲਿਆ ਕਿਉਂਕਿ ਮੈਨੂੰ ਦਿੱਲੀ ਜਾਂ ਮੁੰਬਈ 'ਚ ਸੀਟ ਚਾਹੀਦੀ ਸੀ। ਉਸ ਤੋਂ ਬਾਅਦ ਹੀ ਮੈਂ ਇਕ ਸਾਲ ਮਾਡਲਿੰਗ ਕੀਤੀ, ਟੀ. ਵੀ. ਕਮਰਸ਼ੀਅਲ ਵੀ ਕੀਤੇ ਪਰ ਜਦੋਂ ਬੋਰ ਹੋ ਗਈ ਤਾਂ ਐਕਟਿੰਗ ਵੱਲ ਆ ਗਈ।
* ਆਪਣੀ ਫਿਲਮ 'ਰਨਿੰਗ ਸ਼ਾਦੀ ਡਾਟ ਕਾਮ' ਬਾਰੇ ਦੱਸੋ?
- 'ਰਨਿੰਗ ਸ਼ਾਦੀ ਡਾਟ ਕਾਮ' ਵਿਚ ਮੈਂ ਪੰਜਾਬੀ ਕੁੜੀ ਦਾ ਰੋਲ ਪਲੇਅ ਕਰ ਰਹੀ ਹਾਂ। ਹਾਲਾਂਕਿ ਮੈਂ ਖ਼ੁਦ ਪੰਜਾਬਣ ਹਾਂ ਪਰ ਦੁੱਖ ਦੀ ਗੱਲ ਇਹ ਹੈ ਕਿ ਪੰਜਾਬਣ ਹੋਣ ਦੇ ਬਾਵਜੂਦ ਆਪਣੇ ਕਲਚਰ ਤੋਂ ਇੰਨੀ ਜਾਣੂ ਨਹੀਂ ਹਾਂ ਕਿਉਂਕਿ ਪੜ੍ਹਾਈ ਅਤੇ ਕਰੀਅਰ ਦੇ ਸਿਲਸਿਲੇ ਵਿਚ ਜ਼ਿਆਦਾਤਰ ਬਾਹਰ ਹੀ ਰਹੀ ਹਾਂ। ਅਜਿਹੀ ਸਥਿਤੀ ਵਿਚ ਫਿਲਮ ਲਈ ਆਪਣੇ ਮਾਤਾ-ਪਿਤਾ ਤੋਂ ਪੰਜਾਬੀ ਸਲੀਕਾ ਸਿੱਖ ਰਹੀ ਹਾਂ ਤਾਂ ਕਿ ਆਪਣੇ ਰੋਲ 'ਤੇ ਫੈਕਲਟੀ ਪਲੇਅ ਕਰ ਸਕਾਂ। ਪੰਜਾਬੀਆਂ ਵਾਂਗ ਆਪਣੀ ਬਾਡੀ ਲੈਂਗੂਏਜ ਵੀ ਚੇਂਜ ਕਰ ਰਹੀ ਹਾਂ।
* ਅਕਸ਼ੈ ਕੁਮਾਰ ਨਾਲ ਫਿਲਮ ਕਰਨਾ ਕਿਹੋ ਜਿਹਾ ਰਿਹਾ?
- ਇਹ ਮੇਰੇ ਲਈ ਮਾਣ ਵਾਲੀ ਗੱਲ ਹੈ। ਅਕਸ਼ੈ ਨੇ ਬਹੁਤ ਸਾਰੀਆਂ ਐਕਸ਼ਨ ਫਿਲਮਾਂ ਕੀਤੀਆਂ ਹਨ ਪਰ ਮੇਰੇ ਲਈ ਆਪਣੀ ਪਹਿਲੀ ਐਕਸ਼ਨ ਫਿਲਮ ਕਰਨਾ ਬਹੁਤ ਵੱਡੀ ਗੱਲ ਹੈ। ਇਸ ਵਿਚ ਮੈਂ ਗਲੈਮਰਸ ਅੰਦਾਜ਼ ਦੀ ਬਜਾਏ ਜ਼ਿਆਦਾ ਸਲਵਾਰ-ਕਮੀਜ਼ ਵਾਲੇ ਸੀਨਜ਼ ਵਿਚ ਨਜ਼ਰ ਆਵਾਂਗੀ।
* ਫਿਲਮ 'ਸੁੰਦਰਖੰਡ' ਬਾਰੇ ਕੀ ਕਹੋਗੇ?
