ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਨੇੜ੍ਹੇ ਵਗਦੀ ਸਰਹਿੰਦ ਨਹਿਰ 'ਚ ਸ਼ਨੀਵਾਰ ਨੂੰ 7 ਮਹੀਨਿਆਂ ਦੀ ਲੜਕੀ ਦਾ ਭਰੂਣ ਮਿਲਣ ਕਾਰਨ ਸਨਸਨੀ ਫੈਲ ਗਈ ਅਤੇ ਲੋਕ ਇਸ ਮਾਸੂਮ ਧੀ ਨੂੰ ਕੁੱਖ 'ਚ ਹੀ ਮਾਰਨ ਵਾਲੀ ਮਾਂ ਨੂੰ ਲਾਹਣਤਾਂ ਪਾ ਰਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਸਰਹਿੰਦ ਨਹਿਰ 'ਚ ਪਾਣੀ ਦਾ ਪੱਧਰ ਘਟਿਆ ਹੋਇਆ ਸੀ। ਕੋਈ ਵਿਅਕਤੀ 7 ਮਹੀਨਿਆਂ ਦੀ ਲੜਕੀ ਦੇ ਭਰੂਣ ਨੂੰ ਨਹਿਰ 'ਚ ਸੁੱਟ ਗਿਆ। ਸਵੇਰੇ 11 ਵਜੇ ਸਰਹਿੰਦ ਨਹਿਰ ਦੇ ਗੜ੍ਹੀ ਪੁਲ ਤੋਂ ਲੰਘਦੇ ਕੁੱਝ ਲੋਕਾਂ ਦੀ ਇਸ ਭਰੂਣ 'ਤੇ ਨਜ਼ਰ ਪਈ ਤਾਂ ਉਥੇ ਇਕੱਠ ਹੋਣਾ ਸ਼ੁਰੂ ਹੋ ਗਿਆ।
ਇਸ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ ਗਈ ਅਤੇ ਮੌਕੇ 'ਤੇ ਥਾਣਾ ਮੁਖੀ ਸੁਖਨਾਜ ਸਿੰਘ, ਸਹਾਇਕ ਥਾਣੇਦਾਰ ਮਾਨ ਸਿੰਘ ਪੁੱਜ ਗਏ ਅਤੇ ਉਨ੍ਹਾਂ ਭਰੂਣ ਦੀ ਜਾਂਚ ਕੀਤੀ। ਇਸ ਭਰੂਣ ਦੀ ਨਾਭੀ 'ਚ ਖੂਨ ਵੀ ਲੱਗਿਆ ਹੋਇਆ ਸੀ, ਜਿਸ ਤੋਂ ਇਹ ਪਤਾ ਲੱਗਦਾ ਸੀ ਕਿ ਅੱਜ ਸਵੇਰੇ ਇਸ ਦਾ ਜਨਮ ਕਰਵਾਇਆ ਗਿਆ ਅਤੇ ਉਸ ਤੋਂ ਬਾਅਦ ਇਸ ਭਰੂਣ ਨੂੰ ਨਹਿਰ 'ਚ ਸੁੱਟ ਦਿੱਤਾ ਗਿਆ। ਪੁਲਸ ਵਲੋਂ ਇਸ ਭਰੂਣ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਇਸ ਨੂੰ ਨਹਿਰ 'ਚ ਸੁੱਟਣ ਵਾਲੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਜੋ ਮਾਮਲਾ ਦਰਜ ਕੀਤਾ ਹੈ, ਉਸ 'ਚ ਇਹ ਦਰਸਾਇਆ ਗਿਆ ਕਿ ਇਹ ਕਿਸੇ ਵਿਆਹੀ ਜਾਂ ਅਣਵਿਆਹੀ ਔਰਤ ਵਲੋਂ ਆਪਣੇ ਬੱਚੇ ਦੇ ਜਨਮ ਲੁਕੋਈ ਲਈ ਅਤੇ ਉਸ ਦਾ ਗੁਪਤ ਨਿਬੇੜਾ ਕਰਨ ਲਈ ਉਸ ਨੂੰ ਨਹਿਰ 'ਚ ਸੁੱਟ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਨਹਿਰ 'ਚੋਂ ਮਿਲਿਆ ਇਹ ਭਰੂਣ 9 ਮਹੀਨੇ ਦਾ ਨਹੀਂ ਲੱਗਦਾ, ਜਦੋਂ ਕਿ ਇਸ ਭਰੂਣ ਦੀ ਉਮਰ 7 ਮਹੀਨੇ ਲੱਗਦੀ ਹੈ ਅਤੇ ਇਸ ਭਰੂਣ ਦਾ ਸਮੇਂ ਤੋਂ ਪਹਿਲਾਂ ਹੀ ਜਨਮ ਕਰਵਾ ਕੇ ਇਸ ਨੂੰ ਨਹਿਰ 'ਚ ਸੁੱਟ ਦਿੱਤਾ ਗਿਆ। ਬਾਕੀ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਰੀ ਸਥਿਤੀ ਸਪੱਸ਼ਟ ਹੋ ਸਕੇਗੀ।
ਵਾਹ ਨੀ ਸਰਕਾਰੇ, ਰੇਲਵੇ ਟਰੈਕ 'ਤੇ ਲੰਮੇ ਪੈਣ ਨੂੰ ਮਜਬੂਰ ਕੀਤੇ ਕਿਸਾਨ ਵਿਚਾਰੇ (ਤਸਵੀਰਾਂ)
NEXT STORY