ਗੁਰਦਾਸਪੁਰ, (ਵਿਨੋਦ)- ਗੁਰਦਾਸਪੁਰ ਕਹਿਣ ਨੂੰ ਤਾਂ ਜ਼ਿਲਾ ਹੈੱਡ ਕੁਆਰਟਰ ਹੈ ਪਰ ਇਸ ਦੇ ਬੱਸ ਸਟੈਂਡ ਦੀ ਹਾਲਤ ਵੇਖ ਕੇ ਨਹੀਂ ਲੱਗਦਾ ਕਿ ਇਹ ਪੰਜਾਬ ਦੇ ਕਿਸੇ ਮਹੱਤਵਪੂਰਨ ਜ਼ਿਲਾ ਹੈੱਡ ਕੁਆਰਟਰ ਦਾ ਬੱਸ ਸਟੈਂਡ ਹੈ। ਬੇਸ਼ੱਕ ਇਸ ਬੱਸ ਸਟੈਂਡ ਤੋਂ ਜ਼ਿਲਾ ਪ੍ਰੀਸ਼ਦ ਨੂੰ ਮੋਟੀ ਰਾਸ਼ੀ ਅੱਡਾ ਫੀਸ ਦੇ ਨਾਂ ’ਤੇ ਅਤੇ ਦੁਕਾਨਾਂ ਤੋਂ ਮਿਲਣ ਵਾਲੇ ਕਿਰਾਏ ਦੇ ਰੂਪ ’ਚ ਮਿਲ ਰਹੀ ਹੈ ਪਰ ਇਸ ਬੱਸ ਸਟੈਂਡ ’ਤੇ ਇਕ ਵੀ ਅਜਿਹੀ ਸੁਵਿਧਾ ਮੁਹੱਈਆ ਨਹੀਂ ਹੈ, ਜਿਸ ਨਾਲ ਇਹ ਜ਼ਿਲਾ ਹੈੱਡ ਕੁਆਰਟਰ ਤਾਂ ਕੀ ਕਿਸੇ ਉਪ ਮੰਡਲ ਦਾ ਬੱਸ ਸਟੈਂਡ ਲੱਗੇ, ਜਿਸ ਕਾਰਨ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਲੋਕਾਂ ਦੀ ਮੰਗ ਹੈ ਕਿ ਜਿਸ ਨਵੇਂ ਬਣਨ ਵਾਲੇ ਬੱਸ ਸਟੈਂਡ ਦਾ 31 ਅਗਸਤ 2012 ਨੂੰ ਨੀਂਹ ਪੱਥਰ ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਰੱਖਿਆ ਗਿਅਾ ਸੀ, ਉਸ ਦਾ ਨਿਰਮਾਣ ਕੰਮ ਪੂਰਾ ਕਰਵਾਇਆ ਜਾਵੇ ਤਾਂ ਕਿ ਇਸ ਸ਼ਹਿਰ ਦੇ ਲੋਕ ਵੀ ਕਹਿ ਸਕਣ ਕਿ ਉਨ੍ਹਾਂ ਕੋਲ ਵੀ ਬੱਸ ਸਟੈਂਡ ਦੀ ਸੁਵਿਧਾ ਹੈ। ਗਰਮੀ ਦਾ ਮੌਸਮ ਹੋਣ ਦੇ ਬਾਵਜੂਦ ਇਸ ਬੱਸ ਸਟੈਂਡ ਵਿਚ ਪੀਣ ਵਾਲੇ ਪਾਣੀ ਦੀ ਸੁਵਿਧਾ ਨਹੀਂ ਹੈ।
ਗੁਰਦਾਸਪੁਰ ਦਾ ਆਪਣਾ ਬੱਸ ਡਿਪੂ ਨਹੀਂ
