ਅੰਮ੍ਰਿਤਸਰ (ਅਣਜਾਣ)-ਸਿੱਖ ਸ਼ਸਤਰ ਕਲਾ ਤੇ ਗਤਕਾ ਨੂੰ ਪੇਟੈਂਟ ਕਰਵਾਉਣ ਦਾ ਦੋਸ਼ ਲੱਗਣ ਵਾਲੇ ਇੰਡੀਅਨ ਗਤਕਾ ਫੈਡਰੇਸ਼ਨ ਦੇ ਚੇਅਰਮੈਨ ਹਰਪ੍ਰੀਤ ਸਿੰਘ ਖਾਲਸਾ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਆਪਣੀ ਸਫ਼ਾਈ ਦੇਣ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਪੇਸ਼ ਹੋਏ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਲੋਗੋ ਪੇਟੈਂਟ ਕਰਵਾਇਆ ਹੈ ਗਤਕਾ ਨਹੀਂ ਜਿਸ ਧਿਰ ਨੇ ਮੇਰੀ ਸ਼ਿਕਾਇਤ ਕੀਤੀ ਹੈ ਉਨ੍ਹਾਂ ਬਿਨਾਂ ਕੁਝ ਸੋਚੇ ਸਮਝੇ ਹੀ ਸ਼ਿਕਾਇਤ ਕਰ ਦਿੱਤੀ ਜਦੋਂ ਕਿ ਉਨ੍ਹਾਂ ਨੂੰ ਪਹਿਲਾਂ ਮੇਰੇ ਨਾਲ ਰਾਫ਼ਤਾ ਕਾਇਮ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਰਾਜਨੀਤਕ ਸ਼ੋਹਰਤ ਹਾਸਲ ਕਰਨ ਲਈ ਕੀਤਾ ਗਿਆ ਹੈ ਤੇ ਸੰਗਤਾਂ ਨੂੰ ਭਡ਼ਕਾਇਆ ਗਿਆ ਹੈ। ਹਰ ਸੰਸਥਾ ਲਈ ਇਕ ਲੋਗੋ ਰਜਿਸਟਰਡ ਕਰਵਾਉਣਾ ਜ਼ਰੂਰੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਕ ਵਰਲਡ ਸਿੱਖ ਗਤਕਾ ਕਰਵਾਉਣ ਜਾ ਰਹੇ ਹਾਂ ਜਿਸ ਵਿਚ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਸਾਡੀ ਸਿਰਫ਼ ਇਹੋ ਮੰਗ ਹੈ ਕਿ ਗਤਕਾ ਸਿੱਖ ਬਾਣੇ ਵਿਚ ਖੇਡਿਆ ਜਾਵੇ। ਕੁਝ ਪੁਸਤਕਾਂ ਦਿਖਾਉਂਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚ ਲਿਖਿਆ ਹੈ ਕਿ ਟੋਪੀ ਪਾ ਕੇ, ਗਰੇ ਟਰਾਊਜ਼ਰ ਪਾ ਕੇ ਤੇ ਵ੍ਹਾਈਟ ਸ਼ਰਟ ਪਾ ਕੇ ਗਤਕਾ ਖੇਡਿਆ ਜਾ ਸਕਦਾ ਹੈ ਪਰ ਇਕ ਸਿੱਖ ਟੋਪੀ ਪਾ ਕੇ ਗਤਕਾ ਕਿਵੇਂ ਖੇਡ ਸਕਦਾ ਹੈ। ਜ਼ਿਕਰਯੋਗ ਹੈ ਕਿ ਹਰਪ੍ਰੀਤ ਸਿੰਘ ਖਾਲਸਾ ’ਤੇ ਕੁਝ ਦਿਨ ਪਹਿਲਾਂ ਨੈਸ਼ਨਲ ਗਤਕਾ ਐਸੋਸੀਏਸ਼ਨ ਆਫ਼ ਇੰਡੀਆ (ਰਜਿ.), ਵਿਸ਼ਵ ਗਤਕਾ ਫੈਡਰੇਸ਼ਨ (ਰਜਿ.) ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਰਜਿ.) ਨੇ ਇਕ ਲਿਖਤੀ ਪੱਤਰ ਰਾਹੀਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੋਂ ਮੰਗ ਕੀਤੀ ਸੀ ਕਿ ਦਿੱਲੀ ਸਥਿਤ ਇਕ ਨਿੱਜੀ ਲਿਮਟਿਡ ਕੰਪਨੀ ਵੱਲੋਂ ਗਤਕਾ ਅਤੇ ਸਿੱਖ ਸ਼ਸਤਰ ਵਿੱਦਿਆ ਨੂੰ ਟਰੇਡ ਮਾਰਕ ਤਹਿਤ ਪੇਟੈਂਟ ਕਰਵਾਉਣ ਦੀ ਅਵੱਗਿਆ ਕਰਨ ਵਾਲੇ ਸ਼ਖਸ ਨੂੰ ਅਕਾਲ ਤਖਤ ਸਾਹਿਬ ’ਤੇ ਤਲਬ ਕੀਤਾ ਜਾਏ । ਉਸ ਦੇ ਬਾਅਦ ਇਹ ਵਿਵਾਦ ਕਾਫ਼ੀ ਭਖ ਗਿਆ ਸੀ ਜਦੋਂ ਕਿ ਹਰਪ੍ਰੀਤ ਸਿੰਘ ਖਾਲਸਾ ਨੇ ਕਿਹਾ ਕਿ ਮੈਂ ਦਿੱਲੀ ਦਾ ਨਹੀਂ ਅੰਮ੍ਰਿਤਸਰ ਦਾ ਹਾਂ ਤੇ ਮੈਂ ਗਤਕੇ ਨੂੰ ਪੇਟੈਂਟ ਨਹੀਂ ਕਰਵਾਇਆ। ਹਰਪ੍ਰੀਤ ਸਿੰਘ ਨੇ ਇਹ ਸਪੱਸ਼ਟੀਕਰਨ ਸਿੰਘ ਸਾਹਿਬ ਦੇ ਨਿੱਜੀ ਸਹਾਇਕ ਰਣਜੀਤ ਸਿੰਘ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਦੇ ਵਿਚਾਰ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਸਪਨਾ ਭਾਟੀਆ ਬਣੀ ਆਲ ਇੰਡੀਆ ਕਾਂਗਰਸ ਏ. ਆਈ. ਸੀ. ਬ੍ਰਿਗੇਡ ਦੀ ਜਨਰਲ ਸਕੱਤਰ
NEXT STORY