'ਮੈਂ ਹੂੰ ਨ', 'ਅਨਜਾਨਾ ਅਨਜਾਨੀ', 'ਲਵ ਬ੍ਰੇਕਅਪਸ ਜ਼ਿੰਦਗੀ' ਵਰਗੀਆਂ ਫਿਲਮਾਂ ਨਾਲ ਬਾਲੀਵੁੱਡ 'ਚ ਆਪਣੀ ਜਗ੍ਹਾ ਮਜ਼ਬੂਤ ਕਰਨ ਵਾਲੇ ਅਭਿਨੇਤਾ-ਫਿਲਮਕਾਰ ਜ਼ਾਏਦ ਖਾਨ ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ 'ਸ਼ਰਾਫਤ ਗਈ ਤੇਲ ਲੇਨੇ' ਕਰਕੇ ਚਰਚਾ 'ਚ ਹੈ। ਇਸਦੀ ਵਜ੍ਹਾ ਇਹ ਹੈ ਕਿ ਪਹਿਲੀ ਵਾਰ ਉਹ ਕਿਸੇ ਫਿਲਮ 'ਚ ਆਪਣੀ ਇਮੇਜ ਦੇ ਬਿਲਕੁਲ ਉਲਟ ਨਜ਼ਰ ਆਉਣ ਵਾਲਾ ਹੈ। ਇਸੇ ਕਰਕੇ ਉਹ ਆਪਣੀ ਇਸ ਫਿਲਮ ਪ੍ਰਤੀ ਕੁਝ ਵਧੇਰੇ ਹੀ ਉਤਸ਼ਾਹਿਤ ਹੈ। ਪੇਸ਼ ਹਨ ਜ਼ਾਏਦ ਖਾਨ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਐਕਟਿੰਗ 'ਚ ਤੁਹਾਨੂੰ ਉਹ ਮੁਕਾਮ ਨਹੀਂ ਮਿਲ ਸਕਿਆ, ਜਿਸਦਾ ਹੱਕਦਾਰ ਤੁਹਾਨੂੰ ਸਮਝਿਆ ਜਾਂਦਾ ਰਿਹਾ ਹੈ। ਕਿਉਂ?
— ਇਸਦੇ ਪਿੱਛੇ ਮੁਖ ਵਜ੍ਹਾ ਮੇਰਾ ਬਚਪਨਾ ਰਿਹਾ ਹੈ। ਦਰਅਸਲ, ਮੇਰੇ ਬਚਪਨੇ ਕਰਕੇ ਹੀ ਚੰਗੀ ਫਿਲਮੀ ਬੈਕਗਰਾਊਂਡ ਹੋਣ ਦੇ ਬਾਵਜੂਦ ਮੈਨੂੰ ਮਨ ਮੁਤਾਬਕ ਸਫਲਤਾ ਨਹੀਂ ਮਿਲ ਸਕੀ ਜਦੋਂਕਿ ਫਿਲਮ ਸੀਰੀਅਸ ਚੀਜ਼ ਹੈ। ਮੇਰੀਆਂ ਕਈ ਫਿਲਮਾਂ ਸਫਲ ਨਹੀਂ ਰਹੀਆਂ, ਇਸਦਾ ਗਲਤ ਮੈਸੇਜ ਗਿਆ ਪਰ ਇਸਦੇ ਬਾਵਜੂਦ ਇਸਦੀ ਮੈਨੂੰ ਨਾ ਤਾਂ ਕਿਸੇ ਨਾਲ ਸ਼ਿਕਾਇਤ ਹੈ ਅਤੇ ਨਾ ਹੀ ਦੁਖ, ਹਾਲਾਂਕਿ ਆਪਣੇ ਹੁਣ ਤਕ ਦੇ ਕਰੀਅਰ 'ਚ ਮੈਂ ਕੁਝ ਫਿਲਮਾਂ ਭਾਈਚਾਰੇ ਅਤੇ ਦੋਸਤੀ ਕਰਕੇ ਕੀਤੀਆਂ ਸਨ, ਜਿਨ੍ਹਾਂ ਦਾ ਮੈਨੂੰ ਖਮਿਆਜ਼ਾ ਵੀ ਭੁਗਤਣਾ ਪਿਆ। ਇਸਦੇ ਬਾਵਜੂਦ ਮੈਂ ਆਪਣੇ ਕੰਮ ਅਤੇ ਹੁਣ ਤਕ ਦੇ ਸਫਰ ਤੋਂ ਸੰਤੁਸ਼ਟ ਹਾਂ।
* ਕਿੱਥੇ, ਕੀ ਕਮੀ ਰਹਿ ਗਈ ਸੀ?
