ਲਿਜ਼ਾ ਹੇਡਨ ਇਕ ਪ੍ਰਸਿੱਧ ਮਾਡਲ, ਫੈਸ਼ਨ ਡਿਜ਼ਾਈਨਰ ਅਤੇ ਐਕਟ੍ਰੈੱਸ ਹੈ। ਆਸਟ੍ਰੇਲੀਆ 'ਚ ਮਾਡਲਿੰਗ ਕਰਨ ਤੋਂ ਬਾਅਦ ਉਹ ਭਾਰਤ ਆ ਗਈ ਅਤੇ ਫਿਲਮ 'ਆਇਸ਼ਾ' ਨਾਲ ਹਿੰਦੀ ਫਿਲਮਾਂ ਵਿਚ ਡੈਬਿਊ ਕੀਤਾ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਅੰਸ਼¸
* ਪੁਰਾਣੀਆਂ ਚਰਚਿਤ ਫਿਲਮਾਂ 'ਤੇ ਰੀਮੇਕ ਬਾਰੇ ਤੁਹਾਡਾ ਕੀ ਕਹਿਣਾ ਹੈ?
¸ਨਵੀਂ ਜੈਨਰੇਸ਼ਨ ਰੀਮੇਕ ਫਿਲਮਾਂ ਨਾਲ ਆਪਣੇ ਆਪ ਨੂੰ ਆਸਾਨੀ ਨਾਲ ਜੋੜ ਲੈਂਦੀ ਹੈ, ਜਦਕਿ ਓਰਿਜਨਲ ਫਿਲਮ ਨਾਲੋਂ ਉਹ ਪੁਰਾਣੀ ਲੁਕ ਅਤੇ ਪੁਰਾਣੀਆਂ ਗੱਲਾਂ ਦੀ ਵਜ੍ਹਾ ਕਰਕੇ ਸ਼ਾਇਦ ਦੂਰ ਰਹਿੰਦੀ ਹੈ।
* ਤੁਹਾਡੀ ਹੌਟ ਇਮੇਜ ਬਰਕਰਾਰ ਹੈ। ਕੀ ਤੁਹਾਨੂੰ ਫਿਲਮਾਂ 'ਚ ਅੰਗ ਪ੍ਰਦਰਸ਼ਨ ਤੋਂ ਕੋਈ ਦਿੱਕਤ ਨਹੀਂ ਹੈ?
¸ਮੈਂ ਆਪਣੀ ਹਰ ਫਿਲਮ 'ਚ ਆਪਣੇ ਕਿਰਦਾਰ ਦੇ ਹਿਸਾਬ ਨਾਲ ਕੰਮ ਕਰਦੀ ਹਾਂ। ਅੰਗ ਪ੍ਰਦਰਸ਼ਨ ਮੇਰੇ ਲਈ ਕੋਈ ਵੱਡੀ ਗੱਲ ਨਹੀਂ, ਸ਼ਰਤ ਇਕ ਹੀ ਹੈ ਕਿ ਇਹ ਕਿਰਦਾਰ ਦੀ ਡਿਮਾਂਡ ਹੋਵੇ। ਬਿਨਾਂ ਲੋੜ ਮੈਂ ਅੰਗ ਪ੍ਰਦਰਸ਼ਨ ਦੇ ਵਿਰੁੱਧ ਹਾਂ। ਉਂਝ ਮੈਂ ਖੁੱਲ੍ਹੇ ਵਿਚਾਰਾਂ ਵਾਲੀ ਲੜਕੀ ਹਾਂ। ਮੇਰੇ ਵਰਗੀ ਹੀਰੋਇਨ ਤੋਂ ਕੋਈ ਫਿਲਮਕਾਰ ਗਲੈਮਰ ਦੀ ਮੰਗ ਕਰਦਾ ਹੈ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ। ਇਹ ਇਕਦਮ ਸੁਭਾਵਿਕ ਹੈ ਪਰ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਰਵਾਇਤੀ ਕਦਰਾਂ-ਕੀਮਤਾਂ ਦੀ ਕਦਰ ਵੀ ਕੀਤੀ ਜਾਣੀ ਚਾਹੀਦੀ ਹੈ।
* ਅੱਜਕਲ ਹਰ ਵੱਡੀ ਹੀਰੋਇਨ ਆਈਟਮ ਡਾਂਸ ਕਰਨਾ ਚਾਹੁੰਦੀ ਹੈ। ਇਸ ਬਾਰੇ ਤੁਸੀਂ ਕੀ ਸੋਚਦੇ ਹੋ?
¸ਮੈਨੂੰ ਕੋਈ ਚੰਗਾ ਆਈਟਮ ਨੰਬਰ ਮਿਲਿਆ ਤਾਂ ਮੈਂ ਜ਼ਰੂਰ ਕਰਾਂਗੀ। ਆਈਟਮ ਗੀਤ ਹੁਣ ਬਾਲੀਵੁੱਡ ਫਿਲਮਾਂ ਦਾ ਜ਼ਰੂਰੀ ਹਿੱਸਾ ਬਣ ਚੁੱਕਾ ਹੈ। ਆਈਟਮ ਨੰਬਰ ਤੁਹਾਨੂੰ ਇਕ ਝਟਕੇ 'ਚ ਹਰਮਨਪਿਆਰਾ ਬਣਾ ਦਿੰਦੇ ਹਨ। ਕਈ ਵਾਰ ਤਾਂ ਪੂਰੀ ਫਿਲਮ 'ਤੇ ਇਕ ਆਈਟਮ ਗੀਤ ਭਾਰੀ ਪੈ ਜਾਂਦਾ ਹੈ।
* ਗਲੈਮਰ ਵਰਲਡ 'ਚ ਤੁਹਾਡੀ ਸ਼ੁਰੂਆਤ ਤਾਂ ਮਾਡਲਿੰਗ ਤੋਂ ਹੋਈ। ਕੀ ਤੁਸੀਂ ਸ਼ੁਰੂ ਤੋਂ ਹੀ ਐਕਟ੍ਰੈੱਸ ਬਣਨਾ ਚਾਹੁੰਦੇ ਸੀ?
¸ਨਹੀਂ, ਮੈਂ ਤਾਂ ਯੋਗਾ ਟੀਚਰ ਬਣਨ ਬਾਰੇ ਸੋਚਦੀ ਸੀ। ਮੈਂ ਆਪਣੇ ਦੋਸਤਾਂ ਦੀ ਵਜ੍ਹਾ ਕਰਕੇ ਮਾਡਲਿੰਗ ਵਿਚ ਆਈ। ਮੈਂ 18 ਸਾਲ ਦੀ ਉਮਰ 'ਚ ਮਾਡਲ ਬਣ ਗਈ ਸੀ। ਉਦੋਂ ਮੈਂ ਆਸਟ੍ਰੇਲੀਆ ਵਿਚ ਮਾਡਲਿੰਗ ਕਰਦੀ ਸੀ ਕਿਉਂਕਿ ਮੇਰੀ ਭੈਣ ਇੰਡੀਆ ਵਿਚ ਮਾਡਲਿੰਗ ਕਰਦੀ ਸੀ, ਇਸ ਲਈ ਮੈਂ ਇਥੇ ਆ ਗਈ।
* ਫਿਲਮਾਂ ਨੂੰ ਲੈ ਕੇ ਅਗਾਂਹ ਦੀਆਂ ਕੀ ਤਿਆਰੀਆਂ ਹਨ?
