ਫਤਿਹਗੜ੍ਹ ਸਾਹਿਬ (ਜੱਜੀ, ਬਖਸ਼ੀ): ਜ਼ਿਲਾ ਪੁਲਸ ਮੁਖੀ ਅਮਨੀਤ ਕੌਂਡਲ ਦੇ ਹੁਕਮਾਂ 'ਤੇ ਭੈੜੇ ਅਨਸਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਸੀ. ਆਈ. ਏ. ਸਟਾਫ ਸਰਹਿੰਦ ਦੀ ਪੁਲਸ ਨੇ ਇਕ ਬੋਲੈਰੋ ਜੀਪ ਵਿਚੋਂ 300 ਪੇਟੀਆਂ ਸ਼ਰਾਬ ਬਰਾਮਦ ਕਰ ਕੇ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਮਾਮਲਾ ਦਰਜ ਕੀਤਾ ਹੈ, ਜਦਕਿ ਉਕਤ ਵਿਅਕਤੀ ਜੀਪ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਜਾਂਚ ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਸਰਹਿੰਦ ਦੇ ਐੱਸ. ਐੱਚ. ਓ. ਇੰਸਪੈਕਟਰ ਕੁਲਵੰਤ ਸਿੰਘ ਦੀ ਅਗਵਾਈ ਵਿਚ ਸਹਾਇਕ ਥਾਣੇਦਾਰ ਜਗਦੀਪ ਸਿੰਘ ਨੇ ਪੁਲਸ ਪਾਰਟੀ ਸਮੇਤ ਅੰਬੇਮਾਜਰਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਇਕ ਬੋਲੈਰੋ ਜੀਪ ਨੰਬਰ ਪੀ ਬੀ 11 ਸੀ ਆਰ- 3074 ਦਾ ਡਰਾਈਵਰ ਪੁਲਸ ਪਾਰਟੀ ਨੂੰ ਦੇਖ ਜੀਪ ਛੱਡ ਕੇ ਫਰਾਰ ਹੋ ਗਿਆ। ਪੁਲਸ ਪਾਰਟੀ ਨੇ ਜੀਪ ਦੀ ਚੈਕਿੰਗ ਕੀਤੀ ਤਾਂ ਉਸ 'ਚੋਂ 300 ਪੇਟੀਆਂ ਨੈਨਾ ਵਿਸਕੀ ਸੇਲ ਫਾਰ ਚੰਡੀਗੜ੍ਹ ਬਰਾਮਦ ਹੋਈਆਂ। ਜਿਨ੍ਹਾਂ ਨੂੰ ਪੁਲਸ ਪਾਰਟੀ ਨੇ ਆਪਣੇ ਕਬਜ਼ੇ 'ਚ ਲੈ ਕੇ ਅਗਿਆਤ ਵਿਅਕਤੀ ਖਿਲਾਫ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਵਿਆਹ ਤੋਂ ਬਾਅਦ ਨਾਭਾ ਜੇਲ 'ਚੋਂ ਬਿਨਾਂ ਲਾੜੇ ਦੇ ਹੋਈ ਲਾੜੀ ਦੀ ਵਿਦਾਈ
NEXT STORY