ਫਿਰੋਜ਼ਪੁਰ (ਜ.ਬ)-ਲਾਈਨ ਪਾਰ ਖੇਤਰ ਨਵੀਂ ਆਬਾਦੀ ਗਲੀ ਨੰ. 5 ’ਚ ਨਗਰ ਸੁਧਾਰ ਟਰੱਸਟ ਦੇ ਪਾਰਕ ਦੇ ਨਾਲ ਅਣਵਿਕੇ ਰਿਹਾਇਸ਼ੀ ਪਲਾਟਾਂ ’ਚ ਲਗਾਤਾਰ ਗੰਦਗੀ ਸੁੱਟ ਕੇ ਪ੍ਰਦੂਸ਼ਣ ਫੈਲਾਉਣ ਵਾਲੇ ਲੋਕਾਂ ਵਿਰੁੱਧ ਅੱਜ ਨਗਰ ਕੌਂਸਲ ਦੇ ਸਫਾਈ ਵਿਭਾਗ ਨੇ ਸਰਜੀਕਲ ਸਟ੍ਰਾਈਕ ਸ਼ੁਰੂ ਕੀਤੀ। ਇਹ ਜਾਣਕਾਰੀ ਮਿਲਣ ’ਤੇ ਕਿ ਇਥੇ ਹਰ ਰੋਜ਼ ਕੁਝ ਲੋਕ ਗੋਬਰ ਅਤੇ ਹੋਰ ਕੂਡ਼ਾ ਸੁੱਟਣ ਆਉਂਦੇ ਹਨ, ਸੈਨੇਟਰੀ ਇੰਸਪੈਕਟਰ ਅਸ਼ਿਵਨੀ ਮਿਗਲਾਨੀ ਸਟਾਫ ਸਮੇਤ ਸਵੇਰੇ ਨਾਕਾ ਲਾ ਕੇ ਖਡ਼੍ਹੇ ਹੋ ਗਏ। ਇਕ ਰੇਹਡ਼ੀ ’ਤੇ ਗੰਦਗੀ ਦੇ ਥੈਲੇ ਲੈ ਕੇ ਆਏ ਵਿਅਕਤੀ ਨੇ ਜਦ ਪਲਾਟ ਵਿਚ ਇਹ ਥੈਲੇ ਖਾਲੀ ਕੀਤੇ ਤਾਂ ਸਫਾਈ ਕਰਮਚਾਰੀਆਂ ਨੇ ਉਸ ਨੂੰ ਘੇਰ ਲਿਆ। ਮੌਕੇ ’ਤੇ ਆਸ-ਪਾਸ ਦੇ ਮਕਾਨਾਂ ਵਿਚ ਰਹਿਣ ਵਾਲੇ ਹੋਰ ਲੋਕ ਵੀ ਆ ਖਡ਼੍ਹੇ ਹੋਏ। ਸਾਰਿਆਂ ਨੇ ਇਕਮਤ ਹੋ ਕੇ ਕਿਹਾ ਕਿ ਗਰਮੀ ਆਰੰਭ ਹੋਣ ਦੇ ਨਾਲ ਹੀ ਇਸ ਨਾਜਾਇਜ਼ ਕੂਡ਼ ਡੰਪ ਕਾਰਨ ਬਦਬੂ ਤੇ ਮੱਛਰਾਂ ਦੀ ਭਰਮਾਰ ਦਾ ਖਤਰਾ ਪੈਦਾ ਹੋ ਜਾਂਦਾ ਹੈ । ਇਸ ਲਈ ਗੰਦਗੀ ਸੁੱਟਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਮੌਕੇ ’ਤੇ ਮੌਜੂਦ ਸਫਾਈ ਕਰਮਚਾਰੀਆਂ ਨੇ ਗੰਦਗੀ ਦੇ ਥੈਲੇ ਖਾਲੀ ਕਰਨ ਵਾਲੇ ਵਿਅਕਤੀ ਨੂੰ ਵਾਪਸ ਇਹ ਗੰਦਗੀ ਰੇਹਡ਼ੀ ਵਿਚ ਸੁੱਟਣ ਲਈ ਮਜਬੂਰ ਕਰ ਦਿੱਤਾ ਤੇ ਚਿਤਾਵਨੀ ਦਿੱਤੀ ਕਿ ਭਵਿੱਖ ਵਿਚ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ, ਜਿਹਡ਼ੇ ਖਾਲੀ ਪਲਾਟਾਂ ਜਾਂ ਚੌਰਾਹਿਆਂ ਵਿਚ ਗੋਬਰ, ਘਾਹ, ਖਾਲੀ ਬੋਤਲਾਂ, ਪਲਾਸਟਿਕ ਦਾ ਸਾਮਾਨ ਆਦਿ ਹੋਰ ਗੰਦਗੀ ਸੁੱਟਣ ਆਉਂਦੇ ਹਨ। ਅਜਿਹੇ ਲੋਕਾਂ ਦੇ ਚਲਾਨ ਕੱਟ ਕੇ ਕਾਨੂੰਨ ਕਾਰਵਾਈ ਕੀਤੀ ਜਾਵੇਗੀ। ਵਰਣਨਯੋਗ ਹੈ ਕਿ ਪਲਾਟ ਦੇ ਸਾਹਮਣੇ ਹੀ ਆਰ. ਓ. ਪਲਾਂਟ ਮੌਜੂਦ ਹੈ, ਜਿਥੋਂ ਅਨੇਕਾਂ ਲੋਕ ਪੀਣ ਦਾ ਪਾਣੀ ਲੈਣ ਆਉਂਦੇ ਹਨ।
ਵੱਖ-ਵੱਖ ਪਿੰਡਾਂ ’ਚ ਜਾਗਰੂਕਤਾ ਰੈਲੀ ਕੱਢੀ
NEXT STORY