ਜਲੰਧਰ (ਸੁਧੀਰ, ਜਸਪ੍ਰੀਤ)— ਇਥੋਂ ਦੇ ਖਿੰਗਰਾ ਗੇਟ ਸਥਿਤ ਇਕ ਮੋਬਾਇਲ ਦੀ ਦੁਕਾਨ 'ਤੇ ਨੌਜਵਾਨ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਖਿੰਗਰਾ ਗੇਟ ਸਥਿਤ ਇਕ ਮੋਬਾਇਲ ਦੀ ਦੁਕਾਨ 'ਤੇ ਬੈਠੇ ਇਕ ਵਿਦਿਆਰਥੀ 'ਤੇ ਦਿਨ-ਦਿਹਾੜੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਦੁਪਹਿਰ 2.15 ਵਜੇ ਦੇ ਕਰੀਬ ਕ੍ਰਿਸ਼ਨਾ ਟੈਲੀਕਾਮ 'ਤੇ ਇਕ ਵਿਅਕਤੀ ਆਇਆ, ਜਿਸ ਦੀ ਦੁਕਾਨ 'ਤੇ ਬੈਠੇ ਹੋਏ ਵਾਸੂ ਨਾਮ ਦੇ ਨੌਜਵਾਨ ਨਾਲ ਕੁਝ ਗੱਲ ਹੋਈ। ਇਸ ਤੋਂ ਬਾਅਦ ਵਿਅਕਤੀ ਨੇ ਵਾਸੂ ਦੇ ਗਲੇ 'ਤੇ ਚਾਕੂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਉਹ ਮੌਕੇ ਤੋਂ ਫਰਾਰ ਹੋ ਗਿਆ। ਵਾਰਦਾਤ ਤੋਂ ਬਾਅਦ ਮੋਬਾਇਲ ਕਾਰੋਬਾਰੀ ਦਾ 16 ਸਾਲਾ ਬੇਟਾ ਸਿਧਾਰਥ ਉਰਫ ਵਾਸੂ ਖੂਨ ਨਾਲ ਲਥਪਥ ਹੇਠਾਂ ਜ਼ਮੀਨ 'ਤੇ ਡਿੱਗ ਪਿਆ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਿਸ ਤੋਂ ਬਾਅਦ ਸਿਧਾਰਥ ਉਰਫ ਵਾਸੂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਵਾਸੂ 10ਵੀਂ ਜਮਾਤ 'ਚ ਪੜ੍ਹਦਾ ਸੀ। ਵਾਸੂ ਦੇ ਪਿਤਾ ਦੁਕਾਨ 'ਤੇ ਨਹੀਂ ਸਨ, ਇਸ ਕਰਕੇ ਵਾਸੂ ਪਿਤਾ ਦੀ ਦੁਕਾਨ 'ਤੇ ਬੈਠਾ ਸੀ। ਘਟਨਾ ਦੀ ਸੂਚਨਾ ਤੁਰੰਤ ਥਾਣਾ ਨੰਬਰ ਤਿੰਨ ਨੂੰ ਦਿੱਤੀ ਗਈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਹਿਰ 'ਚ ਦਿਨ-ਦਿਹਾੜੇ ਹੋਈ ਸਨਸਨੀਖੇਜ ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਕਮਿਸ਼ਨਰੇਟ ਪੁਲਸ ਵਿਚ ਹੜਕੰਪ ਮਚ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਏ. ਡੀ. ਸੀ.