ਮਾਛੀਵਾੜਾ ਸਾਹਿਬ (ਟੱਕਰ) : ਨੇੜਲੇ ਪਿੰਡ ਗੜ੍ਹੀ ਤਰਖਾਣਾ ਦੇ ਨੌਜਵਾਨ ਰਾਜਪਾਲ ਸਿੰਘ (23) ਨੇ ਲੰਘੀ 3 ਜੂਨ ਨੂੰ ਸਰਹਿੰਦ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਇਸ ਤਹਿਤ ਮਾਛੀਵਾੜਾ ਪੁਲਸ ਨੇ ਖੰਨਾ ਵਿਖੇ ਤਾਇਨਾਤ ਪੁਲਸ ਇੰਸਪੈਕਟਰ ਦਵਿੰਦਰ ਸਿੰਘ, ਉਸਦੀ ਭਰਜਾਈ ਕਾਂਸਟੇਬਲ ਰਜਿੰਦਰ ਕੌਰ ਅਤੇ 2 ਰਿਸ਼ਤੇਦਾਰ ਵਰਿੰਦਰ ਸਿੰਘ ਤੇ ਲੱਖੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੀੜਤ ਪਰਿਵਾਰ ਤੇ ਪਿੰਡ ਵਾਸੀਆਂ ਨੇ ਪਹਿਲਾਂ ਵੀ ਖੰਨਾ-ਨਵਾਂਸ਼ਹਿਰ ਹਾਈਵੇਅ ਜਾਮ ਕੀਤਾ ਸੀ, ਜਿਸ ’ਤੇ ਪੁਲਸ ਨੇ ਤੁਰੰਤ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿਵਾਇਆ ਸੀ। ਪੀੜਤ ਪਰਿਵਾਰ ਵੱਲੋਂ ਪੁਲਸ ਨੂੰ 4 ਦਿਨ ਦਾ ਸਮਾਂ ਦਿੱਤਾ ਗਿਆ ਸੀ ਪਰ ਕੋਈ ਵੀ ਦੋਸ਼ੀ ਗ੍ਰਿਫ਼ਤਾਰ ਨਾ ਹੋਣ ਕਾਰਨ ਅੱਜ ਭੜਕੇ ਪਿੰਡ ਵਾਸੀਆਂ ਨੇ ਮੁੜ ਖੰਨਾ-ਨਵਾਂਸ਼ਹਿਰ ਹਾਈਵੇਅ ਜਾਮ ਕਰ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਦੋਸ਼ੀ ਗ੍ਰਿਫ਼ਤਾਰ ਨਾ ਕੀਤੇ ਗਏ ਤਾਂ ਉਹ ਅਣਮਿੱਥੇ ਲਈ ਮਾਰਗ ਜਾਮ ਕਰ ਦੇਣਗੇ। ਅੱਜ ਪੀੜਤ ਪਰਿਵਾਰ ਤੇ ਪਿੰਡ ਵਾਸੀਆਂ ਵਲੋਂ ਲਗਾਏ ਧਰਨੇ ’ਚ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਵਿਸ਼ੇਸ਼ ਤੌਰ ’ਤੇ ਹਲਕਾ ਸਮਰਾਲਾ ਦੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਪੁੱਜੇ, ਜਿਨ੍ਹਾਂ ਨੇ ਪੁਲਸ ਪ੍ਰਸਾਸ਼ਨ ਦੀ ਢਿੱਲੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜਾਣ-ਬੁੱਝ ਕੇ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਉਕਤ ਆਗੂਆਂ ਨੇ ਕਿਹਾ ਕਿ ਖ਼ੁਦਕੁਸ਼ੀ ਕਰਨ ਵਾਲੇ ਰਾਜਪਾਲ ਸਿੰਘ ਤੇ ਉਸਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਉਹ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸਮਰਥਨ ਕਰਨਗੇ ਅਤੇ ਸੰਘਰਸ਼ ਨੂੰ ਤੇਜ਼ ਕਰਨ ਲਈ ਇੱਕ ਕਮੇਟੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੇ ਜਲਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ ਪਰਿਵਾਰ ਦਾ ਡਟ ਕੇ ਸਾਥ ਦਿੰਦੇ ਹੋਏ ਅਣਮਿੱਥੇ ਸਮੇਂ ਲਈ ਖੰਨਾ-ਨਵਾਂਸ਼ਹਿਰ ਹਾਈਵੇਅ ਜਾਮ ਕਰਨ ਦਾ ਜੋ ਪ੍ਰੋਗਰਾਮ ਉਲੀਕਿਆ ਹੈ। ਉਸ ਵਿਚ ਵਰਕਰਾਂ ਸਮੇਤ ਸ਼ਮੂਲੀਅਤ ਕਰਨਗੇ। ਇਸ ਮੌਕੇ ਸਾਬਕਾ ਪ੍ਰਧਾਨ ਲਾਲਾ ਮੰਗਤ ਰਾਏ, ਬਲਾਕ ਸੰਮਤੀ ਮੈਂਬਰ ਹਰਜੋਤ ਸਿੰਘ ਮਾਂਗਟ, ਐਡਵੋਕੇਟ ਗੁਰਜੀਤ ਸਿੰਘ ਮਿੱਠੇਵਾਲ, ਬਸਪਾ ਆਗੂ ਗੁਰਪ੍ਰੀਤ ਸਿੰਘ ਮਾਨ, ਕਰਮਜੀਤ ਸਿੰਘ ਹੇਡ਼ੀਆਂ ਵੀ ਮੌਜੂਦ ਸਨ।
ਪੁਲਸ ਦੇ ਉੱਚ ਅਧਿਕਾਰੀ ਇੰਸਪੈਕਟਰ ਤੇ ਕਾਂਸਟੇਬਲ ਨੂੰ ਬਚਾਉਣ ’ਚ ਲੱਗੇ
ਖ਼ੁਦਕੁਸ਼ੀ ਕਰਨ ਵਾਲੇ ਰਾਜਪਾਲ ਸਿੰਘ ਦੇ ਤਾਇਆ ਸਵਰਣ ਸਿੰਘ ਨੇ ਕਿਹਾ ਕਿ ਇਨਸਾਫ਼ ਲਈ ਉਨ੍ਹਾਂ ਪੁਲਸ ਦੇ ਉੱਚ ਅਧਿਕਾਰੀਆਂ ਤੱਕ ਗੁਹਾਰ ਲਗਾਈ ਪਰ ਉਨ੍ਹਾਂ ਨੂੰ ਧਮਕੀਆਂ ਮਿਲੀਆਂ ਕਿ ਉਲਟਾ ਉਨ੍ਹਾਂ ’ਤੇ ਪਰਚਾ ਦਰਜ ਕਰ ਦਿੱਤਾ ਜਾਵੇਗਾ। ਸਵਰਣ ਸਿੰਘ ਨੇ ਕਿਹਾ ਕਿ ਪੁਲਸ ਦੇ ਉੱਚ ਅਧਿਕਾਰੀ ਵਿਭਾਗ ਦੇ ਇੰਸਪੈਕਟਰ ਦਵਿੰਦਰ ਸਿੰਘ ਤੇ ਮਹਿਲਾ ਕਾਂਸਟੇਬਲ ਰਜਿੰਦਰ ਕੌਰ ਨੂੰ ਬਚਾਉਣ ’ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਅੱਜ ਪਿੰਡ ਗੜ੍ਹੀ ਤਰਖਾਣਾ ਦੇ ਵਾਸੀਆਂ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਉਨ੍ਹਾਂ ਦਾ ਡਟ ਕੇ ਸਾਥ ਦਿੱਤਾ ਅਤੇ ਜੇਕਰ ਪੁਲਸ ਨੇ ਫਿਰ ਵੀ ਕਥਿਤ ਦੋਸ਼ੀ ਗ੍ਰਿਫ਼ਤਾਰ ਨਾ ਕੀਤੇ ਤਾਂ ਸੰਘਰਸ਼ ਨੂੰ ਤੇਜ਼ ਕਰਦਿਆਂ ਖੰਨਾ-ਨਵਾਂਸ਼ਹਿਰ ਹਾਈਵੇਅ ’ਤੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਜਾਵੇਗਾ।
ਨਵਜੋਤ ਸਿੱਧੂ ਦੀ ਬਿਆਨਬਾਜ਼ੀ ਨੂੰ ਲੈ ਕੇ ਜਾਣੋ ਕੀ ਬੋਲੇ ‘ਹਰੀਸ਼ ਰਾਵਤ’
NEXT STORY