ਫਤਿਹਗੜ੍ਹ ਸਾਹਿਬ (ਜਗਦੇਵ) - ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 25 ਦਸੰਬਰ ਨੂੰ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਮੁੱਚੇ ਸਿੱਖ ਪੰਥ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਦੇ ਆਦੇਸ਼ਾਂ 'ਤੇ ਡਟ ਕੇ ਪਹਿਰਾ ਦੇਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਸ਼੍ਰੋਮਣੀ ਕਮੇਟੀ ਵੱਲੋਂ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਵਿਸ਼ੇਸ਼ ਉਪਰਾਲੇ ਤਹਿਤ ਫਤਿਹਗੜ੍ਹ ਸਾਹਿਬ ਦੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ 'ਗਾਵਹੁ ਸਚੀ ਬਾਣੀ ਭਾਗ ਦੂਜਾ' ਦੇ ਤੀਸਰੇ ਆਡੀਸ਼ਨ 'ਚ ਸ਼ਮੂਲੀਅਤ ਕਰਨ ਉਪਰੰਤ ਕੀਤਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਤਾਂ ਕੇਵਲ ਸੰਗਤਾਂ ਦੀਆਂ ਭਾਵਨਾਵਾਂ 'ਤੇ ਵਿਚਾਰਾਂ ਕੀਤੀਆਂ ਕਿ ਦਸਮ ਪਿਤਾ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਮਿਤੀਆਂ ਨੂੰ ਬਦਲਿਆ ਜਾਵੇ ਤੇ ਇਸੇ ਦੇ ਮੱਦੇਨਜ਼ਰ ਇਹ ਮਿਤੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਭੇਜੀਆਂ ਸਨ ਤੇ ਇਸ 'ਤੇ ਫੈਸਲਾ ਸਿੰਘ ਸਾਹਿਬਾਨ ਵੱਲੋਂ ਹੀ ਲਿਆ ਜਾਣਾ ਸੀ। ਪ੍ਰੋ. ਬਡੂੰਗਰ ਨੇ 'ਗਾਵਹੁ ਸਚੀ ਬਾਣੀ ਭਾਗ ਦੂਸਰਾ' ਸਬੰਧੀ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਜਿਥੇ ਨੌਜਵਾਨ ਪੀੜ੍ਹੀ ਆਪਣੀ ਗੁਰਮਤਿ ਸੰਗੀਤ ਦੀ ਪ੍ਰਤਿਭਾ ਨੂੰ ਪੇਸ਼ ਕਰੇਗੀ, ਉਥੇ ਹੀ ਇਸ ਨਾਲ ਸਿੱਖ ਵਿਰਸੇ ਅਤੇ ਗੁਰਮਤਿ ਸੱਭਿਆਚਾਰ ਦਾ ਪ੍ਰਚਾਰ ਪ੍ਰਸਾਰ ਵੀ ਹੋਵੇਗਾ। ਪ੍ਰੋ. ਬਡੂੰਗਰ ਨੇ ਦੱਸਿਆ ਕਿ ਮੁੱਢਲੇ ਆਡੀਸ਼ਨ ਤਹਿਤ ਚਾਰ ਵੱਖ-ਵੱਖ ਥਾਵਾਂ 'ਤੇ ਕੀਰਤਨ ਕਰਨ ਵਾਲੇ ਵਿਸ਼ੇਸ਼ ਨੌਜਵਾਨ ਕੀਰਤਨੀਆਂ ਦੀ ਚੋਣ ਕਰ ਕੇ ਉਨ੍ਹਾਂ ਨੂੰ ਅੱਗੇ ਲਿਜਾਇਆ ਜਾਵੇਗਾ ਤੇ ਅਖੀਰ ਵਿਚ ਤਿੰਨ ਅੱਵਲ ਆਏ ਨੌਜਵਾਨਾਂ ਨੂੰ ਵੱਡੇ ਇਨਾਮ ਦਿੱਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਪਹਿਲੇ ਸਥਾਨ 'ਤੇ ਆਉਣ ਵਾਲੇ ਪ੍ਰਤੀਯੋਗੀ ਨੂੰ ਪੰਜ ਲੱਖ ਰੁਪਏ, ਦੂਸਰੇ ਨੂੰ ਤਿੰਨ ਲੱਖ ਰੁਪਏ ਅਤੇ ਤੀਸਰੇ ਸਥਾਨ 'ਤੇ ਆਉਣ ਵਾਲੇ ਕੀਰਤਨੀਏ ਨੂੰ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਅੱਜ ਦੇ ਆਡੀਸ਼ਨ ਵਿਚ ਲਗਭਗ 250 ਪ੍ਰਤੀਯੋਗੀਆਂ ਨੇ ਭਾਗ ਲਿਆ ਤੇ ਹਰੇਕ ਪ੍ਰਤੀਯੋਗੀ ਨੇ ਰਾਗ ਆਧਾਰਿਤ ਸ਼ਬਦ ਗਾਇਨ ਕਰ ਕੇ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਅਵਤਾਰ ਸਿੰਘ ਸੈਂਪਲਾ, ਸਿਮਰਜੀਤ ਸਿੰਘ ਮੀਤ ਸਕੱਤਰ, ਭਗਵੰਤ ਸਿੰਘ ਧੰਗੇੜਾ ਨਿੱਜੀ ਸਹਾਇਕ, ਮੈਨੇਜਰ ਗੁਰਦੀਪ ਸਿੰਘ ਕੰਗ, ਹਰਜੀਤ ਸਿੰਘ ਸਿੱਧੂਪੁਰ ਆਦਿ ਹਾਜ਼ਰ ਸਨ।
ਸਬਜ਼ੀ ਲੈਣ ਗਈ ਬੱਚੀ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼
NEXT STORY