ਚੰਡੀਗੜ੍ਹ (ਬਿਊਰੋ) : ਸੂਬਾ ਸਰਕਾਰ ਵੱਲੋਂ ਐੱਮ. ਐੱਸ. ਪੀ. (ਘੱਟੋ-ਘੱਟ ਸਮਰਥਨ ਮੁੱਲ) ’ਤੇ ਮੂੰਗੀ ਦੀ ਫਸਲ ਦੀ ਖਰੀਦ ਲਈ ਕੀਤੇ ਗਏ ਪੁਖਤਾ ਪ੍ਰਬੰਧਾਂ ਤੋਂ ਖ਼ੁਸ਼ ਸੂਬੇ ਭਰ ਦੇ ਕਿਸਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਦਿਲੋਂ ਸਵਾਗਤ ਕਰ ਰਹੇ ਹਨ। ਇਸ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਮੋਹਾਲੀ ਦੇ ਪਿੰਡ ਲਾਲੜੂ ਦੇ ਕਿਸਾਨ ਸੁਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਨੇ ਮੂੰਗੀ ਦੀ ਫਸਲ ਦੀ ਖਰੀਦ ਲਈ ਪੁਖਤਾ ਪ੍ਰਬੰਧ ਕੀਤੇ ਹਨ। ਕਿਸਾਨ ਨੇ ਦੱਸਿਆ ਕਿ ਉਸ ਦੀ ਫਸਲ ਮੰਡੀ ’ਚ ਆਉਣ ਤੋਂ ਤੁਰੰਤ ਬਾਅਦ ਸੂਬਾ ਸਰਕਾਰ ਵੱਲੋਂ ਐਲਾਨੇ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦੀ ਗਈ। ਉਸ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਮੂੰਗੀ ਦੀ ਫ਼ਸਲ ਖਰੀਦਣ ਲਈ ਕਿਸਾਨਾਂ ਦੀ ਸਹੂਲਤ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ।
ਇਹ ਵੀ ਪੜ੍ਹੋ : ਫਿਲੌਰ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ, 6 ਸਾਲਾ ਬੱਚੇ ਦੀ ਮੌਤ
ਇਸੇ ਤਰ੍ਹਾਂ ਪਿੰਡ ਮੱਲਵਾਲ ਜ਼ਦੀਦ, ਫਿਰੋਜ਼ਪੁਰ ਛਾਉਣੀ ਦੇ ਕਿਸਾਨ ਗੁਰਪ੍ਰੀਤ ਸਿੰਘ ਨੇ ਵੀ ਆਪਣੀ ਮੂੰਗੀ ਦੀ ਫ਼ਸਲ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦਣ ਲਈ ਸੂਬਾ ਸਰਕਾਰ ਦੀ ਸ਼ਲਾਘਾ ਕੀਤੀ। ਕਿਸਾਨ ਨੇ ਕਿਹਾ ਕਿ ਉਸ ਨੂੰ ਆਪਣੀ ਫ਼ਸਲ ਮੰਡੀ ’ਚ ਵੇਚਣ ਵਿਚ ਕੋਈ ਦਿੱਕਤ ਨਹੀਂ ਆਈ ਕਿਉਂਕਿ ਸੂਬਾ ਸਰਕਾਰ ਨੇ ਇਸ ਲਈ ਵਿਆਪਕ ਪ੍ਰਬੰਧ ਕੀਤੇ ਹਨ। ਫਸਲਾਂ ਦਾ ਢੁੱਕਵਾਂ ਮੰਡੀਕਰਨ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਉਸ ਨੇ ਕਿਹਾ ਕਿ ਇਸ ਨਾਲ ਸੂਬੇ ਦੇ ਕਿਸਾਨਾਂ ਦੀ ਆਮਦਨ ’ਚ ਵਾਧਾ ਕਰਕੇ ਉਨ੍ਹਾਂ ਨੂੰ ਮੌਜੂਦਾ ਖੇਤੀ ਸੰਕਟ ’ਚੋਂ ਬਾਹਰ ਕੱਢਣ ’ਚ ਮਦਦ ਮਿਲੇਗੀ।