ਗਿੱਦੜਬਾਹਾ (ਕੁਲਭੂਸ਼ਨ) : ਗਿੱਦੜਬਾਹਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਚ 10+1 ਪਾਸ ਵਿਦਿਆਰਥੀ ਨੂੰ ਇਕ ਮਹਿਲਾ ਅਧਿਆਪਕ ਵੱਲੋਂ 10+2 ਜਮਾਤ ਵਿਚ ਦਾਖਲਾ ਦੇਣ ਤੋਂ ਨਾ ਸਿਰਫ ਆਨਾਕਾਨੀ ਕੀਤੀ ਗਈ ਸਗੋਂ ਉਕਤ ਵਿਦਿਆਰਥੀ ਨੂੰ ਖੱਜਲ-ਖੁਆਰ ਵੀ ਕੀਤਾ ਗਿਆ। ਇੰਨਾ ਹੀ ਨਹੀਂ ਸਕੂਲ ਦਾ ਪੱਖ ਜਾਣਨ ਲਈ ਸਕੂਲ ਗਏ ਮੀਡੀਆ ਕਰਮਚਾਰੀਆਂ ਨਾਲ ਵੀ ਇਹ ਮਹਿਲਾ ਅਧਿਆਪਕ ਬੜੀ ਤਲਖੀ ਅਤੇ ਬੇਰੁਖ਼ੀ ਵਾਲੇ ਲਹਿਜ਼ੇ ਨਾਲ ਗੱਲ ਕੀਤੀ ਗਈ। ਇਕ ਅਧਿਆਪਕ ਵੱਲੋਂ ਤਾਂ ਪੱਤਰਕਾਰ ਦੇ ਹੱਥ 'ਚ ਫੜਿਆ ਮੋਬਾਇਲ ਵੀ ਇਹ ਕਹਿੰਦੇ ਹੋਏ ਫੜ ਲਿਆ ਗਿਆ ਕਿ 'ਤੁਸੀਂ ਹਰ ਗੱਲ ਦੀ ਵੀਡਿਓ ਬਣਾ ਲੈਂਦੇ ਹੋ'। ਪੀੜਤ ਵਿਦਿਆਰਥੀ ਪਲਵਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਪਿੰਡ ਗੁਰੂਸਰ ਦੇ ਇਕ ਪ੍ਰਾਈਵੇਟ ਸਕੂਲ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਤਹਿਤ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਅਤੇ ਉਸ ਤੋਂ ਬਾਅਦ ਉਸਨੇ ਉਸੇ ਸਕੂਲ ਵਿਚੋਂ ਸੀ.ਬੀ.ਐੱਸ.ਈ. ਦੇ ਤਹਿਤ 10+1 ਦੀ ਪ੍ਰੀਖਿਆ ਪਾਸ ਕੀਤੀ ਪਰੰਤੂ ਪਿਤਾ ਦੀ ਅਧਰੰਗ ਦੀ ਬੀਮਾਰੀ ਦੇ ਚਲੱਦਿਆਂ ਉਹ ਉਕਤ ਪ੍ਰਾਈਵੇਟ ਸਕੂਲ 'ਚ ਆਪਣੀ ਸਿੱਖਿਆ ਜਾਰੀ ਨਹੀਂ ਰੱਖ ਸਕਿਆ ਜਿਸ 'ਤੇ ਉਸਨੇ 10+2 ਵਿਚ ਦਾਖਲਾ ਲੈਣ ਲਈ ਗਿੱਦੜਬਾਹਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਸੰਪਰਕ ਕੀਤਾ।
ਇਸ ਦੌਰਾਨ 10+2 'ਚ ਦਾਖਲਾ ਕਰਨ ਵਾਲੀ ਅਧਿਆਪਕਾ ਮੈਡਮ ਸੁਨੀਤਾ ਰਾਣੀ ਵੱਲੋਂ ਪਹਿਲਾਂ ਉਸਨੂੰ ਮਾਈਗ੍ਰੇਸ਼ਨ ਸਰਟੀਫਿਕੇਟ ਲਿਆਉਣ ਲਈ ਕਿਹਾ ਗਿਆ, ਜਿਸ 'ਤੇ ਉਸਨੇ ਮਾਈਗ੍ਰੇਸ਼ਨ ਸਰਟੀਫਿਕੇਟ ਵੀ ਲੈਆਂਦਾ। ਇਸ ਤੋਂ ਬਾਅਦ ਉਕਤ ਅਧਿਆਪਕਾ ਅਤੇ ਉਸਦੀ ਇਕ ਹੋਰ ਸਾਥੀ ਮਹਿਲਾ ਅਧਿਆਪਕਾ ਵੱਲੋਂ ਦਾਖਲੇ ਲਈ ਇਕ ਟੈਸਟ ਦੇਣ ਬਾਰੇ ਕਿਹਾ। ਪਲਵਿੰਦਰ ਸਿੰਘ ਨੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸਿੱਖਿਆ ਮੰਤਰੀ ਤੋਂ ਇਸ ਪਾਸੇ ਧਿਆਨ ਦੇਣ ਅਤੇ ਉਸਨੂੰ ਉਕਤ ਸਕੂਲ 'ਚ ਦਾਖਲਾ ਦਿਵਾਉਣ ਦੀ ਅਪੀਲ ਕੀਤੀ ਹੈ।
ਕੀ ਕਹਿੰਦੇ ਹਨ ਦਾਖਲਾ ਅਧਿਆਪਕ
