ਪਟਿਆਲਾ - 'ਆਪ' ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪਾਰਟੀ ਦੇ ਪੁਰਾਣੇ ਆਗੂਆਂ ਨੂੰ ਫਿਰ ਤੋਂ ਪਾਰਟੀ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ। ਇਸ ਅਪੀਲ 'ਤੇ ਆਪਣਾ ਪੱਖ ਸਪੱਸ਼ਟ ਕਰਦਿਆਂ ਪਟਿਆਲਾ ਦੇ ਐੈੱਮ. ਪੀ. ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਇਸ ਅਪੀਲ ਤੋਂ ਪਹਿਲਾਂ ਕੇਜਰੀਵਾਲ ਇਹ ਐਲਾਨ ਕਰਨ ਕਿ ਪੰਜਾਬ ਨਾਲ ਸਬੰਧਤ ਫੈਸਲੇ ਦਿੱਲੀ ਦੀ ਲੀਡਰਸ਼ਿਪ ਦੀ ਬਜਾਏ ਪੰਜਾਬੀ ਲੀਡਰਸ਼ਿਪ ਕਰੇਗੀ।
ਡਾ. ਗਾਂਧੀ ਨੇ ਕਿਹਾ ਕਿ 'ਆਪ' ਦਾ ਜਨਮ ਰਵਾਇਤੀ ਪਾਰਟੀਆਂ ਦੇ ਹਾਈਕਮਾਂਡ ਸਿਸਟਮ ਖਿਲਾਫ ਹੋਇਆ ਸੀ। ਸਾਡਾ ਮੁੱਖ ਆਧਾਰ ਇਹ ਸੀ ਕਿ ਕਿਸੇ ਵੀ ਸਟੇਟ ਦੇ ਫੈਸਲੇ ਉਥੋਂ ਦੇ ਲੋਕਾਂ ਦੀ ਸਲਾਹ ਨਾਲ ਲਏ ਜਾਣਗੇ ਪਰ 'ਆਪ' ਨੇ ਰਵਾਇਤੀ ਪਾਰਟੀਆਂ ਵਾਲਾ ਸਿਸਟਮ ਅਪਣਾ ਕੇ ਹਾਈਕਮਾਂਡ ਸਿਸਟਮ ਲਾਗੂ ਕਰ ਦਿੱਤਾ, ਜਿਸ ਕਾਰਨ ਪੰਜਾਬ 'ਤੇ ਦਿੱਲੀ ਦੇ ਫੈਸਲੇ ਲਾਗੂ ਕੀਤੇ ਜਾਣ ਲੱਗੇ। ਇਹੀ ਕਾਰਨ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਵੱਡਾ ਨੁਕਸਾਨ ਹੋਇਆ। ਡਾ. ਗਾਂਧੀ ਨੇ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਵੀ ਪੂਰਨ ਰਾਜ ਦਾ ਦਰਜਾ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੀ ਹੈ, ਉਸੇ ਤਰ੍ਹਾਂ ਉਨ੍ਹਾਂ ਨੇ ਭਾਰਤੀ ਸੰਘ 'ਚ ਪੰਜਾਬ ਦੀ ਖੁਦਮੁਖਤਿਆਰੀ ਢਾਂਚੇ ਦੀ ਵਕਾਲਤ ਕੀਤੀ ਸੀ। ਉਸ ਹੱਕ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਸੀ, ਜਿਸ ਕਾਰਨ ਪਾਰਟੀ ਨੇ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਕ ਅਜਿਹੇ ਸਿਆਸੀ ਪ੍ਰੋਗਰਾਮ ਦੀ ਜ਼ਰੂਰਤ ਹੈ ਜਿਹੜਾ ਪੰਜਾਬ ਦੀਆਂ ਆਪਣੀਆਂ ਵਿਸ਼ੇਸ਼ ਲੋੜਾਂ ਮੁਤਾਬਕ ਤਿਆਰ ਕੀਤਾ ਗਿਆ ਹੋਵੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਲੋੜਾਂ ਪੂਰੀਆਂ ਕਰਦਾ ਹੋਵੇ।
ਡਾ. ਗਾਂਧੀ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਸੱਦਾ ਦਿੱਤਾ ਕਿ ਉਹ ਭਾਰਤੀ ਸੰਘ ਦੇ ਅੰਦਰ ਸ਼ਾਂਤਮਈ ਢੰਗ ਨਾਲ ਪੰਜਾਬ ਵੱਲੋਂ ਖੁਦਮੁਖਤਿਆਰੀ ਹਾਸਲ ਕਰਨ ਦੇ ਹੱਕ ਨੂੰ ਮਾਨਤਾ ਦੇਣ। ਘੱਟੋ-ਘੱਟ ਬਠਿੰਡਾ ਕਨਵੈਨਸ਼ਨ ਦੇ 6 ਮਤਿਆਂ 'ਚੋਂ ਪਹਿਲੇ 2 ਨੂੰ ਪੰਜਾਬ ਅੰਦਰ ਕਿਸੇ ਵੀ ਪਹਿਲਕਦਮੀ ਵਾਸਤੇ ਪਾਰਟੀ ਦੇ ਏਕੇ ਦੀ ਅਗਾਊਂ ਸ਼ਰਤ ਸਮਝਣ।
ਪਟਿਆਲਾ: ਪੋਲਿੰਗ ਬੂਥਾਂ 'ਤੇ ਵੋਟਾਂ ਪੁਆਉਣ ਦਾ ਕੰਮ ਸ਼ੁਰੂ
NEXT STORY