ਪੀ. ਸਿਟੀ-1 ਪਰਮਿੰਦਰ ਸਿੰਘ ਭੰਡਾਲ, ਥਾਣਾ-3 ਦੇ ਇੰਚਾਰਜ ਵਿਜੇ ਕੁੰਵਰ ਪਾਲ ਸਿੰਘ ਭਾਰੀ ਪੁਲਸ ਫੋਰਸ ਸਣੇ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ। ਪੁਲਸ ਨੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਕਢਵਾਈ ਤਾਂ ਉਸ 'ਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਦੇ ਭੱਜਦੇ ਦੀ ਤਸਵੀਰ ਕੈਦ ਹੋ ਗਈ, ਜਿਸ ਨੂੰ ਪੁਲਸ ਨੇ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਏ. ਡੀ. ਸੀ. ਪੀ. ਸਿਟੀ-1 ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਫਿਲਹਾਲ ਪੁਲਸ ਜਾਂਚ 'ਚ ਨੌਜਵਾਨ ਦੀ ਹੱਤਿਆ ਦਾ ਕਾਰਨ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਦੱਸਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪੁਲਸ ਫਿਰ ਵੀ ਹਰ ਐਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਮ੍ਰਿਤਕ ਨੌਜਵਾਨ ਦੇ ਤਾਏ ਦੇ ਬਿਆਨਾਂ 'ਤੇ ਪੰਕੂ ਉਰਫ ਪੰਕਜ ਦੇ ਖਿਲਾਫ ਮਾਮਲਾ ਦਰਜ ਕਰ ਦੇਰ ਸ਼ਾਮ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਵਾਸੂ ਦੇ ਤਾਏ ਸੁਨੀਸ਼ ਰਾਜਪਾਲ ਪੁੱਤਰ ਮੁਲਖ ਰਾਜ ਵਾਸੀ ਢਿੱਕੀ ਮੁਹੱਲਾ ਨੇੜੇ ਗੋਪਾਲ ਮੰਦਰ ਨੇ ਦੱਸਿਆ ਕਿ ਉਹ ਮੋਬਾਇਲ ਦਾ ਕਾਰੋਬਾਰ ਕਰਦਾ ਹੈ ਅਤੇ ਉਸ ਦੇ ਛੋਟੇ ਭਰਾ ਵਿਕਾਸ ਰਾਜਪਾਲ ਦੀ ਕ੍ਰਿਸ਼ਨਾ ਟੈਲੀਕਾਮ ਨਾਮਕ ਖਿੰਗਰਾਂ ਗੇਟ 'ਚ ਦੁਕਾਨ ਹੈ। ਉਨ੍ਹਾਂ ਨੇ ਦੱਸਿਆ ਕਿ ਵਿਕਾਸ ਕਿਸੇ ਕੰਮ ਲਈ ਬਾਹਰ ਗਿਆ ਸੀ ਅਤੇ ਦੁਕਾਨ 'ਤੇ ਵਾਸੂ ਬੈਠਾ ਸੀ। ਦੁਪਹਿਰ ਵੇਲੇ ਉਹ ਐਕਟਿਵਾ 'ਤੇ ਆਪਣੇ ਭਰਾ ਦੀ ਦੁਕਾਨ 'ਤੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਇਕ ਨੌਜਵਾਨ ਜਿਸ ਨੇ ਕਾਲੇ ਰੰਗ ਦੇ ਕੱਪੜੇ ਪਾਏ ਸਨ ਉਸ ਦੇ ਭਰਾ ਦੀ ਦੁਕਾਨ 'ਚੋਂ ਬਾਹਰ ਨਿਕਲ ਕੇ ਭੱਜ ਰਿਹਾ ਸੀ। ਜਿਸ ਤੋਂ ਬਾਅਦ ਉਸ ਨੇ ਦੁਕਾਨ ਅੰਦਰ ਜਾ ਕੇ ਦੇਖਿਆ ਤਾਂ ਵਾਸੂ ਪੁੱਤਰ ਵਿਕਾਸ ਰਾਜਪਾਲ ਖੂਨ ਨਾਲ ਲਥਪਥ ਹਾਲਤ 'ਚ ਡਿਗਿਆ ਹੋਇਆ ਸੀ। ਉਸ ਦੇ ਗਲੇ ਅਤੇ ਛਾਤੀ 'ਚੋਂ ਖੂਨ ਨਿਕਲ ਰਿਹਾ ਸੀ, ਜਿਸ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਉਸ ਨੂੰ ਪ੍ਰਤਾਪ ਬਾਗ ਸਥਿਤ ਇਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਫਸਟਏਡ ਦਿਵਾਉਣ ਤੋਂ ਬਾਅਦ ਉਸ ਨੂੰ ਸੱਤਿਅਮ ਹਸਪਤਾਲ ਲਿਜਾਇਆ ਜਾ ਰਿਹਾ ਸੀ ਕਿ ਰਸਤੇ 'ਚ ਸਿਧਾਰਥ ਨੇ ਦੱਸਿਆ ਕਿ ਉਸ 'ਤੇ ਪੰਕਜ ਉਰਫ ਪੰਕੂ ਜੋ ਕਿ ਅੱਗਰਵਾਲ ਟੈਕਸਟਾਈਲ ਦੇ ਹਨੀ ਨਾਮਕ ਨੌਜਵਾਨ ਦਾ ਭਰਾ ਹੈ, ਨੇ ਕਾਤਲਾਨਾ ਹਮਲਾ ਕੀਤਾ ਹੈ। ਦੂਜੇ ਪਾਸੇ ਸੰਪਰਕ ਕਰਨ 'ਤੇ ਪੁਲਸ ਕਮਿਸ਼ਨਰ ਪਰਵੀਨ ਕੁਮਾਰ ਸਿਨ੍ਹਾ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਪੈਸੇ ਦੇਣ ਤੋਂ ਕੀਤਾ ਇਨਕਾਰ ਤਾਂ ਚਾਕੂ ਨਾਲ ਕੀਤੇ ਕਈ ਵਾਰ
ਮ੍ਰਿਤਕ ਦੇ ਤਾਏ ਸੁਨੀਸ਼ ਰਾਜਪਾਲ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਉਹ ਸਿਧਾਰਥ ਨੂੰ ਹਸਪਤਾਲ ਲਿਜਾ ਰਹੇ ਸਨ ਤਾਂ ਸਿਧਾਰਥ ਨੇ ਉਨ੍ਹਾਂ ਨੂੰ ਦੱਸਿਆ ਕਿ ਪੰਕਜ ਨੇ ਉਸ ਕੋਲੋਂ ਦੁਕਾਨ 'ਤੇ ਆ ਕੇ ਰੁਪਏ ਮੰਗੇ ਸਨ। ਉਸ ਨੇ ਮਨ੍ਹਾ ਕੀਤਾ ਤਾਂ ਉਸ 'ਤੇ ਕਾਤਲਾਨਾ ਹਮਲਾ ਕਰ ਦਿੱਤਾ। ਏ. ਡੀ. ਸੀ. ਪੀ. ਸਿਟੀ-1 ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਪੁਲਸ ਜਾਂਚ 'ਚ ਪਤਾ ਲੱਗਾ ਹੈ ਕਿ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋਵਾਂ ਧਿਰਾਂ 'ਚ ਬਹਿਸਬਾਜ਼ੀ ਹੋਈ ਤਾਂ ਪੰਕਜ ਨੇ ਚਾਕੂ ਨਾਲ ਕਈ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ।
ਪਹਿਲਾਂ ਪਿਤਾ ਨੂੰ ਫੋਨ ਕਰਕੇ ਮੰਗੇ ਸਨ ਪੈਸੇ
ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਪਹਿਲਾਂ ਸਿਧਾਰਥ ਉਰਫ ਵਾਸੂ ਦੇ ਪਿਤਾ ਨੂੰ ਫੋਨ ਕਰਕੇ ਪੈਸਿਆਂ ਦੀ ਮੰਗ ਕੀਤੀ ਸੀ। ਸਿਧਾਰਥ ਦੇ ਪਿਤਾ ਨੇ ਉਸ ਨੂੰ ਕਿਹਾ ਸੀ ਕਿ ਉਹ ਇਸ ਸਮੇਂ ਕਰਤਾਰਪੁਰ 'ਚ ਹਨ। ਏ. ਡੀ. ਸੀ. ਪੀ. ਸਿਟੀ-1 ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਦੋਵਾਂ ਦੀ ਫੋਨ 'ਤੇ ਗੱਲ ਹੋਈ ਸੀ, ਜਿਸ ਤੋਂ ਬਾਅਦ ਪੰਕੂ ਉਨ੍ਹਾਂ ਦੀ ਦੁਕਾਨ 'ਤੇ ਚਲਾ ਗਿਆ ਜਿੱਥੇ ਦੋਵਾਂ ਵਿਚ ਝਗੜਾ ਹੋ ਗਿਆ।

10ਵੀਂ ਕਲਾਸ ਦਾ ਵਿਦਿਆਰਥੀ ਸੀ ਸਿਧਾਰਥ, 30 ਨੂੰ ਸੀ ਜਨਮ ਦਿਨ
ਪੁਲਸ ਜਾਂਚ 'ਚ ਪਤਾ ਲੱਗਾ ਹੈ ਕਿ ਸਿਧਾਰਥ ਰਾਇਲ ਇੰਟਰਨੈਸ਼ਨਲ ਸਕੂਲ 'ਚ 10ਵੀਂ ਕਲਾਸ ਦਾ ਵਿਦਿਆਰਥੀ ਸੀ। ਉਹ ਦੋ ਭਰਾ ਸਨ, ਸਿਧਾਰਥ ਵੱਡਾ ਸੀ ਅਤੇ 30 ਤਰੀਕ ਨੂੰ ਉਸ ਦਾ ਜਨਮ ਦਿਨ ਸੀ। ਦੱਸਿਆ ਜਾ ਰਿਹਾ ਹੈ ਕਿ ਦੁਕਾਨ 'ਚ ਲਾਈਟ ਗਈ ਹੋਣ ਕਾਰਨ ਉਹ ਕੁਝ ਦੇਰ ਘਰ ਆ ਗਿਆ ਸੀ ਪਰ ਕੁਝ ਦੇਰ ਬਾਅਦ ਉਹ ਦੁਬਾਰਾ ਦੁਕਾਨ 'ਤੇ ਚਲਾ ਗਿਆ ਸੀ।
ਸਿਧਾਰਥ ਦੀ ਮੌਤ ਦੀ ਖਬਰ ਸੁਣਦਿਆਂ ਹੀ ਪੂਰਾ ਇਲਾਕਾ ਡੁੱਬਿਆ ਸੋਗ ਵਿਚ, ਹਰ ਅੱਖ ਵਿਚ ਸਨ ਹੰਝੂ
ਖਿੰਗਰਾਂ ਗੇਟ ਵਿਚ ਦੁਕਾਨ 'ਤੇ ਬੈਠੇ ਮਾਸੂਮ ਸਿਧਾਰਥ ਦੀ ਬੇਰਹਿਮੀ ਨਾਲ ਹੱਤਿਆ ਦੀ ਖਬਰ ਸੁਣਦਿਆਂ ਹੀ ਹਰ ਕਿਸੇ ਦੀਆਂ ਅੱਖਾਂ 'ਚ ਹੰਝੂ ਸਨ। ਦੇਰ ਸ਼ਾਮ ਤੱਕ ਥਾਣਾ-3 ਵਿਚ ਮੁਲਜ਼ਮ ਦੀ ਗ੍ਰਿਫਤਾਰੀ ਨੂੰ ਲੈ ਕੇ ਵਿਧਾਇਕ ਕੇ. ਡੀ. ਭੰਡਾਰੀ ਅਤੇ ਹੋਰ ਲੋਕ ਇਕੱਠੇ ਹੋਏ। ਇਸ ਦਰਦਨਾਕ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ।
ਕੱਲ ਕਰ ਸਕਦੀ ਹੈ ਕਮਿਸ਼ਨਰੇਟ ਪੁਲਸ ਪ੍ਰੈੱਸ ਕਾਨਫਰੰਸ
ਦੂਜੇ ਪਾਸੇ ਇਸ ਹੱਤਿਆਕਾਂਡ ਨੂੰ ਪੁਲਸ ਨੇ ਸੁਲਝਾ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਇਸ ਹੱਤਿਆਕਾਂਡ ਬਾਰੇ ਕਮਿਸ਼ਨਰੇਟ ਪੁਲਸ ਵੀਰਵਾਰ ਪ੍ਰੈੱਸ ਕਾਨਫਰੰਸ ਕਰਕੇ ਮਾਮਲੇ ਬਾਰੇ ਪੂਰੀ ਜਾਣਕਾਰੀ ਦੇ ਸਕਦੀ ਹੈ। ਦੂਜੇ ਪਾਸੇ ਸੰਪਰਕ ਕਰਨ 'ਤੇ ਪੁਲਸ ਕਮਿਸ਼ਨਰ ਪਰਵੀਨ ਕੁਮਾਰ ਸਿਨ੍ਹਾ ਨੇ ਦੱਸਿਆ ਕਿ ਪੁਲਸ ਨੇ ਫਿਲਹਾਲ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਸਾਬਕਾ ਵਿਧਾਇਕ ਭੰਡਾਰੀ ਦਾ ਦੋਸ਼, ਅਪਰਾਧੀਆਂ 'ਚ ਕਮਿਸ਼ਨਰੇਟ ਪੁਲਸ ਦਾ ਡਰ ਹੋਇਆ ਖਤਮ
