ਚੰਡੀਗੜ੍ਹ : ਸ਼ਾਹਕੋਟ ਜ਼ਿਮਨੀ ਚੋਣ ਵਿਚ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ 'ਤੇ ਲੱਗੇ ਨਾਜਾਇਜ਼ ਮਾਈਨਿੰਗ ਦੇ ਦੋਸ਼ਾਂ ਅਤੇ ਬਾਅਦ ਵਿਚ ਦਰਜ ਹੋਏ ਮਾਮਲੇ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ। ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਕੈਪਟਨ ਨੇ ਕਿਹਾ ਕਿ ਮਹਿਤਪੁਰ ਥਾਣੇ ਦੇ ਐੱਸ. ਐੱਚ. ਓ. ਪਰਮਿੰਦਰ ਸਿੰਘ ਬਾਜਵਾ ਵਲੋਂ ਨਿੱਜੀ ਰੰਜਿਸ਼ ਦੇ ਚੱਲਦੇ ਲਾਡੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਕੈਪਟਨ ਮੁਤਾਬਕ ਕਪੂਰਥਲਾ ਵਿਚ ਤਾਇਨਾਤੀ ਸਮੇਂ ਉਥੋਂ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨਾਲ ਵਿਵਾਦ ਤੋਂ ਬਾਅਦ ਬਾਜਵਾ ਦਾ ਤਬਾਦਲਾ ਹੋ ਗਿਆ ਸੀ, ਇਸੇ ਰੰਜਿਸ਼ ਦੇ ਚੱਲਦੇ ਬਾਜਵਾ ਵਲੋਂ ਇਹ ਮਾਮਲਾ ਦਰਜ ਕੀਤਾ ਗਿਆ ਹੈ।
ਕੈਪਟਨ ਨੇ ਕਿਹਾ ਕਿ ਪਰਚਾ ਦਰਜ ਹੋਣ ਤੋਂ ਪਹਿਲਾਂ ਐੱਸ. ਐੱਚ. ਓ. ਦੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਖਹਿਰਾ ਅਤੇ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨਾਲ ਗੱਲਬਾਤ ਹੋਈ ਸੀ। ਕੈਪਟਨ ਨੇ ਕਿਹਾ ਕਿ ਉਕਤ ਪੁਲਸ ਅਧਿਕਾਰੀ ਦੋਵਾਂ ਵਿਰੋਧੀ ਪਾਰਟੀਆਂ ਦੇ ਪ੍ਰਭਾਵ ਹੇਠ ਕੰਮ ਕਰ ਰਿਹਾ ਸੀ।
ਦੂਜੇ ਪਾਸੇ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਵੀ ਐੱਸ. ਐੱਚ. ਓ. ਪਰਮਿੰਦਰ ਸਿੰਘ ਬਾਜਵਾ ਨਾਲ ਤਿੰਨ ਵਾਰ ਫੋਨ 'ਤੇ ਗੱਲਬਾਤ ਹੋਣ ਨੂੰ ਸਵੀਕਾਰ ਕੀਤਾ ਹੈ। ਚੀਮਾ ਨੇ ਕਿਹਾ ਕਿ ਅੱਜ ਵੀ ਉਨ੍ਹਾਂ ਦੀ ਬਾਜਵਾ ਨਾਲ ਗੱਲ ਹੋਈ ਹੈ। ਉਨ੍ਹਾਂ ਕਿਹਾ ਕਿ ਐੱਸ. ਐੱਚ. ਓ. ਪਰਮਿੰਦਰ ਬੇਹੱਦ ਪ੍ਰੇਸ਼ਾਨੀ 'ਚ ਹੈ ਕਿਉਂਕਿ ਉਸ 'ਤੇ ਕਾਂਗਰਸ ਵਲੋਂ ਪੁਲਸ ਦੀ ਮਦਦ ਨਾਲ ਦਬਾਅ ਬਣਾਇਆ ਜਾ ਰਿਹਾ ਹੈ। ਚੀਮਾ ਨੇ ਕਿਹਾ ਕਿ ਇਕ ਪੁਲਸ ਅਧਿਕਾਰੀ ਹੋਣ ਦੇ ਬਾਵਜੂਦ ਉਹ ਕਾਂਗਰਸ ਦੇ ਡਰੋਂ ਜਗ੍ਹਾ-ਜਗ੍ਹਾ ਲੁੱਕ ਰਿਹਾ ਹੈ। ਉਸ ਦਾ ਦੋਸ਼ ਸਿਰਫ ਇੰਨਾ ਹੈ ਕਿ ਉਸ ਨੇ ਕਾਂਗਰਸ ਦੇ ਇਨਕਾਰ ਕਰਨ ਦੇ ਬਾਵਜੂਦ ਵੀ ਹਿੰਮਤ ਦਿਖਾਉਂਦੇ ਹੋਏ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਖਿਲਾਫ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿਚ ਐੱਫ. ਆਈ. ਆਰ. ਦਰਜ ਕੀਤੀ ਹੈ।
ਸ਼ਾਹਕੋਟ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਦਾ ਅਕਾਲੀ ਦਲ ਨੂੰ ਵੱਡਾ ਝਟਕਾ
NEXT STORY