ਮੋਗਾ (ਕਸ਼ਿਸ਼) : ਮੋਗਾ ਦੇ ਸਿਵਲ ਹਸਪਤਾਲ ਦੀ ਪਾਰਕਿੰਗ ਕੋਲ ਅੱਜ ਸਵੇਰ ਵੀਰਵਾਰ ਨੂੰ ਦੋ ਧਿਰਾਂ ਵਿਚਾਲੇ ਖੂਨੀ ਝੜਪ ਹੋ ਗਈ। ਦੋਵਾਂ ਧਿਰਾਂ ਵੱਲੋਂ ਇਕ-ਦੂਜੇ 'ਤੇ ਜਮ ਕੇ ਇੱਟਾਂ-ਪੱਥਰ ਚਲਾਏ ਗਏ, ਜਿਸ ਕਾਰਨ ਪਾਰਕਿੰਗ ਵਿਚ ਖੜ੍ਹੀ ਇਕ ਡਾਕਟਰ ਦੀ ਗੱਡੀ ਸਮੇਤ ਹੋਰ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ। ਇਸ ਘਟਨਾ ਵਿਚ ਦੋਵਾਂ ਧਿਰਾਂ ਦੇ 8 ਤੋਂ 9 ਲੋਕ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਮਾਮਲਾ ਮੋਗਾ ਦੇ ਬੁੱਕਣਵਾਲਾ ਰੋਡ ਇਲਾਕੇ ਨਾਲ ਸੰਬੰਧਤ ਹੈ, ਜਿੱਥੇ ਵੀਰਵਾਰ ਸਵੇਰੇ ਕਰੀਬ 9 ਵਜੇ ਇਕ ਧਿਰ ਵੱਲੋਂ ਗਲਤ ਟਿੱਪਣੀ ਕਰਨ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਵਿਵਾਦ ਹੋ ਗਿਆ ਸੀ। ਸੂਚਨਾ ਮਿਲਣ 'ਤੇ 112 ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਦੋਵਾਂ ਧਿਰਾਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਬਾਅਦ ਵਿਚ ਦੋਵੇਂ ਧਿਰਾਂ ਮੋਗਾ ਸਿਵਲ ਹਸਪਤਾਲ ਪਹੁੰਚ ਗਈਆਂ, ਜਿੱਥੇ ਹਸਪਤਾਲ ਦੀ ਪਾਰਕਿੰਗ ਕੋਲ ਉਹ ਮੁੜ ਆਹਮੋ-ਸਾਹਮਣ ਹੋ ਗਏ। ਦੇਖਦੇ ਹੀ ਦੇਖਦੇ ਵਿਵਾਦ ਖੂਨੀ ਝੜਪ ਵਿਚ ਤਬਦੀਲ ਹੋ ਗਿਆ ਅਤੇ ਦੋਵਾਂ ਧਿਰਾਂ ਵਿਚਾਲੇ ਇੱਟਾਂ-ਪੱਥਰ ਚੱਲਣ ਲੱਗ ਪਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੀਸੀਆਰ ਟੀਮ ਅਤੇ ਸਿਟੀ ਸਾਊਥ ਥਾਣਾ ਪੁਲਸ ਭਾਰੀ ਬਲ ਸਮੇਤ ਮੌਕੇ ‘ਤੇ ਪਹੁੰਚੀ ਅਤੇ ਹਾਲਾਤ ਨੂੰ ਕਾਬੂ ਵਿਚ ਲਿਆ। ਝੜਪ ਦੌਰਾਨ ਜ਼ਖਮੀ ਹੋਏ 8/9 ਲੋਕਾਂ ਨੂੰ ਇਲਾਜ ਲਈ ਮੋਗਾ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਵਾਂ ਧਿਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪਹਿਲੀ ਧਿਰ ਦੀ ਜ਼ਖਮੀ ਲਕਸ਼ਮੀ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਅਕਸਰ ਉਨ੍ਹਾਂ ‘ਤੇ ਗਲਤ ਟਿੱਪਣੀਆਂ ਕਰਦੇ ਸਨ। ਅੱਜ ਸਵੇਰੇ ਜਦੋਂ ਉਹ ਇਸ ਗੱਲ ਨੂੰ ਲੈ ਕੇ ਗੱਲਬਾਤ ਕਰਨ ਗਏ ਤਾਂ ਉਨ੍ਹਾਂ ਦੇ ਪਤੀ ਅਤੇ ਪਿਤਾ ‘ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਮੋਗਾ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਦੂਜੀ ਧਿਰ ਵੱਲੋਂ ਮੁੜ ਹਮਲਾ ਕਰਨ ਦੇ ਦੋਸ਼ ਲਗਾਏ ਗਏ ਹਨ।
ਉੱਧਰ ਦੂਜੀ ਧਿਰ ਦੇ ਜ਼ਖਮੀ ਬੇਅੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਅਕਸਰ ਗਾਲੀ-ਗਲੋਚ ਕਰਦੇ ਹਨ ਅਤੇ ਘਰ ਦੀਆਂ ਮਹਿਲਾਵਾਂ ‘ਤੇ ਗਲਤ ਟਿੱਪਣੀਆਂ ਕਰਦੇ ਹਨ। ਇਸੇ ਗੱਲ ਨੂੰ ਲੈ ਕੇ ਅੱਜ ਵਿਵਾਦ ਹੋਇਆ। ਉਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ‘ਤੇ ਹਮਲਾ ਕੀਤਾ ਗਿਆ ਅਤੇ ਜਦੋਂ ਉਹ ਇਲਾਜ ਲਈ ਸਿਵਲ ਹਸਪਤਾਲ ਪਹੁੰਚੇ ਤਾਂ ਉੱਥੇ ਵੀ ਉਨ੍ਹਾਂ ‘ਤੇ ਦੁਬਾਰਾ ਹਮਲਾ ਕੀਤਾ ਗਿਆ। ਮੋਗਾ ਸਿਵਲ ਹਸਪਤਾਲ ਦੇ ਡਾਕਟਰ ਕੁਲਦੀਪ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਬਾਹਰ ਦੋ ਧਿਰਾਂ ਵਿਚਾਲੇ ਹੋਈ ਲੜਾਈ ਵਿਚ 8/9 ਲੋਕ ਜ਼ਖਮੀ ਹੋਏ ਹਨ। ਸਾਰੇ ਜ਼ਖਮੀਆਂ ਦਾ ਸਿਵਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੂਰੇ ਮਾਮਲੇ ਦੀ ਜਾਂਚ ਪੁਲਸ ਵੱਲੋਂ ਕੀਤੀ ਜਾ ਰਹੀ ਹੈ।
ਪੰਜਾਬ ਦੇ ਸਰਕਾਰੀ ਸਕੂਲਾਂ ਨਾਲ ਜੁੜੀ ਅਹਿਮ ਖ਼ਬਰ! ਕੇਂਦਰ ਦੀ ਰਿਪੋਰਟ ਨੇ ਵਧਾਈ ਚਿੰਤਾ
NEXT STORY