ਲੁਧਿਆਣਾ(ਹਿਤੇਸ਼)-ਜਿਵੇਂ ਕਿ 'ਜਗ ਬਾਣੀ' ਨੇ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਸਾਰੀਆਂ 95 ਸੀਟਾਂ ਤੋਂ ਟਿਕਟਾਂ ਲਈ ਦਾਅਵੇਦਾਰੀਆਂ ਮੰਗਣ ਦੇ ਬਾਵਜੂਦ ਭਾਜਪਾ ਕੋਲ ਅਕਾਲੀ ਦਲ ਦੇ ਨਾਲ ਗੱਠਜੋੜ ਤਹਿਤ ਆਪਣੇ ਹਿੱਸੇ ਆਉਂਦੇ ਵਾਰਡਾਂ 'ਚ ਉਮੀਦਵਾਰ ਪੂਰੇ ਨਹੀਂ ਹੋ ਰਹੇ, ਉਸ ਖ਼ਬਰ 'ਤੇ ਹੁਣ ਭਾਜਪਾ ਦੇ ਸਾਰੇ ਉਮੀਦਵਾਰਾਂ ਦਾ ਐਲਾਨ ਹੋਣ ਤੋਂ ਬਾਅਦ ਮੋਹਰ ਲੱਗ ਗਈ ਹੈ, ਜਿਸ ਤਹਿਤ ਭਾਜਪਾ ਨੇ 4 ਉਮੀਦਵਾਰ ਅਕਾਲੀ ਦਲ ਤੋਂ ਉਧਾਰ ਲਏ ਹਨ। ਜਿਸ ਵਿਚ ਸਭ ਤੋਂ ਪ੍ਰਮੁੱਖ ਨਾਂ ਗੁਰਮੇਲ ਮੈਡੀਕਲ ਦੇ ਭੁਪਿੰਦਰ ਸਿੰਘ ਦਾ ਹੈ, ਜਿਨ੍ਹਾਂ ਦੇ ਘਰ ਬਾਦਲ ਆ ਕੇ ਰੁਕਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਅਕਾਲੀ ਦਲ ਦੇ ਅਹੁਦੇਦਾਰ ਵੀ ਹਨ। ਇਸ ਤੋਂ ਇਲਾਵਾ ਵਾਲਮੀਕਿ ਸਮਾਜ ਦੇ ਨੇਤਾ ਚੌਧਰੀ ਯਸ਼ਪਾਲ ਵੀ ਅਕਾਲੀ ਦਲ ਦੇ ਅਹੁਦੇਦਾਰ ਹਨ ਅਤੇ ਮੋਹਿਤ ਚੌਹਾਨ ਦਾ ਪਰਿਵਾਰ ਖੁੱਲ੍ਹੇ ਤੌਰ 'ਤੇ ਅਕਾਲੀ ਦਲ ਨਾਲ ਅਟੈਚ ਰਿਹਾ ਹੈ। ਮਨਦੀਪ ਭਨੋਟ ਵੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਰਹਿ ਚੁੱਕੇ ਹਨ।
ਨੂੰਹ ਨੂੰ ਟਿਕਟ, ਸਹੁਰੇ ਖਿਲਾਫ ਉਮੀਦਵਾਰ ਨਹੀਂ ਖੜ੍ਹਾ ਕਰੇਗੀ ਭਾਜਪਾ
ਭਾਜਪਾ 'ਚ ਅਜਿਹਾ ਸ਼ਾਇਦ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਇਕ ਵਾਰਡ ਤੋਂ ਨੂੰਹ ਨੂੰ ਟਿਕਟ ਦਿੱਤੀ ਗਈ ਹੈ, ਜਦੋਂ ਕਿ ਆਜ਼ਾਦ ਲੜ ਰਹੇ ਉਸ ਦੇ ਸਹੁਰੇ ਖਿਲਾਫ ਪਾਰਟੀ ਦਾ ਉਮੀਦਵਾਰ ਨਹੀਂ ਹੋਵੇਗਾ। ਇਹ ਮਾਮਲਾ ਮੌਜੂਦਾ ਕੌਂਸਲਰ ਜਸਬੀਰ ਜੱਸਾ ਨਾਲ ਜੁੜਿਆ ਹੈ, ਜੋ ਪਹਿਲਾਂ ਜਿਸ ਵਾਰਡ ਤੋਂ ਆਜ਼ਾਦ ਜਿੱਤੇ ਸਨ, ਉਸ ਵਾਰਡ ਤੋਂ ਹੁਣ ਉਨ੍ਹਾਂ ਦੀ ਨੰੂੰਹ ਨੂੰ ਟਿਕਟ ਦਿੱਤੀ ਗਈ ਹੈ। ਜਦੋਂ ਕਿ ਜੱਸਾ ਜਿਸ ਵਾਰਡ ਤੋਂ ਆਜ਼ਾਦ ਖੜ੍ਹੇ ਹੋਣ ਜਾ ਰਹੇ ਉਨ੍ਹਾਂ ਖਿਲਾਫ ਭਾਜਪਾ ਆਪਣਾ ਉਮੀਦਵਾਰ ਖੜ੍ਹਾ ਨਹੀਂ ਕਰੇਗੀ।
ਮੌਜੂਦਾ ਕੌਂਸਲਰਾਂ ਦੀ ਟਿਕਟ ਕੱਟਣ 'ਚ ਭਾਜਪਾ ਨੇ ਬਣਾਇਆ ਰਿਕਾਰਡ, ਦੋ ਨੇ ਵਜਾਇਆ ਆਜ਼ਾਦ ਲੜਨ ਦਾ ਬਿਗੁਲ
ਮੌਜੂਦਾ ਕੌਂਸਲਰ ਦੀ ਟਿਕਟ ਕੱਟਣ ਦੇ ਮਾਮਲੇ 'ਚ ਵੀ ਭਾਜਪਾ ਨੇ ਰਿਕਾਰਡ ਬਣਾਇਆ ਹੈ, ਜਿਸ ਤਹਿਤ ਪਹਿਲੀ ਲਿਸਟ 'ਚ ਸੀਨੀਅਰ ਡਿਪਟੀ ਮੇਅਰ ਸੁਨੀਤਾ ਅਗਰਵਾਲ ਤੋਂ ਇਲਾਵਾ ਸੁਮਿਤ ਮਲਹੋਤਰਾ ਤੇ ਮਿੰਟੂ ਸ਼ਰਮਾ ਦੀ ਟਿਕਟ ਕੱਟ ਦਿੱਤੀ ਗਈ ਸੀ। ਜਿਨ੍ਹਾਂ 'ਚੋਂ ਸੁਨੀਤਾ ਅਗਰਵਾਲ ਵੱਲੋਂ ਵਿਦੇਸ਼ ਜਾਣ ਕਾਰਨ ਚੋਣ ਨਾ ਲੜਨ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਜਦੋਂ ਕਿ ਮਿੰਟੂ ਸ਼ਰਮਾ ਵੱਲੋਂ ਆਪਣੇ ਸਮਰਥਕਾਂ ਨਾਲ ਸ਼ਕਤੀ ਪ੍ਰਦਰਸ਼ਨ ਕਰ ਕੇ ਪਾਰਟੀ ਨੂੰ ਟਿਕਟ ਬਦਲਣ ਦਾ ਅਲਟੀਮੇਟਮ ਦਿੱਤਾ ਗਿਆ ਹੈ, ਉਨ੍ਹਾਂ ਦੇ ਆਜ਼ਾਦ ਚੋਣ ਲੜਨ ਦੀ ਚਰਚਾ ਵੀ ਸੁਣਨ ਨੂੰ ਮਿਲ ਰਹੀ ਹੈ। ਇਸ ਦੇ ਬਾਵਜੂਦ ਅਗਲੀ ਲਿਸਟ ਵਿਚ ਭਾਜਪਾ ਨੇ ਦੋ ਹੋਰ ਮੌਜੂਦਾ ਕੌਂਸਲਰ ਰਾਧੇ ਸ਼ਾਮ ਤੇ ਗੀਤਾ ਦੇਵੀ ਦੀ ਟਿਕਟ ਕੱਟ ਦਿੱਤੀ ਹੈ, ਜਿਨ੍ਹਾਂ 'ਚੋਂ ਰਾਧੇ ਸ਼ਾਮ ਵੱਲੋਂ ਲੀਡਰਾਂ 'ਤੇ ਗੰਭੀਰ ਦੋਸ਼ ਲਾਉਂਦੇ ਹੋਏ ਭਾਜਪਾ ਖਿਲਾਫ ਪੁਤਲਾ ਫੂਕ ਕੇ ਪ੍ਰਦਰਸ਼ਨ ਕਰ ਕੇ ਆਜ਼ਾਦ ਲੜਨ ਦਾ ਐਲਾਨ ਕਰ ਦਿੱਤਾ ਹੈ।
ਤਿੰਨਾਂ ਪ੍ਰਮੁੱਖ ਪਾਰਟੀਆਂ ਨੇ ਇਕ-ਇਕ ਪਰਿਵਾਰ 'ਚ ਦਿੱਤੀਆਂ ਦੋ-ਦੋ ਟਿਕਟਾਂ
ਸਿਆਸੀ ਪਾਰਟੀਆਂ ਭਾਵੇਂ ਇਕ-ਦੂਸਰੇ 'ਤੇ ਪਰਿਵਾਰਵਾਦ ਨੂੰ ਪਹਿਲ ਦੇਣ ਦਾ ਦੋਸ਼ ਲਾਉਂਦੀਆਂ ਹਨ ਪਰ ਹਮਾਮ 'ਚ ਸਭ ਨੰਗੀਆਂ ਹਨ। ਜਿਸ ਦਾ ਸਬੂਤ ਨਗਰ ਨਿਗਮ ਚੋਣ ਵਿਚ ਦੇਖਣ ਨੂੰ ਮਿਲ ਰਿਹਾ ਹੈ, ਜਿਸ ਤਹਿਤ ਤਿੰਨੋਂ ਹੀ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਇਕ-ਇਕ ਪਰਿਵਾਰ ਵਿਚ ਦੋ-ਦੋ ਟਿਕਟ ਦੇ ਦਿੱਤੀਆਂ ਹਨ। ਇਨ੍ਹਾਂ ਵਿਚ ਮੌਜੂਦਾ ਕੌਂਸਲਰ ਵਿਚੋਂ ਵਿਧਾਇਕ ਭਾਰਤ ਭੂਸ਼ਨ ਆਸ਼ੂ ਦੀ ਪਤਨੀ ਤੇ ਭਰਾ ਇਕ ਵਾਰ ਤੋਂ ਚੋਣ ਲੜਨ ਜਾ ਰਹੇ ਹਨ, ਜਦੋਂ ਕਿ ਮੌਜੂਦਾ ਕੌਂਸਲਰ ਬਲਕਾਰ ਸੰਧੂ ਨਾਲ ਉਨ੍ਹਾਂ ਦੀ ਪਤਨੀ ਨੂੰ ਵੀ ਟਿਕਟ ਮਿਲ ਗਈ ਹੈ, ਜੋ ਪਹਿਲਾਂ ਉਸ ਏਰੀਏ ਤੋਂ ਕੌਂਸਲਰ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਰਣਜੀਤ ਢਿੱਲੋਂ ਦੀ ਮੌਜੂਦਾ ਕੌਂਸਲਰ ਪਤਨੀ ਇਕ ਵਾਰ ਫਿਰ ਤੋਂ ਚੋਣ ਲੜ ਰਹੀ ਹੈ, ਉਨ੍ਹਾਂ ਦੇ ਭਤੀਜੇ ਨੂੰ ਵੀ ਨਾਲ ਲੱਗਦੇ ਵਾਰਡ ਤੋਂ ਅਕਾਲੀ ਦਲ ਦੀ ਟਿਕਟ ਦਿੱਤੀ ਗਈ ਹੈ। ਜੇਕਰ ਜਸਬੀਰ ਜੱਸਾ ਦੇ ਮਾਮਲੇ ਨੂੰ ਨਾਲ ਜੋੜ ਲਿਆ ਜਾਵੇ ਤਾਂ ਭਾਜਪਾ ਵੀ ਇਕ-ਇਕ ਪਰਿਵਾਰ ਵਿਚ ਦੋ-ਦੋ ਟਿਕਟ ਦੇਣ ਦੀ ਕੈਟਾਗਿਰੀ ਵਿਚ ਸ਼ਾਮਲ ਹੋ ਗਈ ਹੈ।
ਅਕਾਲੀ ਦਲ ਨੇ ਬਦਲੀਆਂ ਦੋ ਟਿਕਟਾਂ, ਗੋਗਾ ਦੀ ਛੁੱਟੀ, ਆਖਿਰ ਸਾਬਕਾ ਮੇਅਰ ਨੂੰ ਮਿਲਿਆ ਮੌਕਾ
ਨਗਰ ਨਿਗਮ ਚੋਣ ਲਈ ਸਭ ਤੋਂ ਪਹਿਲਾਂ ਟਿਕਟਾਂ ਦਾ ਐਲਾਨ ਕਰਨ ਤੋਂ ਬਾਅਦ ਹੁਣ ਟਿਕਟਾਂ ਬਦਲਣ ਦਾ ਰਿਕਾਰਡ ਵੀ ਅਕਾਲੀ ਦਲ ਦੇ ਨਾਂ ਹੋ ਗਿਆ ਹੈ, ਜਿਸ ਤਹਿਤ ਦੋ ਜਗ੍ਹਾ ਪਹਿਲਾਂ ਦਿੱਤੀਆਂ ਹੋਈਆਂ ਟਿਕਟਾਂ ਬਦਲ ਦਿੱਤੀਆਂ ਗਈਆਂ ਹਨ। ਇਸ ਦੀ ਮੁੱਖ ਵਜ੍ਹਾ ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ ਬਣੇ ਹਨ, ਜਿਨ੍ਹਾਂ ਵੱਲੋਂ ਵਾਰਡ ਨੰ. 