ਜਲੰਧਰ(ਰਵਿੰਦਰ)— ਰਾਣਾ ਗੁਰਜੀਤ ਸਿੰਘ ਦੇ ਹਾਸ਼ੀਏ 'ਤੇ ਆਉਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੜ ਦੋਆਬੇ 'ਚੋਂ ਕੋਈ ਵਿਸ਼ਵਾਸਯੋਗ ਆਗੂ ਨਹੀਂ ਮਿਲਿਆ ਹੈ। ਦੂਜੇ ਸ਼ਬਦਾਂ 'ਚ ਕਿਹਾ ਜਾ ਸਕਦਾ ਹੈ ਕਿ ਦੋਆਬੇ 'ਚ ਆਪਣੇ ਕਿਸੇ ਵੀ ਵਿਧਾਇਕ 'ਤੇ ਕੈਪਟਨ ਦਾ ਅੱਜ ਤੱਕ ਵਿਸ਼ਵਾਸ ਨਹੀਂ ਬਣ ਸਕਿਆ। ਇਹੀ ਕਾਰਨ ਹੈ ਕਿ ਦੋਆਬੇ 'ਚ ਹੋਣ ਵਾਲੇ ਕੈਪਟਨ ਦੇ ਸਾਰੇ ਪ੍ਰੋਗਰਾਮਾਂ ਦੀ ਕਮਾਨ ਕਿਸੇ ਵੀ ਵਿਧਾਇਕ ਨੂੰ ਨਹੀਂ ਸੌਂਪੀ ਗਈ। ਕੈਪਟਨ ਦੇ ਦੋਆਬੇ 'ਚ ਸਾਰੇ ਪ੍ਰੋਗਰਾਮਾਂ ਦੀ ਕਮਾਨ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਦੇ ਹਵਾਲੇ ਹੈ।
ਕੁਝ ਮਹੀਨੇ ਪਹਿਲਾਂ ਦੀ ਗੱਲ ਕੁਝ ਹੋਰ ਸੀ। ਕੈਪਟਨ ਕੋਲ ਦੋਆਬੇ 'ਚ ਰਾਣਾ ਗੁਰਜੀਤ ਸਿੰਘ ਵਰਗਾ ਵਿਸ਼ਵਾਸਪਾਤਰ ਆਗੂ ਸੀ। ਇਥੋਂ ਤੱਕ ਕਿ ਦੋਆਬੇ 'ਚ ਹੋਣ ਵਾਲੇ ਕਿਸੇ ਵੀ ਸਰਕਾਰੀ ਪ੍ਰੋਗਰਾਮ ਜਾਂ ਪਾਰਟੀ ਦੇ ਕਿਸੇ ਵੀ ਪ੍ਰੋਗਰਾਮ ਦੀ ਜ਼ਿੰਮੇਵਾਰੀ ਉਸ ਨੂੰ ਸੌਂਪੀ ਜਾਂਦੀ ਸੀ ਪਰ ਰੇਤ ਮਾਈਨਿੰਗ ਨਿਲਾਮੀ ਦੇ ਦੋਸ਼ਾਂ 'ਚ ਘਿਰਨ ਤੋਂ ਬਾਅਦ ਜਿਵੇਂ ਹੀ ਰਾਣਾ ਗੁਰਜੀਤ ਸਿੰਘ ਦੀ ਕੁਰਸੀ ਚਲੀ ਗਈ ਤਾਂ ਉਨ੍ਹਾਂ ਦੇ ਸਿਤਾਰੇ ਗਰਦਿਸ਼ 'ਚ ਚਲੇ ਗਏ। ਰਾਣਾ ਗੁਰਜੀਤ ਸਿੰਘ ਨਾ ਸਰਕਾਰ ਦਾ ਹਿੱਸਾ ਰਹੇ ਅਤੇ ਨਾ ਹੀ ਕੈਪਟਨ ਦੇ ਪ੍ਰੋਗਰਾਮਾਂ ਦਾ ਹਿੱਸਾ ਬਣ ਪਾ ਰਹੇ ਹਨ।
