ਚੰਡੀਗੜ੍ਹ,(ਸੁਸ਼ੀਲ)- ਗੱਡੀ ਵੇਚਣ ਦੇ ਨਾਂ 'ਤੇ ਇਕ ਵਿਅਕਤੀ ਨੇ ਮਨੀਮਾਜਰਾ ਵਾਸੀ ਸਲੀਮ ਤੋਂ 7 ਲੱਖ ਰੁਪਏ ਠੱਗ ਲਏ। ਸਲੀਮ ਗੱਡੀ ਦੀ ਕਿਸ਼ਤ ਗੱਡੀ ਵੇਚਣ ਵਾਲੇ ਰਾਮਦਰਬਾਰ ਵਾਸੀ ਅਮਰਿੰਦਰ ਦੇ ਖਾਤੇ 'ਚ ਜਮ੍ਹਾ ਕਰਵਾਉਂਦਾ ਰਿਹਾ। ਅਮਰਿੰਦਰ ਕਿਸ਼ਤ ਜਮ੍ਹਾ ਕਰਵਾਉਣ ਦੀ ਥਾਂ ਰੁਪਏ ਹਜ਼ਮ ਕਰ ਗਿਆ। ਕਿਸ਼ਤ ਜਮ੍ਹਾ ਨਾ ਹੋਣ 'ਤੇ ਬੈਂਕ ਕਰਮਚਾਰੀ ਸਲੀਮ ਤੋਂ ਗੱਡੀ ਖੋਹ ਕੇ ਲੈ ਗਏ। ਸਲੀਮ ਨੇ ਅਮਰਿੰਦਰ ਖਿਲਾਫ ਸ਼ਿਕਾਇਤ ਪੁਲਸ ਨੂੰ ਦਿੱਤੀ। ਮਨੀਮਾਜਰਾ ਥਾਣਾ ਪੁਲਸ ਨੇ ਸਲੀਮ ਦੀ ਸ਼ਿਕਾਇਤ 'ਤੇ ਅਮਰਿੰਦਰ ਖਿਲਾਫ ਮਾਮਲਾ ਦਰਜ ਕਰ ਲਿਆ।
ਮਨੀਮਾਜਰਾ ਸਥਿਤ ਮਨਸਾ ਦੇਵੀ ਰੋਡ ਵਾਸੀ ਸਲੀਮ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਨੇ 28 ਫਰਵਰੀ 2013 ਨੂੰ ਰਾਮਦਰਬਾਰ ਵਾਸੀ ਅਮਰਿੰਦਰ ਤੋਂ ਜਾਇਲੋ ਗੱਡੀ ਦੋ ਲੱਖ ਪੰਜ ਹਜ਼ਾਰ ਰੁਪਏ 'ਚ ਖਰੀਦੀ ਸੀ। ਗੱਡੀ ਦੀ ਕਿਸ਼ਤ ਬਕਾਇਆ ਸੀ। ਸਲੀਮ ਨੇ ਅਮਰਿੰਦਰ ਨੂੰ ਕਿਹਾ ਕਿ ਉਹ ਹਰ ਮਹੀਨੇ ਕਿਸ਼ਤ ਜਮ੍ਹਾ ਕਰਵਾ ਦੇਵੇਗਾ। ਅਮਰਿੰਦਰ ਨੇ ਸਲੀਮ ਨੂੰ ਕਿਹਾ ਕਿ ਕਿਸ਼ਤ ਉਸਦੇ ਅਕਾਊਂਟ 'ਚ ਜਮ੍ਹਾ ਕਰਵਾਉਣੀ ਹੋਵੇਗੀ। ਸਲੀਮ ਹਰ ਮਹੀਨੇ 18 ਹਜ਼ਾਰ 300 ਰੁਪਏ ਅਮਰਿੰਦਰ ਦੇ ਖਾਤੇ 'ਚ ਜਮ੍ਹਾ ਕਰਵਾਉਣ ਲੱਗਾ। ਸਲੀਮ ਨੇ ਦੱਸਿਆ ਕਿ ਉਸਨੇ 18 ਹਜ਼ਾਰ 300 ਰੁਪਏ ਦੀਆਂ ਕੁਲ 23 ਕਿਸ਼ਤਾਂ ਸਲੀਮ ਦੇ ਅਕਾਊਂਟ 'ਚ ਜਮ੍ਹਾ ਕਰਵਾ ਦਿੱਤੀਆਂ ਪਰ ਕੁਝ ਮਹੀਨੇ ਪਹਿਲਾਂ ਬੈਂਕ ਕਰਮਚਾਰੀ ਆਏ ਤੇ ਉਸ ਤੋਂ ਗੱਡੀ ਖੋਹ ਕੇ ਲੈ ਗਏ। ਬੈਂਕ ਕਰਮਚਾਰੀਆਂ ਨੇ ਉਸਨੂੰ ਦੱਸਿਆ ਕਿ ਗੱਡੀ ਦੀਆਂ ਕਿਸ਼ਤਾਂ ਜਮ੍ਹਾ ਨਹੀਂ ਹੋਈਆਂ ਹਨ, ਇਸ ਲਈ ਉਹ ਗੱਡੀ ਲੈ ਕੇ ਜਾ ਰਹੇ ਹਨ। ਉਸਨੇ ਅਮਰਿੰਦਰ ਨਾਲ ਗੱਲਬਾਤ ਕੀਤੀ ਤਾਂ ਉਸਨੇ ਕੋਈ ਜਵਾਬ ਨਹੀਂ ਦਿੱਤਾ।
ਸਲੀਮ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਤੇ ਕਿਹਾ ਕਿ ਉਸ ਨਾਲ ਅਮਰਿੰਦਰ ਨੇ 7 ਲੱਖ ਰੁਪਏ ਦੀ ਠੱਗੀ ਕੀਤੀ ਹੈ। ਮਨੀਮਾਜਰਾ ਥਾਣਾ ਪੁਲਸ
ਨੇ ਮਾਮਲੇ ਦੀ ਜਾਂਚ ਕਰਕੇ ਸਲੀਮ ਦੀ ਸ਼ਿਕਾਇਤ 'ਤੇ ਅਮਰਿੰਦਰ ਖਿਲਾਫ ਮਾਮਲਾ ਦਰਜ ਕਰ ਲਿਆ।
ਨਾਜਾਇਜ਼ ਸ਼ਰਾਬ, ਹੈਰੋਇਨ ਤੇ ਨਸ਼ੀਲੇ ਪਾਊਡਰ ਸਣੇ 4 ਕਾਬੂ
NEXT STORY