ਹੁਸ਼ਿਆਰਪੁਰ, (ਘੁੰਮਣ)- ਸਟੇਟ ਫੂਡ ਕਮਿਸ਼ਨਰ ਕਾਹਨ ਸਿੰਘ ਪੰਨੂ ਦੀਆਂ ਹਦਾਇਤਾਂ ’ਤੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸਿਹਤ ਵਿਭਾਗ ਤੇ ਡੇਅਰੀ ਵਿਕਾਸ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਜ਼ਿਲਾ ਸਿਹਤ ਅਫ਼ਸਰ ਡਾ. ਸੇਵਾ ਸਿੰਘ ਤੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਦਵਿੰਦਰ ਸਿੰਘ ਦੀ ਅਗਵਾਈ ਹੇਠ ਬਣਾਈ ਟੀਮ ਵੱਲੋਂ ਅੱਜ ਸਵੇਰੇ 4. 30 ਦੇ ਕਰੀਬ ਨੌਸ਼ਿਹਰਾ ਪੱਤਨ ਮੁਕੇਰੀਆਂ ਵਿਖੇ ਨਾਕਾ ਲਾਇਆ ਹੋਇਆ ਸੀ ਕਿ ਅਚਾਨਕ ਪੀ. ਬੀ. 02 ਟੀ 1212 ਨੰਬਰ ਗੱਡੀ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ। ਜਦੋਂ ਟੀਮ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਡਰਾਈਵਰ ਗੱਡੀ ਹੋਰ ਤੇਜ਼ ਕਰਕੇ ਲੈ ਗਿਆ। ਸਿਹਤ ਵਿਭਾਗ ਵੱਲੋਂ ਮੁਸਤੈਦੀ ਵਰਤਦੇ ਹੋਏ ਟੀਮ ਵੱਲੋਂ ਤਿੰਨ ਕਿਲੋਮੀਟਰ ਦੀ ਦੂਰੀ ’ਤੇ ਜਾ ਕੇ ਉਸ ਘੇਰ ਲਿਆ ਗਿਆ। ਜਦੋਂ ਦੇਖਿਆ ਤਾਂ ਕਰੀਬ 1000 ਕਿਲੋ (ਦਸ ਕੁਇੰਟਲ) ਗੈਰ ਮਿਆਰੀ ਪਨੀਰ ਡਰੱਮਾਂ ਵਿਚ ਪਾ ਕੇ ਰੱਖਿਆ ਹੋਇਆ ਸੀ, ਟੀਮ ਵੱਲੋਂ ਉਸ ਦੇ ਸੈਂਪਲ ਲਏ ਗਏ ਜੋ ਖਰਡ਼ ਲੈਬਾਰਟਰੀ ਨੂੰ ਭੇਜ ਦਿੱਤੇ।
ਇਸ ਉਪਰੰਤ ਹਾਜੀਪੁਰ-ਤਲਵਾਡ਼ਾ ਰੋਡ ’ਤੇ ਪੰਜਾਬ ਡੇਅਰੀ ਉਤੇ ਟੀਮ ਵੱਲੋਂ ਛਾਪੇਮਾਰੀ ਕੀਤੀ ਤਾਂ ਵੀ ਗੈਰ ਮਿਆਰੀ ਸੁੱਕਾ ਦੁੱਧ, ਜਿਸ ਦੇ ਡੇਅਰੀ ਮਾਲਕ ਕੋਲ ਕੋਈ ਬਿੱਲ ਨਹੀਂ ਸਨ, ਉਸ ਦੇ ਸੈਂਪਲ ਲਏ ਗਏ। ਦੇਸੀ ਘਿਉ-ਪਨੀਰ ਦਾ ਵੀ ਸੈਂਪਲ ਲਏ ਗਏ, ਇਸ ਤੋਂ ਇਲਾਵਾਂ ਤਿੰਨ ਸੈਂਪਲ ਦੁੱਧ ਦੇ ਦੋਧੀਆਂ ਕੋਲੋਂ ਲਏ ਗਏ। ਇਸ ਮੌਕੇ ਡਾ. ਸੇਵਾ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ, ਕਲਾਨੌਰ, ਦੀਨਾ ਨਗਰ ਤੋਂ ਇਹ ਪਨੀਰ ਬਣ ਕੇ ਜਲੰਧਰ, ਲੁਧਿਆਣਾ, ਹੁਸ਼ਿਆਰਪੁਰ ਤੇ ਹਿਮਾਚਲ ਪ੍ਰਦੇਸ਼ ਦੇ ਕੁਲੂ ਮਨਾਲੀ ਤੇ ਪਾਲਮਪੁਰ ਤੱਕ ਦੁਕਾਨਾਂ ’ਤੇ ਸਪਲਾਈ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮਾਰਕੀਟ ’ਚ ਇਸ ਪਨੀਰ ਨੂੰ 150 ਰੁਪਏ ਤੋਂ ਲੈ ਕੇ 200 ਰੁਪਏ ਤੱਕ ਵੇਚਿਆ ਜਾਂਦਾ ਹੈ ਤੇ ਦੁਕਾਨਦਾਰ ਇਸ ਦੀ ਗਾਹਕਾਂ ਕੋਲੋਂ 300 ਰੁਪਏ ਤੱਕ ਕਮਾਈ ਕਰਦੇ ਹਨ ।
ਇਸ ਮੌਕੇ ਡੇਅਰੀ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਦੁੱਧ ਤੇ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਖਰੀਦਣ ਲੱਗੇ ਲੋਕਾਂ ਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਪ੍ਰੋਸੈਸ ਮਿਲਕ ਹੀ ਵਰਤਣ ਚਾਹੀਦਾ ਹੈ। ਖੁੱਲ੍ਹੇਆਮ ਦੁਕਾਨਾਂ ਤੇ ਦੋਧੀਆਂ ਕੋਲੋਂ ਦੁੱਧ ਨਹੀਂ ਖਰੀਦਣਾ ਚਾਹੀਦਾ। ਉਨ੍ਹਾਂ ਇਹ ਵੀ ਦੱਸਿਆ ਕਿ ਗੈਰ ਮਿਆਰੀ ਦੁੱਧ ਪੀਣ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਅਾਂ ਹਨ ਤੇ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ। ਜਿਸ ਨਾਲ ਬੱਚਿਆਂ ਤੇ ਬੁੱਢਿਆਂ ਨੂੰ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਆਉਣ ਵਾਲੇ ਤਿਉਹਾਰਾਂ ਦੇ ਦਿਨਾਂ ਵਿਚ ਮਿਲਾਵਟਖੋਰ ਇਸ ਤਰ੍ਹਾਂ ਦੇ ਕੰਮ ਜ਼ਿਆਦਾ ਕਰਦੇ ਹਨ ਤੇ ਘਟੀਆ ਦੁੱਧ, ਮਠਿਆਈਆਂ ਆਮ ਤੌਰ ’ਤੇ ਦੁਕਾਨਦਾਰਾਂ ਨੇ ਵੇਚਣਾ ਹੈ, ਉਨ੍ਹਾਂ ਕਿਹਾ ਕਿ ਪ੍ਰੋਸੈਸ ਮਿਲਕ ਦੀਆਂ ਬਣਾਈਆਂ ਮਠਿਆਈਆਂ ਦੀ ਹੀ ਖਰੀਦ ਕਰਨੀ ਚਾਹੀਦੀ ਹੈ। ਇਸ ਮੌਕੇ ਫੂਡ ਅਫਸਰ ਡਾ. ਰਮਨ ਵਿਰਦੀ ਤੇ ਲੁਭਾਇਆ ਰਾਮ, ਅਸ਼ੋਕ ਕੁਮਾਰ, ਨਰੇਸ਼ ਕੁਮਾਰ, ਪਰਮਜੀਤ ਸਿੰਘ ਵੀ ਹਾਜ਼ਰ ਸਨ।
ਮਜ਼ਦੂਰਾਂ ਨੇ ਮੰਗਾਂ ਲਈ ਸਰਕਾਰ ਖਿਲਾਫ਼ ਪ੍ਰਗਟਾਇਆ ਰੋਸ
NEXT STORY