ਇਸ ਸੰਬੰਧੀ ਜਦੋਂ ਦਾਖਲਾ ਕਰਨ ਵਾਲੀ ਉਕਤ ਮਹਿਲਾ ਅਧਿਆਪਕ ਸੁਨੀਤਾ ਰਾਣੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਪਹਿਲਾਂ ਉਨ੍ਹਾਂ ਪੱਤਰਕਾਰਾਂ ਨੂੰ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਪਰੰਤੂ ਨਾਲ ਹੀ ਕਿਹਾ ਉਸ ਵੱਲੋਂ ਉਕਤ ਵਿਦਿਆਰਥੀ ਨੂੰ ਦਾਖਲਾ ਦੇਣ ਤੋਂ ਇਨਕਾਰ ਨਹੀਂ ਕੀਤਾ ਗਿਆ ਜਦੋਂ ਉਨ੍ਹਾਂ ਪਾਸੋਂ ਵਿਭਾਗ ਦੇ ਨਿਯਮਾਂ ਦੇ ਉਲਟ ਟੈਸਟ ਲੈਣÎ ਸੰਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਸੰਬੰਧੀ ਕੋਈ ਵੀ ਜਵਾਬ ਨਹੀਂ ਦਿੱਤਾ।
ਕੀ ਕਹਿੰਦੇ ਹਨ ਪ੍ਰਿੰਸੀਪਲ
ਉਧਰ ਇਸ ਪੂਰੇ ਮਾਮਲੇ ਸਬੰਧੀ ਜਦੋਂ ਸਕੂਲ ਦੇ ਪ੍ਰਿੰ. ਸੰਜੀਵ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਮੀਡੀਆ ਪਾਸੋਂ ਹੀ ਉਕਤ ਮਾਮਲੇ ਸੰਬੰਧੀ ਪਤਾ ਲੱਗਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਜਮਾਤ ਵਿਚ ਦਾਖਲੇ ਲਈ ਨਾ ਹੀ ਕੋਈ ਟੈਸਟ ਨਿਰਧਾਰਤ ਕੀਤਾ ਗਿਆ ਹੈ ਅਤੇ ਨਾ ਹੀ ਮੇਰੇ ਵੱਲੋਂ ਹੀ ਅਧਿਆਪਕਾਂ ਨੂੰ ਇਸ ਕਿਸਮ ਦੀ ਹਿਦਾਇਤ ਕੀਤੀ ਗਈ ਸੀ। ਉੱਥੇ ਹੀ ਅਜਿਹੇ ਟੈਸਟ ਲੈਣ ਵਾਲੇ ਅਧਿਆਪਕਾਂ ਵਿਰੁੱਧ ਕੋਈ ਵੀ ਵਿਭਾਗੀ ਕਾਰਵਾਈ ਕਰਨ ਸੰਬੰਧੀ ਪੁੱਛੇ ਸਵਾਲ ਨੂੰ ਉਹ ਟਾਲਦੇ ਨਜ਼ਰ ਆਏ।
ਕੀ ਕਹਿੰਦੇ ਹਨ ਜ਼ਿਲਾ ਸਿੱਖਿਆ ਅਫ਼ਸਰ
ਜਦੋਂ ਇਸ ਸੰਬੰਧੀ ਜ਼ਿਲਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਖੋਸਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵਿਚ ਕਿਸੇ ਵੀ ਕਲਾਸ ਵਿਚ ਦਾਖਲੇ ਸੰਬੰਧੀ ਕੋਈ ਵੀ ਟੈਸਟ ਨਹੀਂ ਹੁੰਦਾ ਅਤੇ ਜੋ ਵੀ ਵਿਦਿਆਰਥੀ ਸਰਕਾਰੀ ਸਕੂਲ ਵਿਖੇ ਦਾਖਲੇ ਲਈ ਆਉਂਦਾ ਹੈ ਉਸਨੂੰ ਸਕੂਲ ਵਿਚ ਦਾਖਲ ਕਰਨਾ ਜ਼ਰੂਰੀ ਹੈ। ਉਕਤ ਮਾਮਲੇ ਵਿਚ ਟੈਸਟ ਲੈਣ ਵਾਲੇ ਅਧਿਆਪਕਾਂ ਦੇ ਵਿਰੁੱਧ ਵਿਭਾਗੀ ਕਾਰਵਾਈ ਕਰਨ ਸੰਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਜਾਂਚ ਕਰਵਾਈ ਜਾਵੇਗੀ ਅਤੇ ਜਾਂਚ ਉਪਰੰਤ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਔਰਤਾਂ ਨੂੰ ਹੈਲਮੇਟ ਲਾਜ਼ਮੀ ਕਰਨ ਦੇ ਫੈਸਲੇ ਖਿਲਾਫ ਨਿੱਤਰਿਆ ਅਕਾਲੀ ਦਲ
NEXT STORY