ਨੂਰਪੁਰਬੇਦੀ (ਅਵਿਨਾਸ/ਸ਼ਰਮਾ)— ਨੂਰਪੁਰਬੇਦੀ ਪੁਲਸ ਸਟੇਸ਼ਨ ਅਧੀਨ ਪੈਂਦੇ ਪਿੰਡ ਮੂਸਾਪੁਰ ਦੇ ਇਕ ਵਿਅਕਤੀ ਨੂੰ ਉਸ ਦੇ ਆਪਣੇ ਹੀ ਜੀਜੇ ਵੱਲੋਂ ਅੱਧੀ ਦਰਜਨ ਵਿਅਕਤੀਆਂ ਨਾਲ ਮਿਲ ਕੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੀ ਖਬਰ ਮਿਲੀ ਹੈ। ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਜ਼ੇਰੇ ਇਲਾਜ ਕੁੱਟਮਾਰ ਦੇ ਸ਼ਿਕਾਰ ਦਿਲਬਾਗ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਮੂਸਾਪੁਰ ਨੇ ਦੱਸਿਆ ਕਿ ਉਸ ਨੇ ਪਿੰਡ ਮਾਣਕੂਮਾਜਰਾ ਨੇੜੇ 6 ਕਿੱਲੇ ਜ਼ਮੀਨ ਠੇਕੇ 'ਤੇ ਲਈ ਹੋਈ ਹੈ। ਉਹ ਇਸ ਜ਼ਮੀਨ 'ਚੋਂ ਬੀਤੀ 26 ਅਪ੍ਰੈਲ ਦੀ ਰਾਤ ਨੂੰ ਕੰਬਾਇਨ ਨਾਲ ਕਣਕ ਦੀ ਕਟਾਈ ਕਰਵਾ ਕੇ ਜਦੋਂ ਰਾਤੀਂ ਕਰੀਬ 10 ਵਜੇ ਆਪਣੇ ਘਰ ਮੂਸਾਪੁਰ ਨੂੰ ਆਉਣ ਲੱਗਾ ਤਾਂ ਉਸ ਦੇ ਜੀਜਾ ਪਾਲਾ ਅਤੇ ਉਸ ਦੇ ਭਰਾ ਦਰਸ਼ਨ (ਦੋਵੇਂ ਪੁੱਤਰ ਰਾਮ ਮੂਰਤੀ ਪਿੰਡ ਪਚਰੰਡਾ) ਅਤੇ ਉਨ੍ਹਾਂ ਦੇ ਜਵਾਈ ਬੰਤ ਸਿੰਘ ਪਿੰਡ ਗੁਰਸੇਵਾਲ ਨੇ 6-7 ਹੋਰ ਬੰਦਿਆ ਨਾਲ ਉਸ 'ਤੇ ਡੰਡਿਆਂ ਅਤੇ ਹੋਰ ਸਮੱਗਰੀ ਨਾਲ ਹਮਲਾ ਕਰ ਦਿੱਤਾ। ਉਸ ਨੂੰ ਕਾਫੀ ਸਮੇਂ ਤੱਕ ਕੁਟਿਆ ਮਾਰਿਆ ਗਿਆ ਅਤੇ ਉਸ ਦੀ ਵੀਡਿਓ ਵੀ ਬਣਾਈ ਗਈ, ਜਿਸ ਵਿਚ ਉਨ੍ਹਾਂ ਨੇ ਜੋ ਕਿਹਾ ਉਹ ਕਹਾਇਆ। ਦਿਲਬਾਗ ਸਿੰਘ ਦੇ ਸਰੀਰ 'ਤੇ ਕੁੱਟਮਾਰ ਕਾਰਨ ਨੀਲ ਦੇ ਨਿਸ਼ਾਨ ਸਾਫ ਦਿਖਾਈ ਦੇ ਰਹੇ ਹਨ। ਉਸ ਦੀ ਪਿੱਠ, ਹੱਥ ਮੂੰਹ ਅਤੇ ਸਿਰ 'ਚ ਗਹਿਰੀਆਂ ਸੱਟਾਂ ਵੱਜੀਆਂ ਹਨ।
ਦਿਲਬਾਗ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਦੀ ਇੰਨੀ ਕੁਟਮਾਰ ਕੀਤੀ ਕਿ ਉਸ ਦੀਆਂ ਅੱਖਾਂ ਵਿਚ ਵੀ ਗਹਿਰੀਆਂ ਸੱਟਾਂ ਵੱਜਣ ਕਾਰਨ ਨਿਸ਼ਾਨ ਪੈ ਚੁੱਕੇ ਹਨ। ਉਸ ਨੇ ਦੱਸਿਆ ਕਿ ਹਮਲਾਵਰ ਉਸ ਨੂੰ ਇਕ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਨੰਬਰ 8585 'ਚ ਸੁੱਟ ਕੇ ਲੈ ਗਏ ਸਨ ਅਤੇ ਕੁੱਟਮਾਰ ਤੋਂ ਬਾਅਦ ਉਸ ਨੂੰ ਉਸੇ ਥਾਂ ਸੁੱਟ ਕੇ ਚਲੇ ਗਏ। ਉਸ ਨੂੰ ਇਹ ਧਮਕੀਆਂ ਵੀ ਦਿੱਤੀਆਂ ਕਿ ਜੇਕਰ ਉਸ ਨੇ ਇਸ ਬਾਰੇ ਪੁਲਸ ਜਾਂ ਕਿਸੇ ਹੋਰ ਨੂੰ ਦੱਸਿਆ ਤਾਂ ਤੈਨੂੰ ਪੱਥਰਾਂ ਨਾਲ ਬੰਨ੍ਹ ਕੇ ਨਹਿਰ 'ਚ ਸੁੱਟ ਦਿੱਤਾ ਜਾਵੇਗਾ। ਹਮਲਾ ਕਰਨ ਬਾਰੇ ਪੁੱਛਣ 'ਤੇ ਦਿਲਬਾਗ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਹਰਜਿੰਦਰ ਕੌਰ ਦਾ ਵਿਆਹ ਕਰੀਬ 3 ਸਾਲ ਪਹਿਲਾਂ ਪਾਲਾ ਪੁੱਤਰ ਰਾਮ ਮੂਰਤੀ ਪਿੰਡ ਪਚਰੰਡਾ ਨਾਲ ਹੋਇਆ ਸੀ। ਉਸ ਦੇ ਸਹੁਰਾ ਪਰਿਵਾਰ ਵੱਲੋਂ ਉਸ ਦੀ ਭੈਣ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ, ਜਿਸ ਕਰਕੇ ਉਸ ਦੀ ਭੈਣ ਵੀ ਆਪਣੇ ਪੇਕੇ ਪਿੰਡ ਮੂਸਾਪੁਰ ਆਈ ਹੋਈ ਹੈ। ਹਸਪਤਾਲ ਵਿਖੇ ਦਾਖਲ ਦਿਲਬਾਗ ਸਿੰਘ ਨੇ ਐੱਸ. ਐੱਸ. ਪੀ. ਰੂਪਨਗਰ, ਡੀ. ਆਈ. ਜੀ. ਰੂਪਨਗਰ ਅਤੇ ਡੀ. ਜੀ. ਪੀ. ਪੰਜਾਬ ਤੋਂ ਆਪਣੀ ਜਾਨ ਬਚਾਉਣ ਦੀ ਗੁਹਾਰ ਲਗਾਈ ਹੈ। ਉਸ ਨੇ ਕਿਹਾ ਕਿ ਉਸ ਵੱਲੋਂ ਪੁਲਸ ਨੂੰ ਬਿਆਨ ਦਿੱਤੇ ਜਾ ਚੁੱਕੇ ਹਨ ਪਰ ਪੁਲਸ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਉਸ ਨੇ ਦੱਸਿਆ ਕਿ ਉਸ ਦੀ ਜਾਨ ਨੂੰ ਖਤਰਾ ਹੈ ਅਤੇ ਹਮਲਾਵਰ ਉਸ 'ਤੇ ਮੁੜ ਕਦੇ ਵੀ ਵਾਰ ਕਰ ਸਕਦੇ ਹਨ।
ਕੀ ਕਹਿਣਾ ਹੈ ਪੁਲਸ ਦਾ
ਇਸ ਸਬੰਧ 'ਚ ਕੇਸ ਦੀ ਜਾਂਚ ਕਰ ਰਹੇ ਏ. ਐੱਸ. ਆਈ. ਦਵਿੰਦਰ ਕੁਮਾਰ ਨੇ ਕਿਹਾ ਕਿ ਪੁਲਸ ਦੀ ਜਾਂਚ ਚੱਲ ਰਹੀ ਹੈ ਅਤੇ ਸਾਰੀਆਂ ਰਿਪੋਰਟਾਂ ਆਉਣ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੇ ਘਰ ਪੁਲਸ ਵੱਲੋਂ ਰੇਡ ਵੀ ਕੀਤੀ ਗਈ ਹੈ।
ਦੋਸ਼ੀ ਬਖਸ਼ੇ ਨਹੀਂ ਜਾਣਗੇ: ਡੀ. ਐੱਸ. ਪੀ
ਇਸ ਸਬੰਧ 'ਚ ਸੰਪਰਕ ਕਰਨ 'ਤੇ ਸ੍ਰੀ ਆਨੰਦਪੁਰ ਸਾਹਿਬ ਦੇ ਡੀ. ਐੱਸ. ਪੀ. ਰਮਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ। ਉਹ ਇਸ ਮਾਮਲੇ ਦਾ ਹੁਣੇ ਪਤਾ ਲਗਾ ਕੇ ਦੋਸ਼ੀਆ ਖਿਲਾਫ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਠੇਕੇਦਾਰ ਦੀਆਂ ਮਨਮਰਜ਼ੀਆ ਕਾਰਨ ਲਿਫਟਿੰਗ ਦਾ ਕੰਮ ਹੋਇਆ ਢਿੱਲਾਂ
NEXT STORY