ਨਾਰਥ ਹਲਕੇ 'ਚ ਅਪਰਾਧਿਕ ਵਾਰਦਾਤਾਂ ਵਿਚ ਹੋਇਆ ਵਾਧਾ
ਦੂਜੇ ਪਾਸੇ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਸ਼ਹਿਰ ਵਿਚ ਹੋਈ ਇਸ ਸਨਸਨੀਖੇਜ ਵਾਰਦਾਤ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਸ਼ਹਿਰ ਵਿਚ ਅਪਰਾਧੀਆਂ ਦੇ ਹੌਸਲੇ ਦਿਨ-ਬ-ਦਿਨ ਬੁਲੰਦ ਹੁੰਦੇ ਜਾ ਰਹੇ ਹਨ ਕਦੀ ਸ਼ਰੇਆਮ ਸ਼ਹਿਰ ਵਿਚ ਗੋਲੀਆਂ ਚੱਲ ਰਹੀਆਂ ਹਨ ਅਤੇ ਕਦੀ ਚੋਰ ਲੁਟੇਰੇ ਸ਼ਹਿਰ 'ਚ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਅਜੇ ਕੁਝ ਦਿਨ ਪਹਿਲਾਂ ਹੀ ਚੋਰ ਲੁਟੇਰਿਆਂ ਨੇ ਸ਼ਹਿਰ ਵਿਚ ਇਕੋ ਵੇਲੇ ਕਰੀਬ 5 ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਜਦੋਂਕਿ ਉਸ ਤੋਂ ਪਹਿਲਾਂ ਚੋਰ ਲੁਟੇਰਿਆਂ ਨੇ ਸ਼ਹਿਰ ਵਿਚ ਜੈਨ ਕਾਲੋਨੀ ਤੇ ਸ਼ਿਵ ਨਗਰ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਸਾਫ ਕਿਹਾ ਕਿ ਸ਼ਹਿਰ ਵਿਚ ਰੋਜ਼ਾਨਾ ਅਪਰਾਧੀ ਅਨਸਰ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਦੀ ਪੋਲ ਖੋਲ੍ਹਦਿਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਜਦੋਂਕਿ ਕਮਿਸ਼ਨਰੇਟ ਪੁਲਸ ਦਾ ਡਰ ਅਪਰਾਧੀਆਂ ਦੇ ਮਨ 'ਚੋਂ ਖਤਮ ਹੋ ਚੁੱਕਾ ਹੈ। ਜਿਸ ਕਾਰਨ ਅਪਰਾਧੀਆਂ ਦੇ ਹੌਸਲੇ ਲਗਾਤਾਰ ਬੁਲੰਦ ਹੋ ਰਹੇ ਹਨ। ਉਨ੍ਹਾਂ ਸਾਫ ਕਿਹਾ ਕਿ ਸ਼ਹਿਰ ਵਿਚ ਲਗਾਤਾਰ ਅਪਰਾਧਾਂ ਵਿਚ ਵਾਧਾ ਹੋਣ ਕਾਰਨ ਨਾਰਥ ਹਲਕੇ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਕਲਯੁਗੀ ਮਾਂ ਦੀ ਕਾਲੀ ਕਰਤੂਤ, 5 ਮਹੀਨਿਆਂ ਦਾ ਭਰੂਣ ਸੁੱਟਿਆ
NEXT STORY