¸ਮੈਂ ਆਪਣੀ ਹਿੰਦੀ ਸੁਧਾਰ ਰਹੀ ਹਾਂ। ਮੈਨੂੰ ਹਿੰਦੀ ਬੋਲਣ ਵਿਚ ਕਾਫੀ ਦਿੱਕਤ ਹੁੰਦੀ ਹੈ। ਇਸ ਦੀ ਵਜ੍ਹਾ ਇਹ ਹੈ ਕਿ ਮੇਰੇ ਪਿਤਾ ਮਲਿਆਲੀ ਹਨ ਅਤੇ ਮਾਂ ਆਸਟ੍ਰੇਲੀਅਨ ਹੈ, ਇਸ ਲਈ ਸਾਡੇ ਘਰ 'ਚ ਹਿੰਦੀ ਬੋਲੀ ਨਹੀਂ ਜਾਂਦੀ ਪਰ ਮੈਂ ਹਿੰਦੀ ਸਿੱਖਣ ਲਈ ਹਿੰਦੀ ਫਿਲਮਾਂ ਦੇਖਦੀ ਹਾਂ। ਮੈਨੂੰ ਭਰਤਨਾਟਿਅਮ ਆਉਂਦਾ ਹੈ ਅਤੇ ਇਹ ਡਾਂਸ ਬਹੁਤ ਮਿਹਨਤ ਨਾਲ ਸਿੱਖਿਆ ਹੈ। ਮੈਂ ਦੂਜੀ ਤਰ੍ਹਾਂ ਦੇ ਡਾਂਸ ਦੀ ਟ੍ਰੇਨਿੰਗ ਵੀ ਲਈ ਹੈ ਤੇ ਸ਼ਿਆਮਕ ਡਾਵਰ ਨਾਲ 5 ਸਾਲ ਕੰਮ ਵੀ ਕੀਤਾ ਹੈ।
* ਮਾਡਲਿੰਗ ਅਤੇ ਬਾਲੀਵੁੱਡ 'ਚ ਕਿਸ ਤਰ੍ਹਾਂ ਦਾ ਫਰਕ ਦੇਖਦੇ ਹੋ?
¸ਕਾਫੀ ਫਰਕ ਹੈ। ਮਾਡਲਿੰਗ ਮੇਰੇ ਲਈ ਬਹੁਤ ਸਹਿਜ ਹੈ। ਮੈਂ ਕਾਫੀ ਸਮੇਂ ਤੋਂ ਇਸ ਖੇਤਰ 'ਚ ਕੰਮ ਕਰ ਰਹੀ ਹਾਂ। ਮੈਂ ਰੈਂਪ 'ਤੇ ਹਰ ਵੱਡੇ ਡਿਜ਼ਾਈਨਰ ਲਈ ਚੱਲੀ ਹਾਂ ਪਰ ਬਾਲੀਵੁੱਡ 'ਚ ਅਜੇ ਨਵੀਂ ਹਾਂ। ਇਹੋ ਵਜ੍ਹਾ ਹੈ ਕਿ ਮੈਂ ਫਿਲਮਾਂ ਸਾਈਨ ਕਰਨ ਦੇ ਮਾਮਲੇ ਵਿਚ ਕਾਹਲੀ ਨਹੀਂ ਕਰ ਰਹੀ। ਮੈਂ ਕਾਫੀ ਸੋਚ-ਸਮਝ ਕੇ ਕੰਮ ਕਰਨਾ ਚਾਹੁੰਦੀ ਹਾਂ।
* ਕਿਸੇ ਹੋਰ ਫਿਲਮ ਵਿਚ ਵੀ ਕੰਮ ਕਰ ਰਹੇ ਹੋ?
¸ਹਾਂ, ਮੇਰੇ ਨਾਲ ਆਕਾਸ਼ਦੀਪ ਦੀ ਫਿਲਮ 'ਸੰਤਾ ਬੰਤਾ' ਹੈ, ਜਿਸ ਵਿਚ ਬੋਮਨ ਇਰਾਨੀ ਅਤੇ ਵੀਰ ਦਾਸ ਮੁੱਖ ਭੂਮਿਕਾਵਾਂ ਵਿਚ ਹਨ। ਇਹ ਇਕ ਵੱਖਰੇ ਅੰਦਾਜ਼ ਦੀ ਕਾਮੇਡੀ ਫਿਲਮ ਹੈ। 'ਕੁਈਨ 2' ਲਈ ਵੀ ਗੱਲ ਚੱਲ ਰਹੀ ਹੈ।
ਰੁੱਤਾਂ ਦਾ ਰਾਜਾ ਬਸੰਤ
NEXT STORY