ਪੰਜਾਬ ਦੇ ਲਗਭਗ ਸਾਰੇ ਜ਼ਿਲਿਆਂ ’ਚ ਆਪਣੇ-ਆਪਣੇ ਬੱਸ ਡਿਪੂ ਹਨ। ਜ਼ਿਲਾ ਗੁਰਦਾਸਪੁਰ ਦੇ ਉਪ ਮੰਡਲ ਬਟਾਲਾ ਦਾ ਵੀ ਆਪਣਾ ਬੱਸ ਡਿਪੂ ਹੈ ਜਦਕਿ ਪਠਾਨਕੋਟ ਬੱਸ ਡਿਪੂ ਵੀ ਤਾਂ ਉਦੋਂ ਦਾ ਹੀ ਬਣਿਆ ਹੋਇਆ ਹੈ, ਜਦੋਂ ਪਠਾਨਕੋਟ ਜ਼ਿਲਾ ਗੁਰਦਾਸਪੁਰ ਦਾ ਹਿੱਸਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਤੱਕ ਕਿਸੇ ਮੰਤਰੀ ਜਾਂ ਵਿਧਾਇਕ ਨੇ ਵੀ ਇਸ ਜ਼ਿਲੇ ਦਾ ਆਪਣਾ ਬੱਸ ਡਿਪੂ ਬਣਾਉਣ ਦੀ ਮੰਗ ਨਹੀਂ ਕੀਤੀ ਜਦਕਿ ਇਸ ਜ਼ਿਲੇ ਨਾਲ ਸਬੰਧਤ ਲੋਕ ਸਭਾ ਮੈਂਬਰ, ਰਾਜ ਸਭਾ ਮੈਂਬਰ, ਕੇਂਦਰ ’ਚ ਮੰਤਰੀ ਵੀ ਰਹਿ ਚੁੱਕੇ ਹਨ। ਇਸ ਸਮੇਂ ਪੰਜਾਬ ਦੀ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਵੀ ਜ਼ਿਲਾ ਗੁਰਦਾਸਪੁਰ ਨਾਲ ਸਬੰਧਤ ਹੈ।
ਚਾਰੇ ਪਾਸੇ ਗੰਦਗੀ ਦਾ ਆਲਮ
ਗੁਰਦਾਸਪੁਰ ਬੱਸ ਸਟੈਂਡ ਦਾ ਦੌਰਾ ਕਰਨ ’ਤੇ ਪਾਇਆ ਕਿ ਇਥੇ ਸਫਾਈ ਨਾਂ ਦੀ ਕੋਈ ਚੀਜ਼ ਨਹੀਂ ਹੈ ਜਦਕਿ ਜ਼ਿਲਾ ਪ੍ਰੀਸ਼ਦ ਗੁਰਦਾਸਪੁਰ ਇਸ ਬੱਸ ਸਟੈਂਡ ਦੀ ਦੇਖ-ਰੇਖ ਕਰਦੀ ਹੈ। ਇਸ ਬੱਸ ਸਟੈਂਡ ਦੀ ਜ਼ਮੀਨ ਦਾ ਮਾਲਕ ਵੀ ਜ਼ਿਲਾ ਪ੍ਰੀਸ਼ਦ ਹੈ । ਅੱਡਾ ਫੀਸ ਤੇ ਦੁਕਾਨਾਂ ਦਾ ਕਿਰਾਇਆ ਵੀ ਜ਼ਿਲਾ ਪ੍ਰੀਸ਼ਦ ਇਕੱਠਾ ਕਰਦੀ ਹੈ।
ਬੱਸ ਸਟੈਂਡ ਅੰਦਰ ਅਤੇ ਬਾਹਰ ਗੰਦਗੀ ਦਾ ਆਲਮ ਹੈ। ਬੀਤੇ ਦਿਨੀਂ ਨਗਰ ਕੌਂਸਲ ਗੁਰਦਾਸਪੁਰ ਨੇ ਬੱਸ ਸਟੈਂਡ ਦੇ ਬਾਹਰ ਸਫਾਈ ਕਰਵਾਈ ਸੀ। ਉਦੋਂ ਨਗਰ ਕੌਂਸਲ ਨੇ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਆਪਣੇ ਯੋਗਦਾਨ ਦੀ ਚਰਚਾ ਸਮਾਚਾਰ ਪੱਤਰਾਂ ’ਚ ਕਰਵਾਉਣੀ ਸੀ ਜਦਕਿ ਉਸ ਦੇ ਬਾਅਦ ਅੱਜ ਤੱਕ ਇਸ ਬੱਸ ਸਟੈਂਡ ਅੰਦਰ ਸਫਾਈ ਨਹੀਂ ਹੋਈ।
ਗਰਮੀ ’ਚ ਵੀ ਬੱਸਾਂ ਦਾ ਇੰਤਜ਼ਾਰ ਕਰਨ ਲਈ ਮਜਬੂਰ ਹਨ ਯਾਤਰੀ