44 ਤੋਂ ਟਿਕਟ ਦੀ ਮੰਗ ਕੀਤੀ ਜਾ ਰਹੀ ਸੀ ਪਰ ਉਥੇ ਬਿਕਰਮ ਮਜੀਠੀਆ ਦੇ ਦਬਾਅ ਵਿਚ ਮੀਤਪਾਲ ਦੁੱਗਰੀ ਨੂੰ ਟਿਕਟ ਮਿਲ ਗਈ। ਜਿਸ ਤੋਂ ਨਾਰਾਜ਼ ਹੋ ਕੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਨੇ ਬੈਂਸ ਗਰੁੱਪ ਜੁਆਇੰਨ ਕਰ ਲਿਆ ਅਤੇ ਗੋਹਲਵੜੀਆ ਨੇ ਆਜ਼ਾਦ ਲੜਨ ਦੀ ਚਿਤਾਵਨੀ ਦੇ ਦਿੱਤੀ ਹੈ, ਕਿਉਂਕਿ ਜਿਸ ਵਾਰਡ 41 ਤੋਂ ਉਹ ਪਹਿਲਾਂ ਕੌਂਸਲਰ ਸਨ, ਉਹ ਲੇਡੀਜ਼ ਰਿਜ਼ਰਵ ਹੋਣ ਕਾਰਨ ਉਥੋਂ ਸਾਬਕਾ ਕੌਂਸਲਰ ਸੋਹਣ ਸਿੰਘ ਗੋਗਾ ਨੂੰ ਟਿਕਟ ਦਿੱਤੀ ਗਈ ਹੈ ਪਰ ਮੇਅਰ ਦੀ ਨਾਰਾਜ਼ਗੀ ਕਾਰਨ ਗੋਗਾ ਨੂੰ ਨਾਲ ਲੱਗਦੇ ਵਾਰਡ ਵਿਚ ਸ਼ਿਫਟ ਹੋਣ ਦੀ ਪੇਸ਼ਕਸ਼ ਕੀਤੀ ਗਈ ਪਰ ਗੋਗਾ ਇਸ ਨਾਲ ਸਹਿਮਤ ਨਹੀਂ ਹੋਏ ਤਾਂ ਉਨ੍ਹਾਂ ਦੀ ਟਿਕਟ ਕੱਟ ਕੇ ਸਾਬਕਾ ਮੇਅਰ ਦੀ ਪਤਨੀ ਨੂੰ ਦਿੱਤੀ ਗਈ ਅਤੇ ਜਿਸ ਵਾਰਡ ਤੋਂ ਗੋਗਾ ਨੂੰ ਪੇਸ਼ਕਸ਼ ਕੀਤੀ ਜਾ ਰਹੀ ਸੀ, ਉਥੋਂ ਬੈਂਸ ਦਾ ਸਾਥ ਛੱਡ ਕੇ ਆਏ ਰਣਜੀਤ ਸਿੰਘ ਉੱਭੀ ਨੂੰ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਅਕਾਲੀ ਦਲ ਨੇ ਵਾਰਡ ਨੰ. 88 ਤੋਂ ਦੀਪਕ ਸ਼ਰਮਾ ਨੂੰ ਦਿੱਤੀ ਹੋਈ ਟਿਕਟ ਬਦਲ ਕੇ ਭਾਜਪਾ ਦੇ ਮੰਡਲ ਪ੍ਰਧਾਨ ਹਰੀਸ਼ ਅਰੋੜਾ ਨੂੰ ਦਿੱਤੀ ਹੈ, ਜਿਨ੍ਹਾਂ ਦੀ ਪਿਛਲੇ ਦਿਨੀਂ ਇਸ ਇਲਾਕੇ ਦੇ ਕਾਂਗਰਸ ਉਮੀਦਵਾਰ ਨੂੰ ਸਮਰਥਨ ਦੇਣ ਦੀ ਫੋਟੋ ਖੂਬ ਵਾਇਰਲ ਹੋਈ ਸੀ।
ਨਸ਼ੀਲੀਆਂ ਗੋਲੀਆਂ ਸਮੇਤ 4 ਗ੍ਰਿਫਤਾਰ
NEXT STORY