- ਫਿਲਮ 'ਸੁੰਦਰਖੰਡ' ਦਾ ਨਿਰਮਾਣ ਸ਼ੈਲੇਸ਼ ਸਿੰਘ ਕਰ ਰਹੇ ਹਨ ਅਤੇ ਇਸ ਫਿਲਮ ਦਾ ਨਿਰਦੇਸ਼ਨ ਪ੍ਰਿਯਾ ਮਿਸ਼ਰਾ ਕਰੇਗੀ, ਜਦਕਿ ਇਸ ਵਿਚ ਮੇਰੇ ਆਪੋਜ਼ਿਟ ਇਰਫਾਨ ਖਾਨ ਹੈ। ਇਹ ਪ੍ਰਿਯਾ ਦੀ ਪਹਿਲੀ ਫਿਲਮ ਹੈ, ਜਿਸ ਦਾ ਉਹ ਨਿਰਦੇਸ਼ਨ ਕਰਨ ਜਾ ਰਹੀ ਹੈ। ਇਸ ਫਿਲਮ ਦੀ ਕਹਾਣੀ ਸੱਚੀਆਂ ਘਟਨਾਵਾਂ 'ਤੇ ਆਧਾਰਿਤ ਹੋਵੇਗੀ।
* ਤੁਸੀਂ ਸ਼ੁਰੂਆਤ ਸਾਊਥ ਦੀਆਂ ਫਿਲਮਾਂ ਤੋਂ ਕੀਤੀ, ਭਾਸ਼ਾ ਦੀ ਕੋਈ ਸਮੱਸਿਆ ਸੀ?
- ਨਹੀਂ, ਕਿਉਂਕਿ ਜਦੋਂ ਤੁਸੀਂ ਪਹਿਲਾਂ ਹੀ ਤੈਅ ਕਰ ਲੈਂਦੇ ਹੋ ਕਿ ਤੁਸੀਂ ਫਲਾਣਾ ਕੰਮ ਕਰਨਾ ਹੈ ਤਾਂ ਤੁਸੀਂ ਮਾਨਸਿਕ ਤੌਰ 'ਤੇ ਕੋਈ ਵੀ ਚੈਲੇਂਜ ਸਵੀਕਾਰ ਕਰਨ ਲਈ ਤਿਆਰ ਹੋ ਜਾਂਦੇ ਹੋ। ਹਾਲਾਂਕਿ ਸ਼ੁਰੂ 'ਚ ਥੋੜ੍ਹੀ-ਬਹੁਤ ਭਾਸ਼ਾ ਦੀ ਦਿੱਕਤ ਤਾਂ ਜ਼ਰੂਰ ਆਈ ਸੀ ਪਰ ਮੈਂ ਕੰਮ ਕਰਦੇ-ਕਰਦੇ ਹੀ ਤਮਿਲ ਅਤੇ ਤੇਲਗੂ ਭਾਸ਼ਾ ਚੰਗੀ ਤਰ੍ਹਾਂ ਸਿੱਖ ਲਈ।
* ਦੱਖਣ ਜਾਂ ਮੁੰਬਈ ਕਿਸ ਇੰਡਸਟਰੀ ਨੂੰ ਸ੍ਰੇਸ਼ਠ ਮੰਨਦੇ ਹੋ?
- ਦੱਖਣ ਦੀ ਇੰਡਸਟਰੀ ਬਹੁਤ ਅਨੁਸ਼ਾਸਿਤ ਹੈ। ਉਥੇ ਸਾਰੇ ਸੈੱਟ 'ਤੇ ਸਮੇਂ ਸਿਰ ਪਹੁੰਚਦੇ ਹਨ ਅਤੇ ਫਿਲਮ ਇਕ ਹੀ ਸ਼ੈਡਿਊਲ 'ਚ ਕੰਪਲੀਟ ਹੋ ਜਾਂਦੀ ਹੈ, ਜਦਕਿ ਮੁੰਬਈ ਵਿਚ ਅਜਿਹਾ ਨਹੀਂ ਹੈ। ਇਥੇ ਤਾਂ ਕਿਸੇ-ਕਿਸੇ ਫਿਲਮ ਨੂੰ ਕੰਪਲੀਟ ਹੋਣ 'ਚ ਸਾਲ ਤੋਂ ਵੀ ਵੱਧ ਦਾ ਸਮਾਂ ਲੱਗ ਜਾਂਦਾ ਹੈ।
* ਤਣਾਅ ਤੋਂ ਬਚਣ ਲਈ ਕੀ ਉਪਾਅ ਕਰਦੇ ਹੋ?
- ਤਣਾਅ ਹੋਣ 'ਤੇ ਜਾਂ ਤਾਂ ਖੂਬ ਸੌਂਦੀ ਹਾਂ ਜਾਂ ਸਰੀਰਕ ਕਸਰਤ ਕਰਦੀ ਹਾਂ। ਕਦੇ-ਕਦੇ ਕਿਤਾਬਾਂ ਵੀ ਪੜ੍ਹ ਲੈਂਦੀ ਹਾਂ। ਮੈਂ ਤਣਾਅ ਹੋਣ 'ਤੇ ਮੈਡੀਟੇਸ਼ਨ ਦਾ ਸਹਾਰਾ ਹੁਣ ਤਕ ਨਹੀਂ ਲਿਆ ਹੈ। ਬੀਮਾਰੀਆਂ ਤੋਂ ਬਚਣ ਲਈ ਖ਼ੁਦ ਨੂੰ ਚੁਸਤ-ਦਰੁਸਤ ਰੱਖਣਾ ਪਸੰਦ ਕਰਦੀ ਹਾਂ।
ਇਮੇਜ ਨੂੰ ਤੋੜਨਾ ਚਾਹੀਦੈ
NEXT STORY