ਇਸ ਬੱਸ ਸਟੈਂਡ ਵਿਚ ਯਾਤਰੀਅਾਂ, ਡਰਾਈਵਰਾਂ ਤੇ ਕੰਡਕਟਰਾਂ ਦੇ ਬੈਠਣ ਲਈ ਬਣੇ ਵਿਸ਼ਾਲ ਬਰਾਮਦੇ ’ਚ ਬੈਂਚ ਤਾਂ ਬਣਵਾਏ ਗਏ ਹਨ ਪਰ ਇਥੇ ਜ਼ਿਆਦਾਤਰ ਪੱਖੇ ਖਰਾਬ ਹੋ ਚੁੱਕੇ ਹਨ ਜਾਂ ਚੋਰੀ ਹੋ ਚੁੱਕੇ ਹਨ, ਜਿਸ ਕਾਰਨ ਯਾਤਰੀ ਪ੍ਰੇਸ਼ਾਨ ਰਹਿੰਦੇ ਹਨ।
ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ
ਇਸ ਬੱਸ ਸਟੈਂਡ ਵਿਚ ਯਾਤਰੀਅਾਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਤਾਂ ਸ਼ੁਰੂ ਵਿਚ ਕੀਤਾ ਗਿਆ ਸੀ ਪਰ ਕਈ ਸਾਲਾਂ ਤੋਂ ਪਾਣੀ ਦੀਅਾਂ ਟੂਟੀਅਾਂ ਚੋਰੀ ਹੋ ਚੁੱਕੀਅਾਂ ਹਨ ਅਤੇ ਇਨ੍ਹਾਂ ਨੂੰ ਪੱਕਾ ਹੀ ਬੰਦ ਕਰ ਦਿੱਤਾ ਹੈ। ਲੋਕਾਂ ਦਾ ਦੋਸ਼ ਹੈ ਕਿ ਬੱਸ ਸਟੈਂਡ ਵਿਚ ਮਿਨਰਲ ਵਾਟਰ ਵੇਚਣ ਵਾਲੇ ਹੀ ਇਨ੍ਹਾਂ ਨਲਾਂ ਨੂੰ ਠੀਕ ਨਹੀਂ ਹੋਣ ਦਿੰਦੇ।
ਟਿਕਟ ਕੱਟਣ ਲਈ ਬਣਾਏ ਕੈਬਿਨ ਕਦੇ ਇਸਤੇਮਾਲ ਨਹੀਂ ਹੋਏ
ਇਸ ਬੱਸ ਸਟੈਂਡ ਵਿਚ ਟਿਕਟ ਵੇਚਣ ਲਈ ਵੱਖ-ਵੱਖ ਕੈਬਿਨ ਬਣਾਏ ਗਏ ਹਨ ਜਿਨ੍ਹਾਂ ’ਤੇ ਲੱਖਾਂ ਰੁਪਏ ਖਰਚ ਕੀਤਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਅੱਜ ਤੱਕ ਇਨ੍ਹਾਂ ਕੈਬਿਨਾਂ ਦਾ ਇਸਤੇਮਾਲ ਟਿਕਟ ਕੱਟਣ ਲਈ ਨਹੀਂ ਕੀਤਾ ਗਿਆ। ਇਨ੍ਹਾਂ ਕੈਬਿਨਾਂ ’ਚ ਜਾਂ ਤਾਂ ਕੰਡਕਟਰ ਤੇ ਡਰਾਈਵਰ ਲੇਟਦੇ ਹਨ ਜਾਂ ਆਵਾਰਾ ਕੁੱਤੇ ਆਰਾਮ ਕਰਦੇ ਹਨ, ਜਿਸ ਕਾਰਨ ਇਹ ਕੈਬਿਨ ਕਦੇ ਇਸਤੇਮਾਲ ਵਿਚ ਨਹੀਂ ਆਏ।
ਪਖਾਨਿਅਾਂ ਦੀ ਹਾਲਤ ਵੀ ਤਰਸਯੋਗ
