ਮੁੱਲਾਂਪੁਰ ਦਾਖਾ(ਸੰਜੀਵ, ਕਾਲੀਆ)—ਸਥਾਨਕ ਸ਼ਹਿਰ ਅੰਦਰ ਹਲਵਾਈ ਦੀਆਂ ਦੁਕਾਨਾਂ 'ਤੇ ਹਲਕੇ ਪੱਧਰ ਦੀਆਂ ਨਕਲੀ ਖੋਏ ਤੋਂ ਤਿਆਰ ਮਠਿਆਈਆਂ, ਜਿਨ੍ਹਾਂ ਵਿਚ ਤਿੰਨ ਤਰ੍ਹਾਂ ਦੀ ਬਰਫੀ, ਗੁਲਾਬ ਜਾਮਣ, ਖੋਆ, ਬੂੰਦੀ, ਲੱਡੂ ਅਤੇ ਹੋਰ ਕਈ ਤਰ੍ਹਾਂ ਦੀਆਂ ਮਠਿਆਈਆਂ ਸ਼ਾਮਲ ਹਨ, ਦੀ ਸਪਲਾਈ ਕਰਨ ਵਾਲੇ ਮੋਗਾ ਦੇ ਇਕ ਵਪਾਰੀ ਦੀ ਮਠਿਆਈਆਂ ਨਾਲ ਭਰੀ ਬੰਦ-ਬਾਡੀ ਗੱਡੀ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਦਾਖਾ ਪੁਲਸ ਨੇ ਕਾਬੂ ਕਰ ਕੇ ਫੂਡ ਸੇਫਟੀ ਵਿਭਾਗ ਲੁਧਿਆਣਾ ਦੇ ਅਧਿਕਾਰੀ ਡਾ. ਰੋਬਿਨ ਕੁਮਾਰ ਦੇ ਹਵਾਲੇ ਕੀਤੀ। ਉਨ੍ਹਾਂ ਨੇ ਆਪਣੀ ਟੀਮ ਦੇ ਨਾਲ ਮਠਿਆਈਆਂ ਜ਼ਬਤ ਕਰਨ ਉਪਰੰਤ ਵੱਖ-ਵੱਖ ਮਠਿਆਈਆਂ ਦੇ ਸੈਂਪਲ ਸੀਲ ਬੰਦ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਪਰ ਹਲਕੇ ਪੱਧਰ ਦੀਆਂ ਮਠਿਆਈਆਂ ਸਥਾਨਕ ਸ਼ਹਿਰ ਦੇ ਕਈ ਹਲਵਾਈਆਂ ਵੱਲੋਂ ਸਸਤੇ ਰੇਟ 'ਤੇ ਖਰੀਦ ਕਰ ਕੇ ਮਹਿੰਗੇ ਰੇਟ 'ਤੇ ਵੇਚਣ ਦੀ ਪੋਲ ਖੁੱਲ੍ਹਣ ਤੋਂ ਬਾਅਦ ਸ਼ਹਿਰ ਦੇ ਕਈ ਹਲਵਾਈ ਥਾਣਾ ਦਾਖਾ ਦੇ ਬਾਹਰ ਇਕੱਠੇ ਹੋ ਕੇ ਆਪਣੀ ਦੁਕਾਨਦਾਰੀ ਬਚਾਉਣ ਲਈ ਤਰਲੇ ਮਾਰਦੇ ਦਿਖਾਈ ਦਿੱਤੇ। ਜਾਣਕਾਰੀ ਅਨੁਸਾਰ ਪਿਛਲੇ ਲੰਮੇ ਸਮੇਂ ਤੋਂ ਮੋਗਾ ਦੇ ਕੋਟਕਪੂਰਾ ਰੋਡ 'ਤੇ ਪਤੀਸੇ ਬਣਾਉਣ ਦਾ ਕੰਮ ਕਰਦੇ ਹੋਏ ਇਕ ਹਲਵਾਈ ਵੱਲੋਂ ਇਹ ਮਠਿਆਈਆਂ ਸਥਾਨਕ ਸ਼ਹਿਰ ਦੇ ਹਲਵਾਈਆਂ ਨੂੰ ਸਸਤੇ ਰੇਟ 'ਤੇ ਸਪਲਾਈ ਕੀਤੀਆਂ ਜਾ ਰਹੀਆਂ ਸਨ। ਅੱਜ ਜਦੋਂ ਉਕਤ ਵਪਾਰੀ ਦਾ ਡਰਾਈਵਰ ਪਹਿਲਾਂ ਵਾਂਗ ਬੰਦ ਬਾਡੀ ਗੱਡੀ ਨੰਬਰ ਪੀ ਬੀ 29 ਆਰ 8273 ਵਿਚ ਮਠਿਆਈਆਂ ਸਪਲਾਈ ਕਰਨ ਲਈ ਆਇਆ ਤਾਂ ਚਰਨਜੀਤ ਸਿੰਘ ਵਾਸੀ ਮੰਡੀ ਮੁੱਲਾਂਪੁਰ ਵੱਲੋਂ ਦਿੱਤੀ ਲਿਖਤੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਥਾਣਾ ਦਾਖਾ ਦੀ ਪੁਲਸ ਨੇ ਥਾਣੇਦਾਰ ਗੁਰਦੀਪ ਸਿੰਘ ਦੀ ਅਗਵਾਈ ਹੇਠ ਸਮੇਤ ਮਠਿਆਈਆਂ ਗੱਡੀ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਤੇ ਮਾਮਲੇ ਦੀ ਜਾਣਕਾਰੀ ਫੂਡ ਸੇਫਟੀ ਅਫਸਰ ਲੁਧਿਆਣਾ ਨੂੰ ਕਰ ਦਿੱਤੀ ਅਤੇ ਸੂਚਨਾ ਮਿਲਣ ਤੋਂ ਬਾਅਦ ਫੂਡ ਸੇਫਟੀ ਅਫਸਰ ਰੋਬਿਨ ਕੁਮਾਰ ਦੀ ਅਗਵਾਈ ਹੇਠ ਪਹੁੰਚੀ ਟੀਮ ਨੇ ਵੱਖ-ਵੱਖ ਮਠਿਆਈਆਂ ਦੇ ਸੈਪਲ ਸੀਲਬੰਦ ਕਰ ਲਏ। ਡਾ. ਰੋਬਿਨ ਕੁਮਾਰ ਨੇ ਦੱਸਿਆ ਕਿ ਸੀਲਬੰਦ ਕੀਤੇ ਗਏ ਸੈਪਲਾਂ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿਚ ਲਿਆਦੀ ਜਾਵੇਗੀ। ਘਟਨਾ ਸਥਾਨ 'ਤੇ ਮੌਜੂਦ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਮਠਿਆਈਆਂ ਦੀ ਸਪਲਾਈ ਦੇਣ ਆਏ ਗੱਡੀ ਡਰਾਈਵਰ ਨੇ ਆਪਣਾ ਨਾਂ ਰਾਹੁਲ ਪੁੱੱਤਰ ਤੁਲਸੀ ਵਾਸੀ ਮੋਗਾ ਦੱਸਦੇ ਹੋਏ ਦੱਸਿਆ ਕਿ ਉਹ ਇਹ ਮਠਿਆਈਆਂ ਲਛਮੀ ਪਤੀਸਾ ਭੰਡਾਰ ਕੋਟ ਕਪੂਰਾ ਰੋਡ ਮੋਗਾ ਦੇ ਮਾਲਕ ਰਾਹੀਂ ਹੀ ਸਪਲਾਈ ਕਰਨ ਲਈ ਆਉਂਦਾ ਹੈ।
100 ਰੁਪਏ ਕਿਲੋ ਵਾਲੀ ਬਰਫੀ 350 ਰੁਪਏ ਕਿਲੋ ਵਿਕਦੀ ਸੀ ਬਾਜ਼ਾਰ 'ਚ