-ਦਰਅਸਲ, ਮੇਰਾ ਵਿਚਾਰ ਹੈ ਕਿ ਜਦੋਂ ਤਕ ਤੁਸੀਂ ਕੋਈ ਕੰਮ ਪੈਸ਼ਨ ਨਾਲ ਨਾ ਕਰੋ ਤਾਂ ਉਸਨੂੰ ਕਰਨ ਦਾ ਮਜ਼ਾ ਨਹੀਂ ਆਉਂਦਾ। ਮੇਰੇ ਕੋਲ ਢੇਰ ਸਾਰੀਆਂ ਸਕਰਿਪਟਾਂ ਆਉਂਦੀਆਂ ਸਨ ਪਰ ਕੋਈ ਵੀ ਅਜਿਹੀ ਨਾ ਹੁੰਦੀ ਜੋ ਮੈਨੂੰ ਐਕਸਾਈਟ ਕਰੇ। ਹਾਲਾਂਕਿ ਮੈਂ ਮੰਨਦਾ ਹਾਂ ਕਿ ਕਮਰਸ਼ੀਅਲ ਹੀਰੋ ਲਈ ਅਜਿਹਾ ਬ੍ਰੇਕ ਨਹੀਂ ਹੋਣਾ ਚਾਹੀਦਾ ਪਰ ਮੇਰੇ ਲਈ ਇਹ ਬ੍ਰੇਕ ਜ਼ਰੂਰੀ ਸੀ ਕਿਉਂਕਿ ਜਿਸ ਤਰ੍ਹਾਂ ਦੀਆਂ ਫਿਲਮਾਂ ਅਤੇ ਕਿਰਦਾਰ ਮਿਲ ਰਹੇ ਸਨ, ਉਹ ਠੀਕ ਨਹੀਂ ਲੱਗ ਰਹੇ ਸਨ। ਅਭਿਨੈ ਦਾ ਜਨੂਨ ਹੌਲੀ-ਹੌਲੀ ਖਤਮ ਹੋ ਰਿਹਾ ਸੀ ਪਰ ਖੁਸ਼ਕਿਸਮਤ ਹਾਂ ਕਿ 'ਸ਼ਰਾਫਤ ਗਈ ਤੇਲ ਲੇਨੇ' ਮੇਰੇ ਕੋਲ ਆਈ।
* ਆਪਣੇ ਢੰਗ ਨਾਲ ਆਪਣੀ ਮਾਰਕੀਟਿੰਗ ਵੀ ਤਾਂ ਨਹੀਂ ਕੀਤੀ?
—ਬਿਲਕੁਲ ਪਰ ਮਨੋਰੰਜਨ ਬਾਜ਼ਾਰ 'ਚ ਟਿਕੇ ਰਹਿਣ ਲਈ ਹੁਣ ਆਪਣੀ ਮਾਰਕੀਟਿੰਗ ਜ਼ਰੂਰ ਕਰਾਂਗਾ ਕਿਉਂਕਿ ਅੱਜ ਦੇ ਦੌਰ 'ਚ ਮਾਰਕੀਟਿੰਗ ਬਹੁਤ ਜ਼ਰੂਰੀ ਹੈ। ਸਾਨੂੰ ਸਪੋਰਟਸ ਟੀ. ਵੀ., ਇੰਟਰਨੈੱਟ ਵਰਗੇ ਮਨੋਰੰਜਨ ਦੇ ਮਾਧਿਅਮਾਂ ਨਾਲ ਲੜਨਾ ਪੈਂਦਾ ਹੈ, ਇਸ ਲਈ ਮਾਰਕੀਟਿੰਗ ਬਹੁਤ ਜ਼ਰੂਰੀ ਹੈ। ਮੈਂ ਵੀ ਹੁਣ ਆਪਣੀ ਮਾਰਕੀਟਿੰਗ ਕਰਾਂਗਾ ਅਤੇ ਅਜਿਹੀ ਟੀਮ ਆਪਣੇ ਨਾਲ ਰੱਖਾਂਗਾ, ਜੋ ਮੈਨੂੰ ਸਹੀ ਸੁਝਾਅ ਅਤੇ ਅੱਗੇ ਰੱਖਣ 'ਚ ਮਦਦਗਾਰ ਹੋਵੇ ਕਿਉਂਕਿ ਬਤੌਰ ਐਕਟਰ ਮੈਂ ਸਿਰਫ ਐਕਟਿੰਗ ਕਰ ਸਕਦਾ ਹਾਂ। ਬਾਕੀ ਥਾਵਾਂ 'ਤੇ ਮਾਰਕੀਟਿੰਗ ਟੀਮ ਸਾਡਾ ਕੰਮ ਦੇਖੇਗੀ।
* ਇੰਨੇ ਦਿਨਾਂ ਤਕ ਪਰਦੇ ਤੋਂ ਗਾਇਬ ਰਹਿਣ ਦੀ ਕੀ ਵਜ੍ਹਾ ਹੈ?