ਲੁਧਿਆਣਾ ਦੇ ਪਿੰਡ ਬਰਮੀ ਦੇ ਕਿਸਾਨ ਜਸਬੀਰ ਸਿੰਘ ਨੇ ਵੀ ਸੂਬਾ ਸਰਕਾਰ ਵੱਲੋਂ ਫ਼ਸਲ ਦੀ ਖ਼ਰੀਦ ਲਈ ਕੀਤੇ ਪ੍ਰਬੰਧਾਂ ਦੀ ਤਾਰੀਫ਼ ਕੀਤੀ। ਉਸ ਨੇ ਕਿਹਾ ਕਿ ਜਦੋਂ ਉਹ ਆਪਣੀ ਫ਼ਸਲ ਲੈ ਕੇ ਮੰਡੀ ਪੁੱਜਿਆ ਤਾਂ ਸੂਬਾ ਸਰਕਾਰ ਵੱਲੋਂ ਤਾਇਨਾਤ ਕੀਤੇ ਖਰੀਦ ਅਧਿਕਾਰੀਆਂ ਨੇ ਸੂਬੇ ਵੱਲੋਂ ਦਿੱਤੇ ਜਾ ਰਹੇ ਘੱਟੋ-ਘੱਟ ਸਮਰਥਨ ਮੁੱਲ ’ਤੇ ਫ਼ਸਲ ਵੇਚਣ ’ਚ ਮਦਦ ਕੀਤੀ। ਉਸ ਨੇ ਕਿਹਾ ਕਿ ਸੂਬਾ ਸਰਕਾਰ ਦੇ ਪ੍ਰਬੰਧਾਂ ਕਾਰਨ ਉਨ੍ਹਾਂ ਨੂੰ ਮੂੰਗੀ ਦੀ ਫ਼ਸਲ ਵੇਚਣ ’ਚ ਕੋਈ ਦਿੱਕਤ ਨਹੀਂ ਆਈ।
ਮੋਗਾ ਦੇ ਪਿੰਡ ਤਖਤੂਪੁਰਾ ਦੇ ਕਿਸਾਨ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ 20 ਕੁਇੰਟਲ ਮੂੰਗੀ ਬਿਨਾਂ ਕਿਸੇ ਸਮੱਸਿਆ ਦੇ ਵੇਚ ਦਿੱਤੀ ਹੈ, ਜਿਸ ਲਈ ਸੂਬਾ ਸਰਕਾਰ ਵੱਲੋਂ ਬਣਾਏ ਢਾਂਚੇ ਦਾ ਧੰਨਵਾਦ। ਕਿਸਾਨ ਨੇ ਕਿਹਾ ਕਿ ਉਹ ਆਪਣੀ ਫ਼ਸਲ ਨੂੰ ਸੁਚਾਰੂ ਅਤੇ ਮੁਸ਼ਕਿਲ ਰਹਿਤ ਢੰਗ ਨਾਲ ਲਾਮਿਸਾਲ ਸਮੇਂ ’ਚ ਵੇਚਣ ਦੇ ਯੋਗ ਹੋਇਆ ਹੈ। ਉਸ ਨੇ ਕਿਹਾ ਕਿ ਮੁੱਖ ਮੰਤਰੀ ਦੀ ਇਹ ਪਹਿਲਕਦਮੀ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਣਾਉਣ ਲਈ ਉਤਸ਼ਾਹਿਤ ਕਰਕੇ ਉਨ੍ਹਾਂ ਦੀ ਆਮਦਨ ’ਚ ਵਾਧਾ ਕਰਨ ਵਿੱਚ ਸਹਾਈ ਸਿੱਧ ਹੋਵੇਗੀ ਅਤੇ ਧਰਤੀ ਹੇਠਲੇ ਤੇਜ਼ੀ ਨਾਲ ਘਟ ਰਹੇ ਪਾਣੀ ਨੂੰ ਬਚਾਏਗੀ। ਗੌਰਤਲਬ ਹੈ ਕਿ ਪੰਜਾਬ ਸਰਕਾਰ ਨੇ ਗਰਮੀਆਂ ਦੀ ਮੂੰਗੀ ਦੀ ਫ਼ਸਲ ਦੀ ਕਿਸਾਨਾਂ ਤੋਂ ਸਿੱਧੇ 7275 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ ਉੱਤੇ ਖਰੀਦ ਸ਼ੁਰੂ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ਦਾ ਹਾਂ-ਪੱਖੀ ਹੁੰਗਾਰਾ ਭਰਦਿਆਂ ਸੂਬੇ ਦੇ ਕਿਸਾਨਾਂ ਨੇ ਪਿਛਲੇ ਸਾਲ 50,000 ਏਕੜ ਦੇ ਮੁਕਾਬਲੇ ਇਸ ਸਾਲ ਲੱਗਭਗ 95,000 ਏਕੜ ਰਕਬੇ ’ਚ ਗਰਮੀਆਂ ਦੀ ਮੂੰਗੀ ਦੀ ਫ਼ਸਲ ਦੀ ਬੀਜਾਈ ਕੀਤੀ ਹੈ। ਇਸ ਸਾਲ 4.75 ਲੱਖ ਕੁਇੰਟਲ ਝਾੜ ਦੀ ਉਮੀਦ ਹੈ, ਜਦਕਿ ਪਿਛਲੇ ਸਾਲ ਸੂਬੇ ਭਰ ’ਚ ਕੁਲ 2.98 ਲੱਖ ਕੁਇੰਟਲ ਪੈਦਾਵਾਰ ਹੋਈ ਸੀ।
ਬੀ.ਐੱਸ.ਐੱਫ ਦੇ ਜਵਾਨਾਂ ਵਲੋਂ ਪਾਕਿਸਤਾਨੀ ਨਾਬਾਲਿਗ ਮੁੰਡਾ ਗ੍ਰਿਫ਼ਤਾਰ
NEXT STORY