ਇਸ ਬੱਸ ਸਟੈਂਡ ’ਚ ਅੌਰਤਾਂ ਅਤੇ ਪੁਰਸ਼ਾਂ ਲਈ ਵੱਖ-ਵੱਖ ਪਖਾਨੇ ਬਣਾਏ ਗਏ ਹਨ ਪਰ ਦੋਵਾਂ ਪਖਾਨਿਅਾਂ ਦੀ ਹਾਲਤ ਇੰਨੀ ਖਰਾਬ ਹੈ ਕਿ ਇਸ ਕੋਲ ਆਉਂਦੇ ਹੀ ਵਿਅਕਤੀ ਬੇਹੋਸ਼ ਹੋ ਸਕਦਾ ਹੈ। ਸਫਾਈ ਨਾਂ ਦੀ ਬੱਸ ਸਟੈਂਡ ਵਿਚ ਬਣੇ ਪਖਾਨਿਅਾਂ ’ਚ ਕੋਈ ਚੀਜ਼ ਦਿਖਾਈ ਨਹੀਂ ਦਿੰਦੀ। ਇਨ੍ਹਾਂ ਪਖਾਨਿਅਾਂ ’ਚ ਪਾਣੀ ਸਪਲਾਈ ਦਾ ਵੀ ਪ੍ਰਬੰਧ ਨਹੀਂ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਦਾ ਕੋਈ ਪ੍ਰਯੋਗ ਨਹੀਂ ਕਰਦਾ ਜਦਕਿ ਜਦੋਂ ਪਖਾਨੇ ਬਣਾਏ ਸੀ ਤਾਂ ਇਨ੍ਹਾਂ ’ਤੇ ਮੋਟੀ ਰਾਸ਼ੀ ਖਰਚ ਕੀਤੀ ਗਈ ਸੀ।
ਜਿਥੇ ਚਾਹੇ ਬੱਸਾਂ ਖਡ਼੍ਹੀਆਂ ਕਰਦੇ ਹਨ ਡਰਾਈਵਰ
ਜ਼ਿਲਾ ਗੁਰਦਾਸਪੁਰ ਵਿਚ ਸਰਕਾਰੀ ਬੱਸ ਸੇਵਾ ਘੱਟ ਅਤੇ ਪ੍ਰਾਈਵੇਟ ਬੱਸ ਸੇਵਾ ਜ਼ਿਆਦਾ ਹੈ। ਇਥੇ ਸਰਕਾਰੀ ਬੱਸਾਂ ਤਾਂ ਨਾਮਾਤਰ ਹੀ ਖਡ਼੍ਹੀਅਾਂ ਦਿਖਾਈ ਦਿੰਦੀਅਾਂ ਹਨ। ਪ੍ਰਾਈਵੇਟ ਬੱਸ ਚਾਲਕ ਆਪਣੀ ਮਰਜ਼ੀ ਨਾਲ ਬੱਸਾਂ ਖਡ਼੍ਹੀਅਾਂ ਕਰ ਕੇ ਲੋਕਾਂ ਲਈ ਪ੍ਰੇਸ਼ਾਨੀ ਪੈਦਾ ਕਰਦੇ ਹਨ। ਪ੍ਰਾਈਵੇਟ ਬੱਸ ਚਾਲਕਾਂ ’ਤੇ ਵੀ ਕਿਸੇ ਦਾ ਕੰਟਰੋਲ ਨਹੀਂ ਹੈ।
ਕੀ ਕਹਿਣੈ ਬੱਸ ਅੱਡਾ ਇੰਚਾਰਜ ਦਾ
ਇਥੇ ਸਰਕਾਰੀ ਬੱਸਾਂ ਦੇ ਅੱਡਾ ਇੰਚਾਰਜ ਡਿਊਟੀ ਦਿੰਦੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦਾ ਸਭ ਤੋਂ ਗੰਦਾ ਬੱਸ ਸਟੈਂਡ ਗੁਰਦਾਸਪੁਰ ਦਾ ਹੈ। ਸਫਾਈ ਕਰਮਚਾਰੀ ਮਰਜ਼ੀ ਨਾਲ ਕੰਮ ਕਰਦੇ ਹਨ ਅਤੇ ਪਖਾਨਿਅਾਂ ਆਦਿ ਦੀ ਸਫਾਈ ਤਾਂ ਇਸ ਬੱਸ ਸਟੈਂਡ ’ਤੇ ਕਦੇ ਹੋਈ ਹੀ ਨਹੀਂ ਜਦਕਿ ਇਸ ਬੱਸ ਸਟੈਂਡ ’ਤੇ ਘੱਟ ਤੋਂ ਘੱਟ 10 ਸਫਾਈ ਕਰਮਚਾਰੀ ਪੱਕੇ ਤਾਇਨਾਤ ਕੀਤੇ ਜਾਣੇ ਚਾਹੀਦੇ ਹਨ।
