ਨਕੋਦਰ, (ਪਾਲੀ)— ਨਕੋਦਰ-ਜਲੰਧਰ ਮਾਰਗ 'ਤੇ ਪਿੰਡ ਕੰਗ ਸਾਹਬੂ ਨਜ਼ਦੀਕ ਟਾਟਾ ਸਫਾਰੀ ਤੇ ਐਕਟਿਵਾ ਦੀ ਭਿਆਨਕ ਟੱਕਰ 'ਚ ਪਿੰਡ ਕੰਗ ਸਾਹਬੂ ਦੇ ਸਾਬਕਾ ਸਰਪੰਚ ਦੀ ਦਰਦਨਾਕ ਸੜਕ ਹਾਦਸੇ 'ਚ ਮੌਤ ਹੋ ਗਈ। ਮ੍ਰਿਤਕ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਆਇਆ ਸੀ। ਉੱਧਰ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ 'ਚ ਤਾਇਨਾਤ ਏ. ਐੱਸ. ਆਈ. ਮਨਜੀਤ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ ਅਤੇ ਹਾਦਸੇ 'ਚ ਨੁਕਸਾਨੇ ਵਾਹਨ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਛਾਣ ਕੇਵਲ ਸਿੰਘ ਵਾਸੀ ਪਿੰਡ ਕੰਗ ਸਾਹਬੂ ਨਕੋਦਰ ਵਜੋਂ ਹੋਈ।
ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਦੇ ਭਤੀਜੇ ਗੁਰਮੇਜ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਪਿੰਡ ਕੰਗ ਸਾਹਬੂ ਨੇ ਦੱਸਿਆ ਕਿ ਸੋਮਵਾਰ ਉਸਦਾ ਚਾਚਾ ਕੇਵਲ ਸਿੰਘ ਸਾਡੇ ਰਿਸ਼ਤੇਦਾਰ ਹਰਭਜਨ ਸਿੰਘ ਦੇ ਡੇਰੇ ਵਿਖੇ ਫੰਕਸ਼ਨ 'ਚ ਸ਼ਾਮਲ ਹੋਣ ਲਈ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਜਾ ਰਹੇ ਸਨ ਤੇ ਮੈਂ ਆਪਣੇ ਮੋਟਰਸਾਈਕਲ 'ਤੇ ਉਨ੍ਹਾਂ ਦੇ ਮਗਰ ਜਾ ਰਿਹਾ ਸੀ। ਲਗਭਗ 11:30 ਵਜੇ ਨਕੋਦਰ-ਜਲੰਧਰ ਜੀ. ਟੀ. ਰੋਡ 'ਤੇ ਪਿੰਡ ਕੰਗ ਸਾਹਬੂ ਸਾਈਡ ਤੋਂ ਆਈ ਤੇਜ਼ ਰਫਤਾਰ ਸਫਾਰੀ ਕਾਰ ਦੇ ਚਾਲਕ ਨੇ ਪਿੱਛੋਂ ਉਸ ਦੇ ਚਾਚੇ ਦੀ ਐਕਟਿਵਾ 'ਚ ਟੱਕਰ ਮਾਰੀ। ਉਕਤ ਹਾਦਸਾ ਇੰਨਾ ਭਿਆਨਕ ਸੀ ਕਿ ਐਕਟਿਵਾ ਦੇ ਪਰਖੱਚੇ ਉੱਡ ਗਏ ਤੇ ਸਫਾਰੀ ਗੱਡੀ ਵੀ ਨੁਕਸਾਨੀ ਗਈ। ਉਸ ਦਾ ਚਾਚਾ ਸੜਕ 'ਤੇ ਡਿੱਗ ਪਿਆ ਅਤੇ ਉਸ ਦੇ ਸਿਰ ਤੇ ਹੋਰ ਸਰੀਰ 'ਤੇ ਕਾਫੀ ਗੰਭੀਰ ਸੱਟਾਂ ਲੱਗੀਆਂ। ਉਹ ਆਪਣੇ ਚਾਚੇ ਨੂੰ ਸਿਵਲ ਹਸਪਤਾਲ ਲੈ ਕੇ ਆ ਰਿਹਾ ਸੀ ਪਰ ਉਸ ਦੀ ਰਸਤੇ 'ਚ ਹੀ ਮੌਤ ਹੋ ਗਈ। ਹਾਦਸੇ ਉਪਰੰਤ ਸਫਾਰੀ ਗੱਡੀ ਚਾਲਕ ਮੌਕੇ 'ਤੋਂ ਆਪਣੀ ਗੱਡੀ ਛੱਡ ਕੇ ਫਰਾਰ ਹੋ ਗਿਆ।
ਜਾਂਚ ਅਧਿਕਾਰੀ ਏ. ਐੱਸ. ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਤੀਜੇ ਗੁਰਮੇਜ ਸਿੰਘ ਦੇ ਬਿਆਨਾਂ 'ਤੇ ਸਫਾਰੀ ਗੱਡੀ ਚਾਲਕ ਸਰਬਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਮੁਬਾਰਕਪੁਰ (ਸ਼ਾਹਕੋਟ) ਖਿਲਾਫ ਥਾਣਾ ਸਦਰ ਨਕੋਦਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਬਾਇਓਮੈਟ੍ਰਿਕ ਹਾਜ਼ਰੀ ਨੇ ਸਕੱਤਰੇਤ ਮੁਲਾਜ਼ਮਾਂ ਨੂੰ ਪਹਿਲੇ ਹੀ ਦਿਨ ਲਾਇਆ ਲਾਈਨਾਂ 'ਚ
NEXT STORY