ਜਲੰਧਰ ਦੀ ਗੱਲ ਕਰੀਏ ਤਾਂ ਪਿਛਲੇ ਹਫਤੇ ਕਰਤਾਰਪੁਰ ਜੰਗ-ਏ-ਆਜ਼ਾਦੀ ਦੇ ਫੇਸ 2 ਦਾ ਉਦਘਾਟਨ ਕਰਨ ਮੁੱਖ ਮੰਤਰੀ ਆਏ ਸਨ। ਮੁੱਖ ਮੰਤਰੀ ਬਣਨ ਤੋਂ ਬਾਅਦ ਦੋਆਬੇ 'ਚ ਇਹ ਪਹਿਲਾ ਵੱਡਾ ਪ੍ਰੋਗਰਾਮ ਸੀ। ਨਿਯਮਾਂ ਮੁਤਾਬਕ ਦੇਖੀਏ ਜਾਂ ਤਾਂ ਦੋਆਬੇ ਦੇ ਕਿਸੇ ਵੱਡੇ ਨੇਤਾ ਨੂੰ ਇਸ ਪ੍ਰੋਗਰਾਮ ਦੇ ਪ੍ਰਬੰਧਾਂ ਦੀ ਕਮਾਨ ਸੌਂਪੀ ਜਾਂਦੀ ਤੇ ਜਾਂ ਫਿਰ ਇਲਾਕਾ ਵਿਧਾਇਕ ਨੂੰ, ਪਰ ਅਜਿਹਾ ਕੁਝ ਨਹੀਂ ਹੋ ਸਕਿਆ।
ਨਾ ਤਾਂ ਇਲਾਕਾ ਵਿਧਾਇਕ ਨੂੰ ਹੀ ਜ਼ਿਆਦਾ ਤਵੱਜੋਂ ਦਿੱਤੀ ਗਈ ਅਤੇ ਨਾ ਹੀ ਦੋਆਬੇ ਦੇ ਹੋਰ ਨੇਤਾਵਾਂ 'ਤੇ ਵਿਸ਼ਵਾਸ ਜਤਾਇਆ ਗਿਆ। ਪ੍ਰੋਗਰਾਮ ਦੀ ਸਾਰੀ ਜ਼ਿੰਮੇਵਾਰੀ ਸੰਦੀਪ ਸੰਧੂ ਦੇ ਹਵਾਲੇ ਹੀ ਸੀ।
ਹੁਣ 14 ਮਾਰਚ ਨੂੰ ਇਕ ਵਾਰ ਫਿਰ ਮੁੱਖ ਮੰਤਰੀ ਦੋਆਬੇ ਦੀ ਧਰਤੀ ਭਾਵ ਨਕੋਦਰ ਆ ਰਹੇ ਹਨ, ਇਥੇ ਉਹ ਕਿਸਾਨਾਂ ਦੀ ਕਰਜ਼ਾ ਮੁਆਫੀ ਦੀ ਸਕੀਮ ਦੇ ਤਹਿਤ ਸਮਾਰੋਹ 'ਚ ਹਿੱਸਾ ਲੈਣ ਆ ਰਹੇ ਹਨ। ਇਕ ਵਾਰ ਫਿਰ ਤੋਂ ਇਲਾਕਾ ਇੰਚਾਰਜ ਅਤੇ ਦੋਆਬੇ ਦੇ ਕਿਸੇ ਨੇਤਾ ਦੇ ਹਵਾਲੇ ਪ੍ਰੋਗਰਾਮ ਦੀ ਕਮਾਨ ਸੌਂਪਣ ਦੀ ਥਾਂ ਕੈਪਟਨ ਨੇ ਆਪਣੇ ਵਿਸ਼ਵਾਸ ਪਾਤਰ ਸੰਦੀਪ ਸੰਧੂ ਦੀ ਹੀ ਡਿਊਟੀ ਲਾਈ ਹੈ। ਸੰਦੀਪ ਸੰਧੂ ਪ੍ਰੋਗਰਾਮ ਦੇ ਸਬੰਧਾਂ ਦਾ ਜਾਇਜ਼ਾ ਲੈਣ ਸੋਮਵਾਰ ਨੂੰ ਨਕੋਦਰ ਹਲਕੇ 'ਚ ਹੀ ਸਨ। ਭੀੜ ਇਕੱਠੀ ਕਰਨ ਤੋਂ ਲੈ ਕੇ ਸਮਾਗਮ ਨੂੰ ਸਫਲ ਕਰਨ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਦੇ ਹਵਾਲੇ ਹੀ ਹੈ ਪਰ ਕੈਪਟਨ ਦੀ ਦੋਆਬੇ 'ਚ ਚੱਲ ਰਹੀ ਇਸ ਰਣਨੀਤੀ ਤੋਂ ਅੰਦਰ ਹੀ ਅੰਦਰ ਦੋਆਬੇ ਦੇ ਵਿਧਾਇਕਾਂ 'ਚ ਰੋਸ ਪਾਇਆ ਜਾ ਰਿਹਾ ਹੈ। ਵਿਧਾਇਕਾਂ 'ਚ ਇਸ ਗੱਲ ਦਾ ਗੁੱਸਾ ਵੀ ਹੈ ਕਿ ਉਨ੍ਹਾਂ 'ਤੇ ਵਿਸ਼ਵਾਸ ਕਿਉਂ ਨਹੀਂ ਜਤਾਇਆ ਜਾ ਰਿਹਾ।
