ਕਰਤਾਰਪੁਰ, (ਸਾਹਨੀ)- ਬੀਤੀ 16 ਅਗਸਤ ਦੀ ਦੇਰ ਰਾਤ ਇਲਾਕੇ ਦੇ ਪਿੰਡ ਰੰਧਾਵਾ ਮਸੰਦਾਂ ਵਿਖੇ ਹੋਏ ਅੰਨ੍ਹੇ ਕਤਲ ਕੇਸ ਨੂੰ ਪੁਲਸ ਨੇ ਬਹੁਤ ਘੱਟ ਸਮੇਂ ਵਿਚ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ।
ਇਸ ਸਬੰਧੀ ਅੱਜ ਕਰਤਾਰਪੁਰ ਵਿਖੇ ਡੀ. ਐੱਸ. ਪੀ. ਦਿਗਵਿਜੇ ਸਿੰਘ ਕਪਿਲ ਨੇ ਪ੍ਰੈੱਸ ਕਾਨਫੰਰਸ ਵਿਚ ਦੱਸਿਆ ਕਿ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਦੇ ਨਿਰਦੇਸ਼ਾਂ ’ਤੇ ਐੱਸ. ਪੀ. ਇਨਵੈਸਟੀਗੇਸ਼ਨ ਬਲਕਾਰ ਸਿੰਘ ਦੀ ਅਗਵਾਈ ਵਿਚ ਥਾਣਾ ਮਕਸੂਦਾਂ ਨੇ ਸਿਰਫ 4 ਦਿਨਾਂ ਵਿਚ ਅੰਨ੍ਹੇ ਕਤਲ ਦੇ ਕੇਸ ਨੂੰ ਸੁਲਝਾ ਲਿਆ।
ਸ਼੍ਰੀ ਕਪਿਲ ਨੇ ਦੱਸਿਆ ਕਿ ਪੁਲਸ ਵਲੋਂ ਤਫਦੀਸ਼ ਦੌਰਾਨ ਕਾਬੂ ਕੀਤੇ ਮੁਲਜ਼ਮ ਕੁੰਦਨ ਮੰਡਲ ਪੁੱਤਰ ਭੁੱਚੋ ਮੰਡਲ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਬੀਤੀ 16 ਅਗਸਤ ਦੀ ਰਾਤ ਜਦ ਉਹ ਅਤੇ ਉਸਦਾ ਪਿਤਾ ਭੁੱਚੋ ਮੰਡਲ ਤੋਂ ਕੰਮ ਤੋਂ ਵਾਪਸ ਆਏ ਤਾਂ ਘਰ ਵਿਚ ਬੈਠੀਅਾਂ ਉਸ ਦੀਆਂ ਦੋਵੇਂ ਧੀਆਂ ਰੋ ਰਹੀਆਂ ਸਨ। ਉਨ੍ਹਾਂ ਨੂੰ ਲਡ਼ਕੀਆਂ ਨੇ ਦੱਸਿਆ ਕਿ ਗੌਰਵ ਨਾਂ ਦਾ ਲਡ਼ਕਾ ਜੋ ਕਿ ਕੁੰਦਨ ਦਾ ਦੋਸਤ ਸੀ, ਨੇ ਉਸ ਦੀ ਲਡ਼ਕੀ ਸੀਮਾ (ਕਾਲਪਨਿਕ ਨਾਮ) ਨਾਲ ਜਬਰ-ਜ਼ਨਾਹ ਕੀਤਾ, ਜਿਸ ’ਤੇ ਉਸ ਦੇ ਪਿਤਾ ਅਤੇ ਉਸ ਨੇ ਖੁਦ ਗੌਰਵ ਨੂੰ ਜਾਨੋਂ ਮਾਰਨ ਦੀ ਯੋਜਨਾ ਬਣਾ ਲਈ। ਉਸੇ ਰਾਤ ਪਿੰਡ ਦੇ ਬਾਹਰ ਅਜੀਤ ਸਿੰਘ ਦੇ ਡੇਰੇ ’ਚ ਰਹਿੰਦੇ ਗੌਰਵ ’ਤੇ ਹਮਲਾ ਕਰ ਦਿੱਤਾ। ਉਸ ਸਮੇਂ ਗੌਰਵ ਨਾਲ ਇਕ ਹੋਰ ਨੌਜਵਾਨ ਜਤਿੰਦਰ ਵੀ ਸੁੱਤਾ ਪਿਆ ਸੀ। ਹਮਲੇ ਦੌਰਾਨ ਉਹ ਬਚ ਕੇ ਭੱਜ ਗਿਆ ਅਤੇ ਪਿਉ-ਪੁੱਤ ਨੇ ਰਲ ਕੇ ਤੇਜ਼ਧਾਰ ਹਥਿਆਰਾਂ ਨਾਲ ਗੌਰਵ ’ਤੇ ਹਮਲਾ ਕਰ ਕੇ ਉਸ ਨੂੰ ਜਾਨੋਂ ਮਾਰ ਦਿੱਤਾ। ਇਸ ਦੌਰਾਨ ਉਸ ਦੇ ਸਰੀਰ ’ਤੇ ਕਰੀਬ 25 ਵਾਰ ਹੋਏ। ਘਟਨਾ ਤੋਂ ਬਾਅਦ ਦੋਵੇਂ ਭੱਜ ਗਏ। 17 ਅਗਸਤ ਦੀ ਸਵੇਰ ਕਰੀਬ 3 ਵਜੇ ਪੁਲਸ ਨੂੰ ਸੂਚਨਾ ਮਿਲੀ ਅਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ।
ਇਸ ਦੌਰਾਨ ਪੁਲਸ ਨੇ ਟੀਮ ਬਣਾ ਕੇ ਇਸ ਕੇਸ ’ਤੇ ਕੰਮ ਕੀਤਾ ਅਤੇ ਅਜੀਤ ਸਿੰਘ ਕੋਲ ਪਿਛਲੇ 5 ਸਾਲਾਂ ਦੌਰਾਨ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਵੇਰਵਾ ਲੈ ਕੇ ਜਾਂਚ ਸ਼ੁਰੂ ਕੀਤੀ ਗਈ। ਏ. ਐੱਸ. ਆਈ. ਬਲਵਿੰਦਰ ਸਿੰਘ ਅਤੇ ਏ. ਐੱਸ. ਆਈ. ਅੰਗਰੇੇਜ਼ ਸਿੰਘ ਨੇ ਰੰਧਾਵਾ ਮਸੰਦਾਂ ਦੀ ਸ਼ਮਸ਼ਾਨਘਾਟ ਤੋਂ ਕੁੰਦਨ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਪਿਤਾ ਅਜੇ ਵੀ ਫਰਾਰ ਹੈ। ਸ਼੍ਰੀ ਕਪਿਲ ਨੇ ਦੱਸਿਆ ਕਿ ਗ੍ਰਿਫਤਾਰ ਕੁੰਦਨ ਮਹਿੰਗੇ ਕੱਪਡ਼ੇ, ਮੋਬਾਇਲ, ਮੋਟਰਸਾਈਕਲ ਆਦਿ ਦਾ ਸ਼ੌਕੀਨ ਹੈ ਅਤੇ ਮੌਜੂਦਾ ਸਮੇਂ ਵਿਚ ਅਜੀਤ ਸਿੰਘ ਦੇ ਭਤੀਜੇ ਹਰਨੇਕ ਸਿੰਘ ਦੇ ਡੇਰੇ ’ਤੇ ਰਹਿੰਦਾ ਹੈ, ਉਸ ਦੇ ਪਿਤਾ ਦੀ ਭਾਲ ਜਾਰੀ ਹੈ।
ਵਕੀਲਾਂ ਵਲੋਂ ਅਣਮਿੱਥੇ ਸਮੇਂ ਦੀ ਭੁੱਖ ਹਡ਼ਤਾਲ ਸ਼ੁਰੂ
NEXT STORY