— ਕਈ ਵਾਰ ਸਟਾਰਡਮ ਵੀ ਤੁਹਾਡੇ ਤੋਂ ਬਹੁਤ ਕੁਝ ਖੋਹ ਲੈਂਦਾ ਹੈ। ਮੇਰੇ ਨਾਲ ਵੀ ਇੰਝ ਹੀ ਕੁਝ ਹੋਇਆ। ਦਰਅਸਲ 'ਮੈਂ ਹੂੰ ਨ' ਦੇ ਪਿੱਛੋਂ ਮੇਰੀ ਝੋਲੀ 'ਚ ਇੰਨੀ ਛੇਤੀ ਸਟਾਰਡਮ ਆ ਗਿਆ ਸੀ ਕਿ ਮੇਰੇ ਪੈਰ ਜ਼ਮੀਨ 'ਤੇ ਨਹੀਂ ਸਨ ਲੱਗ ਰਹੇ। ਮੈਂ ਲਗਾਤਾਰ ਫਿਲਮਾਂ ਸਾਈਨ ਕਰਦਾ ਜਾ ਰਿਹਾ ਸੀ ਪਰ ਕਿਸੇ ਦੀ ਵੀ ਸਕਰਿਪਟ ਨਹੀਂ ਪੜ੍ਹੀ ਸਗੋਂ ਉਹ ਫਿਲਮਾਂ ਦੋਸਤੀ ਨਿਭਾਉਣ ਖਾਤਰ ਸਵੀਕਾਰ ਕਰ ਲਈਆਂ। ਮੇਰਾ ਖੁਦ ਦਾ ਵਿਜ਼ਨ ਕਿਧਰੇ ਗੁਆਚ ਗਿਆ ਸੀ। ਅਜਿਹੇ ਮੌਕੇ ਮੇਰੇ ਕੋਲ ਖੁਦ ਆਪਣਾ ਕਰੀਅਰ ਕੰਟਰੋਲ ਨਹੀਂ ਸੀ ਹੋ ਰਿਹਾ। ਸੁਭਾਵਿਕ ਤੌਰ 'ਤੇ ਇਕ ਸਮੇਂ ਪਿੱਛੋਂ ਮੇਰੇ ਖੁਦ ਦਾ ਕੰਮ ਮੈਨੂੰ ਸੰਤੁਸ਼ਟੀ ਨਹੀਂ ਸੀ ਦੇ ਰਿਹਾ। ਫਿਰ ਮੈਂ ਬ੍ਰੇਕ ਲੈਣਾ ਠੀਕ ਸਮਝਿਆ।
* ਆਪਣੀ ਨਵੀਂ ਫਿਲਮ 'ਸ਼ਰਾਫਤ ਗਈ ਤੇਲ ਲੇਨੇ' ਬਾਰੇ ਕੁਝ ਦੱਸੋ?
— 'ਸ਼ਰਾਫਤ ਗਈ ਤੇਲ ਲੇਨੇ' ਦੀ ਕਹਾਣੀ ਦਿੱਲੀ ਦੀ ਪਿੱਠ ਭੂਮੀ 'ਤੇ ਆਧਾਰਿਤ ਹੈ। ਜਦੋਂ ਡਾਇਰੈਕਟਰ ਗੁਰਮੀਤ ਨੇ ਮੈਨੂੰ ਇਸਦੀ ਸਟੋਰੀ ਸੁਣਾਈ ਤਾਂ ਮੈਂ ਇਸਦੇ ਕਰੈਕਟਰ ਵੱਲ ਇੰਨਾ ਐਟਰੈਕਟ ਹੋ ਗਿਆ ਕਿ ਇਸਨੂੰ ਇਨਕਾਰ ਕਰਨ ਦੀ ਗੁੰਜਾਇਸ਼ ਹੀ ਨਹੀਂ ਸੀ। ਮੈਨੂੰ ਲੱਗਾ ਕਿ ਜੇ ਐਕਟਿੰਗ ਫਿਰ ਤੋਂ ਸ਼ੁਰੂ ਕਰਨੀ ਹੋਵੇ ਤਾਂ ਇਸ ਨਾਲੋਂ ਬਿਹਤਰ ਫਿਲਮ ਨਹੀਂ ਹੋ ਸਕਦੀ। ਇਹ ਕਰੈਕਟਰ ਮੇਰੀ ਐਕਟਿੰਗ 'ਚ ਨਵੀਂ ਜਾਨ ਪਾਏਗਾ। ਉਂਝ ਇਸ ਫਿਲਮ ਦਾ ਟਾਈਟਲ ਵੀ ਲੋਕਾਂ ਨੂੰ ਖਿੱਚਦਾ ਹੈ ਜੋ ਕਾਫੀ ਮਜ਼ੇਦਾਰ ਹੈ।
ਭਾਰਤ ਮੈਨੂੰ ਬਹੁਤ ਪਿਆਰਾ
NEXT STORY