ਜਿਸ ਤਰ੍ਹਾਂ ਨਾਲ ਜਲੰਧਰ ਦੇ 5 ਵਿਧਾਇਕਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਇਸ ਨਾਲ ਆਉਣ ਵਾਲੇ ਦਿਨਾਂ 'ਚ ਉਨ੍ਹਾਂ ਦਾ ਮੰਤਰੀ ਮੰਡਲ 'ਚ ਸ਼ਾਮਲ ਹੋ ਸਕਣਾ ਵੀ ਮੁਸ਼ਕਿਲ ਜਾਪ ਰਿਹਾ ਹੈ। ਜੇਕਰ ਅਜਿਹਾ ਹੀ ਚਲਦਾ ਰਿਹਾ ਤਾਂ ਦੋਆਬੇ ਦੇ ਵਿਧਾਇਕਾਂ 'ਚ ਕੈਪਟਨ ਪ੍ਰਤੀ ਰੋਸ ਜਾਗ ਸਕਦਾ ਹੈ ਅਤੇ ਨਾਲ ਹੀ ਪਾਰਟੀ ਦੇ ਸੀਨੀਅਰ ਨੇਤਾ ਵੀ ਇਸ ਨੂੰ ਚੰਗਾ ਸੰਕੇਤ ਨਹੀਂ ਮਨ ਰਹੇ ਹਨ। ਉਹ ਕਹਿੰਦੇ ਹਨ ਕਿ ਜੇਕਰ ਅਜਿਹਾ ਹੀ ਚਲਦਾ ਰਿਹਾ ਤਾਂ ਪਾਰਟੀ ਨੂੰ ਪੰਜਾਬ 'ਚੋਂ ਸੱਤਾ ਤੋਂ ਬਾਹਰ ਜਾਣ ਤੋਂ ਕੋਈ ਨਹੀਂ ਰੋਕ ਸਕਦਾ।
ਲੋਕ ਸਭਾ ਚੋਣ ਨਤੀਜਿਆਂ 'ਤੇ ਵੀ ਪੈ ਸਕਦਾ ਹੈ ਅਸਰ
ਦੇਸ਼ ਦੀ ਗੱਲ ਕਰੀਏ ਤਾਂ ਇਕ ਇਕ ਕਰਕੇ ਸਾਰੇ ਸੂਬੇ ਕਾਂਗਰਸ ਦੇ ਹੱਥੋਂ ਨਿਕਲ ਰਹੇ ਹਨ। ਕਿਸੇ ਤਰ੍ਹਾਂ ਪੰਜਾਬ 'ਚ 10 ਸਾਲ ਬਾਅਦ ਕਾਂਗਰਸ ਦੀ ਵਾਪਸੀ ਹੋਈ ਹੈ ਅਤੇ ਅਜਿਹੇ 'ਚ ਪਾਰਟੀ ਦੇ ਸਾਰੇ ਵਿਧਾਇਕਾਂ ਅਤੇ ਨੇਤਾਵਾਂ ਨੂੰ ਕਾਫੀ ਉਮੀਦਾਂ ਹਨ ਪਰ ਜਿਸ ਤਰ੍ਹਾਂ ਮੁੱਖ ਮੰਤਰੀ ਵਲੋਂ ਆਪਣੇ ਹੀ ਵਿਧਾਇਕਾਂ ਨੂੰ ਹਰ ਗੱਲ 'ਚ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਉਸ ਦਾ ਅਸਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ 'ਤੇ ਵੀ ਪੈ ਸਕਦਾ ਹੈ। ਇਕ ਪਾਸੇ ਪਾਰਟੀ ਦੇ ਕੌਮੀ ਸੰਮੇਲਨ 'ਚ ਇਸ ਗੱਲ ਦੀ ਚਰਚਾ ਹੋਣ ਜਾ ਰਹੀ ਹੈ ਕਿ ਕਿਸ ਤਰ੍ਹਾਂ ਦੇਸ਼ ਦੀ ਸੱਤਾ 'ਤੇ ਵਾਪਸੀ ਕੀਤੀ ਜਾਵੇ। ਦੂਜੇ ਪਾਸੇ ਪੰਜਾਬ 'ਚ ਖੁਦ ਹੀ ਆਪਣੇ ਵਿਧਾਇਕਾਂ ਨੂੰ ਨਾਰਾਜ਼ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।
ਬਿਜਲੀ ਬਿੱਲ ਹੱਥ 'ਚ ਆਉਂਦਿਆਂ ਹੀ ਲੋਕਾਂ ਦੇ ਛੁੱਟਣ ਲੱਗੇ ਪਸੀਨੇ
NEXT STORY