ਫਿਰੋਜ਼ਪੁਰ (ਸਨੀ) - ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਅਜੇ ਤੱਕ ਰੁਕਣ ਦਾ ਨਾਂ ਹੀ ਨਹੀਂ ਲੈ ਰਹੀਆਂ। ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਨੂੰ ਅਜੇ 10 ਦਿਨ ਹੀ ਹੋਏ ਹਨ ਕਿ ਪਾਕਿਸਤਾਨ ਨੇ ਭਾਰਤ-ਪਾਕਿ ਸਰਹੱਦ 'ਤੇ ਮੁੜ ਫਾਇਰਿੰਗ ਕਰ ਦਿੱਤੀ ਹੈ। ਇਹ ਫਾਇਰਿੰਗ ਫਾਜ਼ਿਲਕਾ ਤੇ ਰਾਜਸਥਾਨ ਦੇ ਨਾਲ ਲੱਗਦੀ ਅੰਤਰਰਾਸ਼ਟਰੀ ਹਿੰਦੂਮਲ ਕੋਟ ਸਰਹੱਦ 'ਤੇ ਪਾਕਿਸਤਾਨ ਵਲੋਂ ਕੀਤੀ ਗਈ ਹੈ, ਜਿਸ 'ਚ ਕੰਡਿਆਲੀ ਤਾਰ ਦੇ ਉਸ ਪਾਰ ਖੇਤੀ ਕਰ ਰਹੇ ਕਿਸਾਨਾਂ ਨੇ ਭੱਜ ਕੇ ਆਪਣੀ ਜਾਨ ਬਚਾਈ।
ਦੱਸ ਦੇਈਏ ਕਿ ਉਕਤ ਕਿਸਾਨ ਕੰਡਿਆਲੀ ਤਾਰ ਦੇ ਪਾਰ ਖੇਤਾਂ ਨੂੰ ਪਾਣੀ ਲਾਉਣ ਗਏ ਹੋਏ ਸਨ, ਜਿਸ ਦੌਰਾਨ ਪਾਕਿ ਰੇਂਜਰਸ ਵਲੋਂ ਉਨ੍ਹਾਂ 'ਤੇ ਫਾਇਰਿੰਗ ਕਰ ਦਿੱਤੀ ਗਈ। ਫਾਇਰਿੰਗ ਤੋਂ ਬਾਅਦ ਬੀ. ਐੱਸ. ਐੱਫ. ਵਲੋਂ ਪਾਕਿਸਤਾਨ ਰੇਂਜਰਸ ਨੂੰ ਪ੍ਰੋਟੈਸਟ ਨੋਟ ਜਾਰੀ ਕੀਤਾ ਹੈ। ਹਾਲਾਂਕਿ ਬੀ.ਐੱਸ.ਐੱਫ. ਨੇ ਜਾਂਚ ਤੋਂ ਬਾਅਦ ਸਪੱਸ਼ਟ ਕੀਤਾ ਹੈ ਕਿ ਇਹ ਕੋਈ ਟਾਰਗੇਟਡ ਫਾਇਰਿੰਗ ਨਹੀਂ ਸੀ ਅਤੇ ਉਨ੍ਹਾਂ ਇਹ ਫਾਇਰਿੰਗ ਪੰਛੀਆਂ ਦੇ ਸ਼ਿਕਾਰ ਲਈ ਕੀਤੀ ਸੀ, ਜਿਸ ਤੋਂ ਕਿਸਾਨ ਡਰ ਗਏ ਹਨ। ਦੱਸਣਯੋਗ ਹੈ ਕਿ ਅਜਿਹੀਆਂ ਸ਼ਿਕਾਰ ਦੀਆਂ ਘਟਨਾਵਾਂ ਪਹਿਲਾਂ ਵੀ ਕਈ ਵਾਰ ਹੁੰਦੀਆਂ ਆ ਰਹੀਆਂ ਹਨ ਪਰ ਜੰਗ ਦੀਆਂ ਖ਼ਬਰਾਂ ਨੂੰ ਲੈ ਕੇ ਸਰਹੱਦੀ ਖੇਤਰਾਂ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ।
ਚੰਡੀਗੜ੍ਹ 'ਚ ਕਿਰਨ ਖੇਰ ਖਿਲਾਫ ਚੱਲੇ ਕੇਜਰੀਵਾਲ ਦੇ 'ਤੀਰ'
NEXT STORY