ਲਗਭਗ 6 ਸਾਲ ਪਹਿਲਾਂ ਰੱਖਿਆ ਸੀ ਨਵੇਂ ਬੱਸ ਸਟੈਂਡ ਦਾ ਨੀਂਹ ਪੱਥਰ
31 ਅਗਸਤ 2012 ਨੂੰ ਉਸ ਸਮੇਂ ਦੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਗਰ ਸੁਧਾਰ ਟਰੱਸਟ ਦੀ ਸਕੀਮ ਨੰਬਰ-7 ਤਹਿਤ ਬਣਨ ਵਾਲੇ ਨਵੇਂ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਿਆ ਸੀ ਪਰ ਅੱਜ ਤੱਕ ਇਸ ਬੱਸ ਸਟੈਂਡ ’ਤੇ ਨੀਂਹ ਪੱਥਰ ਨੂੰ ਛੱਡ ਕੇ ਇਕ ਇੱਟ ਤੱਕ ਨਹੀਂ ਲੱਗੀ। ਇਸ ਨਵੇਂ ਬਣਨ ਵਾਲੇ ਬੱਸ ਸਟੈਂਡ ਦਾ ਭਵਿੱਖ ਕੀ ਹੋਵੇਗਾ, ਇਹ ਕਿਸੇ ਨੂੰ ਪਤਾ ਨਹੀਂ ਤੇ ਇਹ ਨੀਂਹ ਪੱਥਰ ਇਕ ਮਜ਼ਾਕ ਬਣ ਕੇ ਰਹਿ ਗਿਆ ਹੈ ਅਤੇ ਪੋਸਟਰ ਲਾਉਣ ਦੇ ਕੰਮ ਆ ਰਿਹਾ ਹੈ।
ਕੀ ਕਹਿੰਦੇ ਹਨ ਲੋਕ
ਗੁਰਦਾਸਪੁਰ ਨਿਵਾਸੀ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਦਿਨੇਸ਼ ਮਹਾਜਨ, ਅਰਵਿੰਦ ਹਸਤੀਰ, ਸੀਨੀਅਰ ਵਕੀਲ ਰਾਜਿੰਦਰ ਮਹਾਜਨ , ਪ੍ਰਦੀਪ ਕੁਮਾਰ, ਵਪਾਰੀ ਅਨੂੰ ਗੰਡੋਤਰਾ, ਵਪਾਰ ਮੰਡਲ ਦੇ ਪ੍ਰਧਾਨ ਦਰਸ਼ਨ ਮਹਾਜਨ ਆਦਿ ਦਾ ਕਹਿਣਾ ਹੈ ਕਿ ਕਈ ਸਾਲਾਂ ਤੋਂ ਇਸ ਬੱਸ ਸਟੈਂਡ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਹੋਇਆ। ਬੱਸ ਸਟੈਂਡ ਦੇ ਬਾਹਰ ਇਕ ਤਾਂ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ, ਉਥੇ ਲੰਮੀ ਦੂਰੀ ਦੀਆਂ ਬੱਸਾਂ ਵੀ ਬੱਸ ਸਟੈਂਡ ਦੇ ਬਾਹਰ ਹੀ ਖਡ਼੍ਹੀਅਾਂ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਰਹਿੰਦੀ ਹੈ, ਜਿਸ ਕਾਰਨ ਕਈ ਐਕਸੀਡੈਂਟ ਵੀ ਹੋ ਚੁੱਕੇ ਹਨ। ਦੋ ਤਿੰਨ ਸਾਲ ਬਾਅਦ ਨਗਰ ਕੌਂਸਲ ਵਾਲੇ ਇਸ ਬੱਸ ਸਟੈਂਡ ਦੇ ਬਾਹਰੋਂ ਨਾਜਾਇਜ਼ ਕਬਜ਼ੇ ਖਤਮ ਕਰ ਕੇ ਲੋਕਾਂ ਨੂੰ ਕੁਝ ਰਾਹਤ ਦਿੰਦੇ ਹਨ ਪਰ ਸਮੇਂ ਦੇ ਨਾਲ ਫਿਰ ਸਡ਼ਕ ’ਤੇ ਰੇਹਡ਼ੀਆਂ ਤੇ ਖੋਖੇ ਵਾਲਿਅਾਂ ਦਾ ਕਬਜ਼ਾ ਹੋ ਜਾਂਦਾ ਹੈ।
ਜਲਦੀ ਹੀ ਨਵੇਂ ਬੱਸ ਸਟੈਂਡ ਦਾ ਨਿਰਮਾਣ ਕੰਮ ਸ਼ੁਰੂ ਹੋਵੇਗਾ : ਟਰਾਂਸਪੋਰਟ ਮੰਤਰੀ
ਪੰਜਾਬ ਦੀ ਟਰਾਂਸਪੋਰਟ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੁਰਦਾਸਪੁਰ ’ਚ ਬਣਨ ਵਾਲਾ ਨਵਾਂ ਬੱਸ ਸਟੈਂਡ ਪੰਜਾਬ ਸਰਕਾਰ ਦੀ ਬਜਟ ਸਕੀਮ ’ਚ ਹੈ ਅਤੇ ਜਲਦੀ ਹੀ ਬਜਟ ਪਾਸ ਹੋ ਜਾਵੇਗਾ। ਜਿਵੇਂ ਹੀ ਇਸ ਦਾ ਬਜਟ ਪਾਸ ਹੋਵੇਗਾ, ਉਸੇ ਸਮੇਂ ਨਿਰਮਾਣ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਬਕਾ ਅਕਾਲੀ-ਭਾਜਪਾ ਸਰਕਾਰ ਨੇ ਇਸ ਨਵੇਂ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਿਆ ਸੀ ਪਰ ਉਨ੍ਹਾਂ ਨੇ ਨਿਰਮਾਣ ਕੰਮ ਸ਼ੁਰੂ ਨਹੀਂ ਕਰਵਾਇਆ। ਪੰਜਾਬ ਦੀ ਮੌਜੂਦਾ ਸਰਕਾਰ ਜਲਦੀ ਹੀ ਇਸ ਬੱਸ ਸਟੈਂਡ ਦਾ ਨਿਰਮਾਣ ਸ਼ੁਰੂ ਕਰਵਾਏਗੀ। ਉਨ੍ਹਾਂ ਕਿਹਾ ਕਿ ਉਕਤ ਬੱਸ ਸਟੈਂਡ ਦੀ ਹਾਲਤ ਵਿਚ ਸੁਧਾਰ ਲਿਆਉਣ ਲਈ ਜਲਦ ਆਦੇਸ਼ ਦਿੱਤੇ ਜਾਣਗੇ।
ਫੜੇ ਗਏ ਐਕਟਿਵਾ 'ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ, 14 ਮਾਮਲੇ ਟਰੇਸ
NEXT STORY