ਮੋਗਾ ਦੇ ਵਪਾਰੀ ਵੱਲੋਂ ਸਥਾਨਕ ਸ਼ਹਿਰ ਦੇ ਹਲਵਾਈਆਂ ਨੂੰ ਸਪਲਾਈ ਕੀਤੀ ਜਾਣ ਵਾਲੀ ਬਰਫੀ ਦੀ ਕੀਮਤ ਵੀ ਹੈਰਾਨ ਕਰਨ ਵਾਲੀ ਹੈ। 100 ਰੁਪਏ ਕਿਲੋ ਵਾਲੀ ਖੋਏ ਦੀ ਬਰਫੀ 350 ਰੁਪਏ ਕਿਲੋ, 120 ਰੁਪਏ ਕਿਲੋ ਵਾਲੀ ਕਾਜੂ ਬਰਫੀ 450 ਰੁਪਏ ਤੇ 60 ਰੁਪਏ ਕਿਲੋ ਵਾਲੇ ਰਸਗੁੱਲੇ 150 ਰੁਪਏ ਅਤੇ 50 ਰੁਪਏ ਕਿਲੋ ਵਾਲੇ ਲੱਡੂ 120 ਤੋਂ 140 ਰੁਪਏ ਕਿਲੋ ਹਲਵਾਈਆਂ ਵੱਲੋਂ ਵੇਚੀ ਜਾ ਰਹੀ ਸੀ ਅਤੇ ਇਹ ਵੀ ਪਤਾ ਲੱਗਾ ਹੈ ਕਿ ਲੱਡੂਆਂ ਤੇ ਹੋਰ ਮਠਿਆਈਆਂ ਵਿਚ ਚੌਲ ਦੀ ਕਣੀ ਇਸਤੇਮਾਲ ਕੀਤੀ ਜਾਂਦੀ ਸੀ, ਜਿਸ ਕਾਰਨ ਇਹ ਮਠਿਆਈ ਸਸਤੇ ਰੇਟ 'ਤੇ ਲੈ ਕੇ ਹਲਵਾਈਆਂ ਵੱਲੋਂ ਮਹਿੰਗੇ ਰੇਟਾਂ 'ਤੇ ਵੇਚੀ ਜਾਂਦੀ ਸੀ।
ਸ਼ਹਿਰ ਦੇ ਕਈ ਨਾਮੀ ਹਲਵਾਈ ਵੀ ਮੋਗੇ ਦੀ ਮਠਿਆਈ ਵੇਚਣ ਲਈ ਮਸ਼ਹੂਰ
ਸਥਾਨਕ ਸ਼ਹਿਰ ਦੇ ਕਈ ਨਾਮੀ ਹਲਵਾਈ ਜਿਨ੍ਹਾਂ 'ਤੇ ਕੋਈ ਸ਼ੱਕ ਨਹੀਂ ਕਰ ਸਕਦਾ। ਉਨ੍ਹਾਂ ਦਾ ਨਾਂ ਵੀ ਮੋਗੇ ਤੋਂ ਮਠਿਆਈ ਖਰੀਦ ਕੇ ਵੇਚਣ ਵਾਲਿਆਂ ਵਿਚ ਆਉਣ ਤੋਂ ਬਾਅਦ ਸ਼ਹਿਰ ਵਾਸੀਆਂ ਵਿਚ ਹੈਰਾਨੀ ਪਾਈ ਜਾ ਰਹੀ ਹੈ। ਹੁਣ ਦੇਖਣਾ ਇਹ ਹੈ ਕਿ ਫੂਡ ਸੇਫਟੀ ਵਿਭਾਗ ਜੋ ਕਿ ਆਮ ਤੌਰ 'ਤੇ ਤਿਉਹਾਰ ਦੇ ਦਿਨਾਂ ਵਿਚ ਹੀ ਸੈਪਲ ਭਰਨ ਆਉਂਦਾ ਹੈ, ਉਹ ਆਮ ਦਿਨਾਂ ਵਿਚ ਵੀ ਹਲਵਾਈਆਂ ਦੇ ਸਾਮਾਨ ਦੀ ਚੈਕਿੰਗ ਕਰੇਗਾ।
ਗਊਵੰਸ਼ ਦੀ ਰੱਖਿਆ ਲਈ ਸਰਕਾਰ ਤੇ ਲੋਕ ਆਪਣਾ ਕਰਤੱਵ ਨਿਭਾਉਣ : ਸ਼੍ਰੀ ਵਿਜੇ ਚੋਪੜਾ
NEXT STORY