ਲੰਡਨ— ਲੰਡਨ ਦੇ ਇਲਾਕੇ ਗੁਡਮੇਅਜ਼ ਇਲਫੋਰਡ ਵਿਖੇ ਇਕ 73 ਸਾਲਾ ਸਿੱਖ ਬਜ਼ੁਰਗ 'ਤੇ ਇਕ ਵਿਅਕਤੀ ਵੱਲੋਂ ਹਮਲਾ ਕਰਕੇ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ ਗਿਆ ਹੈ। ਇਹ ਘਟਨਾ 30 ਜੂਨ ਨੂੰ ਸਵੇਰੇ 4 ਵਜੇ ਉਸ ਵੇਲੇ ਵਾਪਰੀ ਜਦੋਂ ਬਲੇਥਸਵੁਡ ਰੋਡ, ਗੁਡਮੇਅਜ਼ ਦਾ ਰਹਿਣ ਵਾਲਾ ਬਜ਼ੁਰਗ ਰਘਬੀਰ ਸਿੰਘ ਵਾਸੀ ਰੋਜ਼ਾਨਾ ਦੀ ਤਰ੍ਹਾਂ ਸਵੇਰ ਦੀ ਸੈਰ ਕਰ ਰਿਹਾ ਸੀ। ਬਜ਼ੁਰਗ ਦੀ ਹਾਲਤ ਖਤਰੇ ਤੋਂ ਬਾਹਰ ਹੈ, ਪਰ ਇਕ ਹਫ਼ਤੇ ਤੋਂ ਉਸ ਦਾ ਇਲਾਜ਼ ਕੁਈਨਜ਼ ਹਸਪਤਾਲ ਰੈਮਫੋਰਡ ਵਿਖੇ ਚੱਲ ਰਿਹਾ ਹੈ। ਇਸ ਸੰਬੰਧੀ ਰਘਬੀਰ ਸਿੰਘ ਦੀ ਬੇਟੀ ਰਾਜ ਬੋਲੀਨਾ ਨੇ ਕਿਹਾ ਕਿ ਜਦੋਂ ਸੱਤ ਵਜੇ ਤੱਕ ਉਸ ਦੇ ਪਿਤਾ ਵਾਪਸ ਨਹੀਂ ਆਏ ਤਾਂ ਉਨ੍ਹਾਂ ਨੂੰ ਚਿੰਤਾ ਹੋ ਗਈ। ਉਨ੍ਹਾਂ ਨੇ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਤਕਰੀਬਨ 9 ਵਜੇ ਰਘਬੀਰ ਸਿੰਘ ਸੜਕ 'ਤੇ ਬੇਹੋਸ਼ੀ ਦੀ ਹਾਲਤ ਵਿਚ ਮਿਲੇ।
ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਇਕ 41 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਤੋਂ ਘਟਨਾ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ। ਰਘਬੀਰ ਸਿੰਘ ਦਾ ਇਲਾਜ਼ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਨਰੋਈ ਸਿਹਤ ਹੋਣ ਕਰਕੇ ਹੀ ਬਚਾਅ ਹੋਇਆ ਹੈ। ਜਾਣਕਾਰੀ ਅਨੁਸਾਰ ਇਸ ਹਮਲੇ ਨੂੰ ਨਸਲੀ ਹਮਲਾ ਨਹੀਂ ਕਿਹਾ ਜਾ ਸਕਦਾ ਪਰ ਫਿਰ ਵੀ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਮੌਕੇ ਦੇ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ।
ਚੀਨ 'ਚ ਆਏ ਤੂਫਾਨ ਕਾਰਨ ਟਰੇਨਾਂ ਦੀ ਸੇਵਾ ਬੰਦ
NEXT STORY