ਇਸਲਾਮਾਬਾਦ— ਭਾਰਤ ਅਤੇ ਅਮਰੀਕਾ ਦੇ ਦਬਾਅ ਕਾਰਨ ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਨੂੰ ਪਾਕਿਸਤਾਨ ਦੀ ਜੇਲ੍ਹ ਵਿਚ ਤਾਂ ਬੰਦ ਕਰਕੇ ਰੱਖਿਆ ਹੈ ਪਰ ਜੇਲ੍ਹ ਵਿਚ ਉਸ ਦੇ ਠਾਠ ਕਿਸੇ ਨਵਾਬ ਨਾਲੋਂ ਘੱਟ ਨਹੀਂ ਹੈ। 26 ਨਵੰਬਰ, 2008 ਨੂੰ ਮੁੰਬਈ 'ਤੇ ਹੋਏ ਅੱਤਵਾਦੀ ਹਮਲਿਆਂ ਦੇ ਗੁਨਾਹਗਾਰ ਅਤੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਅੱਤਵਾਦੀ ਜਕੀ-ਉਰ-ਰਹਿਮਾਨ ਲਖਵੀ ਜੇਲ੍ਹ ਤੋਂ ਆਪਣੇ ਨਾਪਾਕ ਮਨਸੂਬਿਆਂ ਨੂੰ ਆਸਾਨੀ ਨਾਲ ਅੰਜ਼ਾਮ ਦੇ ਸਕਦਾ ਹੈ। ਪਾਕਿਸਤਾਨ ਦੀ ਅਦਿਆਲਾ ਜੇਲ੍ਹ ਵਿਚ ਬੰਦ ਲਖਵੀ ਨੂੰ ਇੰਟਰਨੈੱਟ ਤੇ ਮੋਬਾਈਲ ਵਰਗੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ। ਲਖਵੀ ਦੇ ਨਾਲ ਜੇਲ੍ਹ ਵਿਚ ਅਬਦੁਲ ਵਾਜਿਦ, ਮਜਹਰ ਇਕਬਾਲ, ਹਮਦ ਅਮੀਨ ਸਾਦਿਕ, ਸ਼ਾਹਿਦ ਜਮੀਲ ਰਿਆਜ, ਜਮੀਲ ਅਹਿਮਦ ਅਤੇ ਯੂਨਿਸ ਅੰਜੁਮ 'ਤੇ ਵੀ ਮੁੰਬਈ ਹਮਲਿਆਂ ਨੂੰ ਅੰਜ਼ਾਮ ਦੇਣ ਦਾ ਦੋਸ਼ ਹੈ। 2008 ਵਿਚ ਹੋਏ ਇਨ੍ਹਾਂ ਹਮਲਿਆਂ ਵਿਚ 166 ਲੋਕ ਮਾਰੇ ਗਏ ਸਨ।
ਬੀਬੀਸੀ ਉਰਦੂ ਦੀ ਰਿਪੋਰਟ ਦੇ ਮੁਤਾਬਕ ਅੱਤਵਾਦੀਆਂ ਦੇ ਕਮਰੇ ਜੇਲਰ ਦੇ ਦਫਤਰ ਦੇ ਨੇੜੇ ਹਨ। ਜੇਲ੍ਹ ਪ੍ਰਸ਼ਾਸਨ ਦੀ ਆਗਿਆ ਨਾਲ ਉਨ੍ਹਾਂ ਨੂੰ ਟੀ. ਵੀ., ਮੋਬਾਈਲ ਫੋਨ ਤੇ ਇਥੋਂ ਤੱਕ ਕਿ ਇੰਟਰਨੈੱਟ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ।
ਜੇਲ੍ਹ ਵਿਚ ਲਖਵੀ ਕਿਸੇ ਵੀ ਸਮੇਂ ਕਿਸੇ ਨੂੰ ਵੀ ਮਿਲ ਸਕਦਾ ਹੈ ਤੇ ਇਸ ਲਈ ਉਸ ਨੂੰ ਜੇਲ੍ਹ ਪ੍ਰਸ਼ਾਸਨ ਦੀ ਆਗਿਆ ਦੀ ਵੀ ਲੋੜ ਨਹੀਂ ਹੈ। ਇਕ ਦਿਨ ਵਿਚ ਉਹ ਔਸਤਨ 100 ਲੋਕਾਂ ਨੂੰ ਮਿਲਦਾ ਹੈ ਤੇ ਜੇਲ੍ਹ ਪ੍ਰਸ਼ਾਸਨ ਉਨ੍ਹਾਂ ਦੀ ਪਛਾਣ ਤੱਕ ਵੀ ਨਹੀਂ ਪੁੱਛਦਾ।
ਪਾਕਿਸਤਾਨ ਨੇ ਤਾਂ ਉਸ ਨੂੰ ਜ਼ਮਾਨਤ 'ਤੇ ਰਿਹਾਅ ਵੀ ਕਰ ਦਿੱਤਾ ਸੀ ਪਰ ਬਾਅਦ ਵਿਚ ਭਾਰਤ ਅਤੇ ਅਮਰੀਕਾ ਦੇ ਦਬਾਅ ਕਾਰਨ ਉਨ੍ਹਾਂ ਨੇ ਉਸ ਨੂੰ ਕਿਸੇ ਹੋਰ ਮਾਮਲੇ ਵਿਚ ਜੇਲ੍ਹ ਵਿਚ ਡੱਕ ਦਿੱਤਾ ਪਰ ਜਿਹੜੀਆਂ ਸਹੂਲਤਾਂ ਉਸ ਨੂੰ ਪਾਕਿ ਦੀ ਜੇਲ੍ਹ ਵਿਚ ਮਿਲ ਰਹੀਆਂ ਹਨ, ਉਨ੍ਹਾਂ ਨੂੰ ਦੇਖਦੇ ਹੋਏ ਉਸ ਨੂੰ ਜੇਲ੍ਹ ਵਿਚ ਰਹਿਣ ਦਾ ਕੀ ਹਰਜ ਹੈ।
ਨਸਲੀ ਟਿੱਪਣੀ ਦੀ ਸ਼ਿਕਾਰ ਸ਼ਾਹੀ ਨੂੰਹ ਦੀ ਰਾਖੀ ਪੁਲਸ ਅਫ਼ਸਰ ਕੇਸ ਜਿੱਤੀ
NEXT STORY