ਚੰਡੀਗੜ੍ਹ (ਰਮਨਜੀਤ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੈ. ਅਮਰਿੰਦਰ ਸਿੰਘ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਬਿਜਲੀ ਮਾਫੀਆ ਨਾਲ ਰਲ ਚੁੱਕੀ ਹੈ ਅਤੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀ.ਐੱਸ.ਪੀ.ਸੀ.ਐੱਲ) ਸ਼ਰੇਆਮ ਨਿੱਜੀ ਬਿਜਲੀ ਕੰਪਨੀਆਂ ਲਈ ਬਿਜਲੀ ਖਪਤਕਾਰਾਂ ਨੂੰ ਸ਼ਰੇਆਮ ਲੁੱਟਣ ਲੱਗਾ ਹੈ। 'ਆਪ' ਹੈੱਡਕੁਆਰਟਰ ਤੋਂ ਜਾਰੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਮਹਿੰਗੀਆਂ ਬਿਜਲੀ ਦਰਾਂ ਵਿਰੁੱਧ 'ਆਪ' ਵਲੋਂ ਵਿੱਢੇ 'ਬਿਜਲੀ ਮੋਰਚਾ' ਦੇ ਕੋਆਰਡੀਨੇਟਰ ਵਿਧਾਇਕ ਮੀਤ ਹੇਅਰ ਵਲੋਂ ਜਾਰੀ ਸਾਂਝੇ ਬਿਆਨ ਰਾਹੀਂ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਬਿਜਲੀ ਦੇ ਬਿੱਲ ਸਮੇਂ ਸਿਰ ਨਾ ਮਿਲਣ ਅਤੇ ਨਵੇਂ ਕੁਨੈਕਸ਼ਨ ਨਾ ਮਿਲਣ ਦਾ ਮੁੱਦਾ ਉਠਾਇਆ ਹੈ।
ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਦੀ 'ਜੇਬ ਕੱਟਣ' 'ਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਬਾਦਲਾਂ ਵਾਂਗ ਮੁਹਾਰਤ ਹਾਸਲ ਕਰ ਲਈ ਹੈ। ਪਿਛਲੇ 20-25 ਦਿਨਾਂ ਤੋਂ ਬਿਜਲੀ ਦਫ਼ਤਰਾਂ ਦਾ ਕੰਮ ਠੱਪ ਕਰ ਰੱਖਿਆ ਹੈ। ਜੋ ਬਿੱਲ 15-20 ਦਿਨ ਪਹਿਲਾਂ ਬਣਾ ਕੇ ਘਰਾਂ, ਦੁਕਾਨਾਂ ਅਤੇ ਫ਼ੈਕਟਰੀਆਂ 'ਚ ਭੇਜਣੇ ਸੀ, ਅਜੇ ਤੱਕ ਤਿਆਰ (ਜਨਰੇਟ) ਹੀ ਨਹੀਂ ਕੀਤੇ। ਨਿੱਜੀ ਬਿਜਲੀ ਕੰਪਨੀਆਂ ਦੇ ਹੱਥਾਂ 'ਚ ਖੇਡ ਰਹੀ ਕੈਪਟਨ ਸਰਕਾਰ ਨੂੰ ਲੋਕਾਂ ਦੇ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ।
ਵਿਧਾਇਕ ਮੀਤ ਹੇਅਰ ਨੇ ਦੋਸ਼ ਲਾਇਆ ਕਿ ਪੀ.ਐੱਸ.ਪੀ.ਸੀ.ਐੱਲ. ਦਾ 'ਸਿਸਟਮ' ਨਿੱਜੀ ਬਿਜਲੀ ਕੰਪਨੀਆਂ ਦੇ ਇਸ਼ਾਰੇ 'ਤੇ ਠੀਕ ਉਸੇ ਤਰ੍ਹਾਂ ਡਾਊਨ ਕੀਤਾ ਜਾ ਰਿਹਾ ਹੈ ਜਿਵੇਂ ਮੋਦੀ ਸਰਕਾਰ ਵਲੋਂ ਨਿੱਜੀ ਫ਼ੋਨ/ਮੋਬਾਇਲ/ਇੰਟਰਨੈੱਟ ਕੰਪਨੀਆਂ ਦੇ ਫ਼ਾਇਦੇ ਲਈ ਸਰਕਾਰੀ ਟੈਲੀਫ਼ੋਨ ਸੇਵਾ ਬੀ.ਐੱਸ.ਐੱਨ.ਐੱਲ. ਨੂੰ ਡੋਬਿਆ ਜਾ ਰਿਹਾ ਹੈ। ਇਸ ਮੌਕੇ ਭਗਵੰਤ ਮਾਨ ਅਤੇ ਮੀਤ ਹੇਅਰ ਨੇ ਐਲਾਨ ਕੀਤਾ ਕਿ ਬਿਜਲੀ ਖਪਤਕਾਰਾਂ ਦੀ ਅੰਨ੍ਹੀ ਲੁੱਟ ਦੇ ਵਿਰੋਧ 'ਚ ਆਮ ਆਦਮੀ ਪਾਰਟੀ ਜਿੱਥੇ ਪਿੰਡ ਪੱਧਰ 'ਤੇ ਬਿਜਲੀ ਮੋਰਚੇ ਤਹਿਤ ਲੋਕਾਂ ਨੂੰ ਜਾਗਰੂਕ ਅਤੇ ਲਾਮਬੰਦ ਕਰ ਰਹੀ ਹੈ, ਉੱਥੇ ਵੱਡੀ ਰੋਸ ਰੈਲੀ ਵੀ ਕਰੇਗੀ ਤਾਂ ਕਿ ਸੁੱਤੀ ਪਈ ਕੈਪਟਨ ਸਰਕਾਰ ਨੂੰ ਜਗਾਇਆ ਜਾ ਸਕੇ।
ਨੌਜਵਾਨ ਦਾ ਗੁਪਤ ਅੰਗ ਕੱਟਣ ਦੇ ਕੇਸ 'ਚ ਦੋ ਕਿੰਨਰਾਂ ਨੂੰ ਸਜ਼ਾ
NEXT STORY