ਬਠਿੰਡਾ(ਸੁਖਵਿੰਦਰ)-‘ਪੁਲਸ ਨੇ ਕਿਸੇ ਹੋਰ ਨੂੰ ਬਚਾਉਣ ਖਾਤਰ ਮੇਰੇ ਪਤੀ ਨੂੰ ਫਸਾਇਆ, ਜੋ ਬਿਲਕੁਲ ਨਿਰਦੋਸ਼ ਹੈ।’ ਇਹ ਦੋਸ਼ ਗੁਰਪ੍ਰੀਤ ਕੌਰ ਵਾਸੀ ਗਣੇਸ਼ਾ ਬਸਤੀ, ਬਠਿੰਡਾ ਨੇ ਲਾਏ ਹਨ ਤੇ ਜਾਂਚ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਕੌਰ ਨੇ ਦੱਸਿਆ ਕਿ 10 ਮਈ 2018 ਨੂੰ ਥਾਣਾ ਕੋਤਵਾਲੀ ਪੁਲਸ ਨੇ ਉਸਦੇ ਪਤੀ ਕੁਲਵੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਉਕਤ ਕੋਲੋਂ ਨਸ਼ੇ ਵਾਲੀ ਦਵਾਈ ਦੀ ਬਰਾਮਦਗੀ ਦਿਖਾਈ ਗਈ ਸੀ, ਜਿਸ ਕਰ ਕੇ ਕੁਲਵੀਰ ਸਿੰਘ ਵਿਰੁੱਧ ਮੁਕੱਦਮਾ ਨੰ. 103 ਐੱਨ. ਡੀ. ਪੀ. ਐੱਸ. ਐਕਟ ਤਹਿਤ ਦਰਜ ਕਰ ਲਿਆ ਗਿਆ। ਗੁਰਪ੍ਰੀਤ ਕੌਰ ਨੇ ਕਿਹਾ ਕਿ ਉਸ ਦਿਨ ਇਕ ਜਾਣਕਾਰ ਨੇ ਉਸਦੇ ਪਤੀ ਨੂੰ ਇਕ ਪਰਚੀ ਦੇ ਕੇ ਮਹਿਣਾ ਚੌਕ ’ਚ ਸਥਿਤ ਦਵਾਈਆਂ ਦੀ ਦੁਕਾਨ ਤੋਂ ਦਵਾਈ ਲੈਣ ਲਈ ਭੇਜਿਆ ਸੀ ਪਰ ਉਸ ਨੂੰ ਦਵਾਈ ਸਣੇ ਮਹਿਣਾ ਚੌਕ ’ਚ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਦਿਖਾਇਆ ਕਿ ਕੁਲਵੀਰ ਸਿੰਘ ਨੂੰ ਸੰਤਪੁਰਾ ਰੋਡ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨਾਲ ਦੋ ਹੋਰ ਵਿਅਕਤੀ ਵੀ ਸਨ। ਜਦੋਂ ਕਿ ਅਸਲੀਅਤ ਇਹ ਹੈ ਕਿ ਪੁਲਸ ਨੇ ਅਸਲ ਦੋਸ਼ੀ ਤੋਂ ਪੈਸੇ ਲੈ ਕੇ ਉਸਨੂੰ ਬਚਾਅ ਲਿਆ, ਜਿਸਦੇ ਬਦਲੇ ਕੁਲਵੀਰ ਸਿੰਘ ਨੂੰ ਫਸਾ ਦਿੱਤਾ ਗਿਆ। ਜੇਕਰ ਮਾਮਲੇ ਦੀ ਡੂੰਘਾਈ ਨਾਲ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਤਾਂ ਅਸਲ ਦੋਸ਼ੀ ਸਾਹਮਣੇ ਆ ਜਾਣਗੇ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਕ ਬੇਕਸੂਰ ਨੂੰ ਬਚਾਉਣ ਖਾਤਰ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਕਿਉਂਕਿ ਕੁਝ ਪੁਲਸ ਅਧਿਕਾਰੀ ਵੀ ਮੁਲਜ਼ਮਾਂ ਨਾਲ ਮਿਲੇ ਹੋਏ ਹਨ।
ਕਰੋੜਾਂ ਦੀ ਲਾਗਤ ਨਾਲ ਬਣਿਆ ਕਮਿਊਨਿਟੀ ਹੈਲਥ ਸੈਂਟਰ ਹੋਇਆ ਅਸੁਵਿਧਾਵਾਂ ਦਾ ਸ਼ਿਕਾਰ
NEXT STORY