ਨਾਭਾ, (ਪੁਰੀ, ਭੂਪਾ, ਖੁਰਾਣਾ)- ਪੰਜਾਬ ਪਬਲਿਕ ਸਕੂਲ ਨਾਭਾ ਵਿਖੇ ਅੱਜ ਸਕੂਲ ਦਾ 66ਵਾਂ ਸਥਾਪਨਾ ਦਿਵਸ ਸ਼ਾਨੋ-ਸ਼ੌਕਤ, ਉਤਸ਼ਾਹ ਅਤੇ ਰਵਾਇਤੀ ਰੰਗਤ ਨਾਲ ਮਨਾਇਆ ਗਿਆ। ਗੁਲਾਬ ਚੰਦ ਕਟਾਰੀਆ, ਰਾਜਪਾਲ ਪੰਜਾਬ ਅਤੇ ਪ੍ਰਸ਼ਾਸਕ, ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਨੇ ਕੀਤੀ ਸ਼ਿਰਕਤ। ਸਮਾਗਮ ਦਾ ਆਗਾਜ਼ ਮੁੱਖ ਮਹਿਮਾਨ ਗੁਲਾਬ ਚੰਦ ਕਟਾਰੀਆ ਰਾਜਪਾਲ ਪੰਜਾਬ ਅਤੇ ਪ੍ਰਸ਼ਾਸਕ, ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ, ਜੋ ਸਕੂਲ ਦੇ ਬੋਰਡ ਆਫ਼ ਗਵਰਨਰਜ਼ ਦੇ ਚੇਅਰਮੈਨ ਵੀ ਹਨ, ਦੀ ਰਸਮੀ ਆਮਦ ਨਾਲ ਹੋਇਆ। ਸਕੂਲ ਪਹੁੰਚਣ ’ਤੇ ਉਨ੍ਹਾਂ ਗਾਰਡ ਆਫ਼ ਆਨਰ ਤੋਂ ਸਲਾਮੀ ਲਈ ਅਤੇ ਅਨੁਸ਼ਾਸਨ, ਸੈਨਿਕ ਮਰਿਆਦਾ ਅਤੇ ਪੂਰੀ ਮੁਹਾਰਤ ਨਾਲ ਪੇਸ਼ ਕੀਤੇ ਗਏ ਗਾਰਡ ਆਫ਼ ਆਨਰ ਦਾ ਨਿਰੀਖਣ ਕੀਤਾ।
ਹੈੱਡਮਾਸਟਰ ਡਾ. ਡੀ. ਸੀ. ਸ਼ਰਮਾ ਨੇ ਪ੍ਰਾਰਥਨਾ ਸਭਾ ਦਾ ਸੰਚਾਲਨ ਕਰਦਿਆਂ ਸਾਲਾਨਾ ਸਕੂਲ ਰਿਪੋਰਟ ਪੇਸ਼ ਕੀਤੀ, ਜਿਸ ’ਚ ਸਾਲ ਦੌਰਾਨ ਸੰਸਥਾ ਵੱਲੋਂ ਹਾਸਲ ਕੀਤੀਆਂ ਵੱਖ-ਵੱਖ ਪ੍ਰਾਪਤੀਆਂ ਦਾ ਵਿਸਥਾਰਪੂਰਵਕ ਜ਼ਿਕਰ ਕੀਤਾ ਗਿਆ। ਉਨ੍ਹਾਂ ਸਕੂਲ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਇਸ ਦੀ ਤਰੱਕੀ ਅਤੇ ਵਿਕਾਸ ਲਈ ਹਰ ਸੰਭਵ ਸਹਿਯੋਗ ਦੇਣ ਵਾਲੇ ਸਰਪ੍ਰਸਤਾਂ ਪ੍ਰਤੀ ਡੂੰਘਾ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਲਾਈਫਟਾਈਮ ਅਚੀਵਮੈਂਟ ਐਵਾਰਡ ਮਰਨ ਉਪਰੰਤ ਰਾਮ ਸਿੰਘ, ਸਾਬਕਾ ਗਣਿਤ ਅਧਿਆਪਕ ਨੂੰ ਪ੍ਰਦਾਨ ਕੀਤਾ ਗਿਆ। ਇਸੇ ਤਰ੍ਹਾਂ ਸਕੂਲ ਪ੍ਰਤੀ ਵਿਲੱਖਣ ਯੋਗਦਾਨ ਅਤੇ ਸੇਵਾਵਾਂ ਲਈ ਰੋਲ ਆਫ਼ ਆਨਰ ਐਵਾਰਡ ਮਾਣਯੋਗ ਜਸਟਿਸ ਜਸਗੁਰਪ੍ਰੀਤ ਸਿੰਘ ਪੁਰੀ, ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਪ੍ਰਦਾਨ ਕੀਤਾ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਗਈਆਂ ਸ਼ਾਨਦਾਰ ਵੰਨਗੀਆਂ ਨੇ ਸਮਾਰੋਹ ਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ। ਪੀ. ਪੀ. ਐੱਸ. ਦੇ ਘੋੜਸਵਾਰਾਂ ਨੇ ਆਪਣੇ ਦਲੇਰਾਨਾ ਅਤੇ ਹੈਰਾਨੀਜਨਕ ਘੋੜਸਵਾਰੀ ਦੇ ਕਰਤੱਬਾਂ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਖੂਬ ਵਾਹ-ਵਾਹ ਖੱਟੀ।
ਇਸ ਮੌਕੇ ਸੰਬੋਧਨ ਕਰਦਿਆਂ ਗੁਲਾਬ ਚੰਦ ਕਟਾਰੀਆ ਨੇ ਸਕੂਲ ਦੀ ਤਰੱਕੀ ਅਤੇ ਵਿਕਾਸ ਲਈ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਸਮਾਗਮ ਦੇ ਸ਼ਾਨਦਾਰ ਆਯੋਜਨ ਦੀ ਵੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਦੌਰਾਨ ਉਨ੍ਹਾ ਆਪਣੇ ਭਾਸ਼ਣ ਵਿੱਚ ਨਸ਼ਿਆਂ ਦੀ ਸਮੱਸਿਆ 'ਤੇ ਕਾਫ਼ੀ ਜ਼ੋਰ ਦਿੱਤਾ। ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਹੈੱਡਮਾਸਟਰ ਡਾ. ਡੀ. ਸੀ. ਸ਼ਰਮਾ ਨੇ ਸ਼੍ਰੀ ਕਟਾਰੀਆ ਦਾ ਉਨ੍ਹਾਂ ਦੇ ਹੌਸਲਾ-ਅਫ਼ਜ਼ਾਈ ਭਰੇ ਅਤੇ ਪ੍ਰੇਰਨਾਦਾਇਕ ਸ਼ਬਦਾਂ ਲਈ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਜੈ ਸਿੰਘ ਗਿੱਲ, ਆਈ. ਏ. ਐੱਸ. (ਸੇਵਾ-ਮੁਕਤ), ਪ੍ਰਧਾਨ, ਕਾਰਜਕਾਰੀ ਕਮੇਟੀ, ਬੋਰਡ ਆਫ਼ ਗਵਰਨਰਜ਼, ਸਮੇਤ ਬੋਰਡ ਦੇ ਮਾਣਯੋਗ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।
ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਠੰਡ ਦੀ ਦਸਤਕ, ਕਈ ਇਲਾਕਿਆਂ 'ਚ ਪਵੇਗੀ ਧੁੰਦ
NEXT STORY