ਗੁਰਦਾਸਪੁਰ (ਵਿਨੋਦ)-ਗੁਰਦਾਸਪੁਰ 'ਚ ਇਕ ਏਜੰਟ ਵੱਲੋਂ ਲਗਭਗ 700 ਲੋਕਾਂ ਨਾਲ ਕੁਵੈਤ ਭੇਜਣ ਦੇ ਨਾਂ 'ਤੇ 25000-25000 ਰੁਪਏ ਦੀ ਠੱਗੀ ਕਰਨ ਦਾ ਸਮਾਚਾਰ ਮਿਲਿਆ ਹੈ। ਇਹ ਏਜੰਟ ਠੱਗੀ ਮਾਰਨ ਤੋਂ ਬਾਅਦ ਸਥਾਨਕ ਹਰਦੋਛੰਨੀ ਰੋਡ ਵਿਖੇ ਚੱਲ ਰਿਹਾ ਦਫ਼ਤਰ ਬੰਦ ਕਰ ਗਿਆ ਹੈ ਅਤੇ ਨੌਜਵਾਨਾਂ ਧੱਕੇ ਖਾਣ ਲਈ ਮਜਬੂਰ ਹਨ।
ਅੱਜ ਜ਼ਿਲਾ ਗੁਰਦਾਸਪੁਰ ਡਿਪਟੀ ਕਮਿਸ਼ਨਰ ਨੂੰ ਮਿਲਣ ਆਏ ਲਗਭਗ 50 ਤੋਂ ਜ਼ਿਆਦਾ ਪੀੜਤ ਨੌਜਵਾਨਾਂ ਜਿਨ੍ਹਾਂ 'ਚ ਮੁੱਖ ਤੌਰ 'ਤੇ ਜਗਰੂਪ ਸਿੰਘ ਪੁੱਤਰ ਸਤਨਾਮ ਸਿੰਘ, ਸ਼ਮਸ਼ੇਰ ਸਿੰਘ ਪੁੱਤਰ ਪ੍ਰਤਾਪ ਸਿੰਘ, ਲਵਦੀਪ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਪਿੰਡ ਸਾਗਨਾ ਜ਼ਿਲਾ ਅੰਮ੍ਰਿਤਸਰ, ਗੁਰਵਿੰਦਰ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਖਟਕੜ ਨੇ ਦੱਸਿਆ ਕਿ ਬੀਤੇ ਸਮੇਂ ਵਿਚ ਸੋਸ਼ਲ ਮੀਡੀਆ 'ਤੇ ਇਕ ਇਸ਼ਤਿਹਾਰ ਜਾਰੀ ਹੋਇਆ ਸੀ, ਜਿਸ ਵਿਚ ਕੁਵੈਤ ਦੀ ਇਕ ਕੰਸਟਰੱਕਸ਼ਨ ਕੰਪਨੀ ਵਿਚ ਕਾਰੀਗਰਾਂ ਦੀ ਲੋੜ ਸਬੰਧੀ ਕਿਹਾ ਗਿਆ ਸੀ ਅਤੇ ਇਹ ਵੀ ਲਿਖਿਆ ਸੀ ਕਿ ਕੁਵੈਤ ਵਿਚ ਨੌਜਵਾਨਾਂ ਨੂੰ ਸਿਰਫ 9 ਮਹੀਨੇ ਹੀ ਕੰਮ ਮਿਲੇਗਾ ਅਤੇ ਇਸ ਦਾ ਸਾਰਾ ਖਰਚਾ 25 ਹਜ਼ਾਰ ਰੁਪਏ ਆਵੇਗਾ, ਜਿਸ ਵਿਚ ਵੀਜ਼ਾ, ਹਵਾਈ ਸਫਰ ਟਿਕਟ ਵੀ ਸ਼ਾਮਲ ਸੀ।
ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਗੁਰਦਾਸਪੁਰ ਵਿਖੇ ਚੱਲ ਰਹੇ ਦਫ਼ਤਰ ਵਿਖੇ ਲੋਕਾਂ ਨੇ ਫਾਰਮ ਭਰੇ ਅਤੇ ਦਫ਼ਤਰ ਦੇ ਕਹਿਣ ਮੁਤਾਬਕ 5-6-7 ਜੂਨ ਨੂੰ ਜ਼ਿਲਾ ਗੁਰਦਾਸਪੁਰ, ਅੰਮ੍ਰਿਤਸਰ ਅਤੇ ਹੋਰ ਜ਼ਿਲਿਆਂ ਦੇ ਲਗਭਗ 700 ਨੌਜਵਾਨਾਂ ਨੇ 25000-25000 ਰੁਪਏ ਇਸ ਦਫ਼ਤਰ ਵਿਚ ਜਮ੍ਹਾ ਕਰਵਾਇਆ ਅਤੇ ਸਾਨੂੰ ਸਾਰਿਆਂ ਨੂੰ ਵੀਜ਼ਾ ਅਤੇ ਹਵਾਈ ਜਹਾਜ਼ ਦੀ ਟਿਕਟ ਦੇ ਦਿੱਤੀ, ਜਿਸ ਵਿਚ ਸਾਡੀ ਫਲਾਈਟ 11 ਜੂਨ ਨੂੰ ਨਿਸ਼ਚਿਤ ਕੀਤੀ ਗਈ ਸੀ ਪਰ 10 ਜੂਨ ਨੂੰ ਹੀ ਸਾਨੂੰ ਵਟਸਐਪ ਅਤੇ ਕੰਪਨੀ ਵੱਲੋਂ ਮੈਸਿਜ ਮਿਲਿਆ ਕਿ ਤੁਹਾਡੀ ਫਲਾਈਟ ਦੀ ਤਰੀਕ ਟਿਕਟ 'ਤੇ ਗਲਤ ਲਿਖੀ ਗਈ ਹੈ ਅਤੇ ਜਲਦੀ ਹੀ ਨਵੀਂ ਤਰੀਕ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਇਨ੍ਹਾਂ ਲੋਕਾਂ ਨੇ ਦੱਸਿਆ ਕਿ ਜਦੋਂ ਅਸੀਂ ਇਸ ਸਬੰਧੀ ਜਾਂਚ-ਪੜਤਾਲ ਕਰਨ ਲਈ ਗੁਰਦਾਸਪੁਰ ਆਏ ਤਾਂ ਹਰਦੋਛੰਨੀ ਰੋਡ ਵਿਖੇ ਚੱਲ ਰਿਹਾ ਦਫ਼ਤਰ ਬੰਦ ਮਿਲਿਆ ਅਤੇ ਮੋਬਾਇਲ ਵੀ ਬੰਦ ਮਿਲੇ। ਅਸੀਂ ਕਾਫੀ ਅਧਿਕਾਰੀਆਂ ਤੱਕ ਪਹੁੰਚ ਕੀਤੀ ਪਰ ਕਿਸੇ ਨੇ ਨਹੀਂ ਸੁਣੀ। ਜਿਹੜਾ ਵਿਅਕਤੀ ਹਰਦੋਛੰਨੀ ਰੋਡ ਗੁਰਦਾਸਪੁਰ ਵਿਖੇ ਸਾਰਾ ਲੈਣ-ਦੇਣ ਕਰਦਾ ਸੀ, ਉਸ ਨੂੰ ਸਾਰੇ ਰਛਪਾਲ ਉਰਫ਼ ਕਾਲੀਆ ਕਹਿ ਕੇ ਬੁਲਾਉਂਦੇ ਸਨ ਪਰ ਹੁਣ ਇਹ ਰਛਪਾਲ ਉਰਫ਼ ਕਾਲੀਆ ਵੀ ਸਿਰਫ ਵਟਸਐਪ ਕਾਲ ਰਿਸੀਵ ਕਰਦਾ ਹੈ ਕਿਉਂਕਿ ਵਟਸਐਪ ਕਾਲ ਰਿਕਾਰਡ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਪੀੜਤਾਂ ਨੇ ਦੱਸਿਆ ਕਿ ਇਸ ਤਰੀਕੇ ਨਾਲ ਇਹ ਏਜੰਟ 17 ਕਰੋੜ 50 ਲੱਖ ਦੀ ਠੱਗੀ ਕਰ ਕੇ ਫਰਾਰ ਹੋ ਗਿਆ ਹੈ।
'ਇਸ ਮਾਮਲੇ ਸਬੰਧੀ ਕੋਈ ਵੀ ਸ਼ਿਕਾਇਤ ਮੇਰੇ ਧਿਆਨ ਵਿਚ ਨਹੀਂ ਹੈ। ਜੇ ਲਿਖਤੀ ਸ਼ਿਕਾਇਤ ਮਿਲੇਗੀ ਤਾਂ ਜਾਂਚ-ਪੜਤਾਲ ਕਰਵਾ ਕੇ ਜ਼ਰੂਰ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀ ਕੋਈ ਵੀ ਹੋਵੇ, ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
ਆਮ ਔਰਤਾਂ ਦੀ ਤਾਂ ਛੱਡੋ, ਮਹਿਲਾ ਸੰਸਦ ਮੈਂਬਰ ਵੀ ਨਹੀਂ ਹਨ ਸੁਰੱਖਿਅਤ
NEXT STORY